ਜਲੰਧਰ (27-08-2024): ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ 8 ਸਤੰਬਰ ਤੱਕ “ਕੌਮੀ ਅੱਖਾਂ ਦਾਨ ਪੰਦਰਵਾੜਾ” ਮਨਾਇਆ ਜਾ ਰਿਹਾ ਹੈ। ਡਾ. ਹਤਿੰਦਰ ਕੌਰ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਦੀ ਅਗਵਾਈ ਹੇਠ ਕਾਰਜਕਾਰੀ ਸਿਵਲ ਸਰਜਨ ਡਾ. ਜੋਤੀ ਸ਼ਰਮਾ ਅਤੇ ਮੈਡੀਕਲ ਸੁਪਰਡੈਂਟ ਡਾ. ਗੀਤਾ ਕਟਾਰੀਆ ਵੱਲੋਂ ਮੰਗਲਵਾਰ ਨੂੰ ਡਿਪਟੀ ਮੈਡੀਕਲ ਕਮਿਸ਼ਨਰ ਦਫ਼ਤਰ ਵਿਖੇ “ਕੌਮੀ ਅੱਖਾਂ ਦਾਨ ਪੰਦਰਵਾੜੇ” ਦੀ ਰਸਮੀ ਸ਼ੁਰੂਆਤ ਕੀਤੀ ਗਈ।
ਡਾ. ਹਤਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਖਾਂ ਦਾਨ ਮਹਾਂ ਦਾਨ ਹੈ, ਕੋਈ ਵੀ ਵਿਅਕਤੀ ਜੀਵਨ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਨੇਤਰਹੀਨ ਵਿਅਕਤੀ ਦੀ ਜਿੰਦਗੀ ਨੂੰ ਰੋਸ਼ਨ ਕਰ ਸਕਦਾ ਹੈ। ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟੇ ਦੇ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ। ਅੱਖਾ ਦਾਨ ਕਰਨ ਨਾਲ ਇਕ ਇਨਸਾਨ ਦੋ ਇਨਸਾਨਾਂ ਨੂੰ ਰੋਸ਼ਨੀ ਦੇ ਸਕਦਾ ਹੈ। ਉਨ੍ਹਾਂ ਅੱਖਾਂ ਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਖਾਂ ਦਾਨ ਕਰਨ ਲਈ ਆਪਣੇ ਨੇੜੇ ਦੇ ਆਈ ਬੈਂਕ ਨਾਲ ਰਾਬਤਾ ਕਾਈਮ ਕੀਤਾ ਜਾ ਸਕਦਾ ਹੈ। ਇਸ ਮੌਕੇ ਅੱਖਾਂ ਦਾਨ ਪੰਦਰਵਾੜੇ ਸੰਬੰਧੀ ਜਾਗਰੂਕਤਾ ਬੈਨਰ ਅਤੇ ਪੋਸਟਰ ਵੀ ਰੀਲੀਜ਼ ਕੀਤਾ ਗਿਆ।
ਡਾ. ਜੋਤੀ ਸ਼ਰਮਾ ਅਤੇ ਡਾ. ਗੀਤਾ ਕਟਾਰੀਆ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਅੱਖਾਂ ਦਾਨ ਕਰਨ ਪ੍ਰਤੀ ਪ੍ਰੋਤਸਾਹਿਤ ਕਰਨਾ ਹੈ। ਘੱਟ ਦ੍ਰਿਸ਼ਟੀ ਜਾਂ ਦੂਰ ਦ੍ਰਿਸ਼ਟੀ ਲਈ ਲੈਂਸ ਜਾਂ ਚਸ਼ਮੇ ਦਾ ਪ੍ਰਯੋਗ ਕਰਨ ਵਾਲਾ ਵਿਅਕਤੀ ਜਾਂ ਜਿਨ੍ਹਾਂ ਲੋਕਾਂ ਦੀ ਅੱਖਾਂ ਦੀ ਸਰਜਰੀ ਹੋਈ ਹੋਵੇ, ਉਹ ਸਾਰੇ ਅੱਖਾਂ ਦਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਏਡਜ਼, ਪੀਲੀਆ, ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਆਦਿ ਵਿੱਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ ਹਨ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਐਸ.ਐਮ.ਓ. ਆਈ. ਮੋਬਾਈਲ ਯੂਨਿਟ ਡਾ. ਗੁਰਪ੍ਰੀਤ ਕੌਰ, ਏ.ਐਚ.ਓ. ਸੱਤਜੀਤ ਕੌਰ, ਜਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਬਲਜੀਤ ਕੌਰ ਰੂਬੀ, ਐਸ.ਐਮ.ਓ. ਡਾ. ਸਤਿੰਦਰ ਬਜਾਜ, ਐਸ.ਐਮ.ਓ. ਪੀ.ਪੀ.ਯੂਨਿਟ ਡਾ. ਮੀਰਾ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਅਤੇ ਹੌਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।