ਫਗਵਾੜਾ ( ) ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਸਟੇਟ ਅਤੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਜੀ ਦੀ ਅਗਵਾਈ ਵਿੱਚ 39ਵੇਂ ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦਰਵਾੜੇ ਦਾ ਰਸਮੀ ਸਮਾਗਮ ਡਾਕਟਰ ਰਮੇਸ਼ ਆਈ ਹਸਪਤਾਲ ਵਿੱਚ ਕਰਵਾਇਆ ਗਿਆ ।
ਅਸ਼ੋਕ ਮਹਿਰਾ ਜੀ ਨੇ ਦੱਸਿਆ ਕਿ ਉਹਨਾਂ ਵਲੋਂ ਪੁਨਰਜੋਤ ਟੀਮ ਦੇ ਨਾਲ ਪੰਦਰਾਂ ਦਿਨ ਲੋਕਾਂ ਨੂੰ ਅੱਖਾਂ ਦਾਨ ਦੀ ਲੋੜ ਕਿਉਂ ਹੈ , ਅੱਖਾਂ ਕੌਣ ਦਾਨ ਕਰ ਸਕਦਾ ਹੈ , ਅੱਖਾਂ ਕਿੱਥੇ ਦਾਨ ਹੋ ਸਕਦੀਆਂ ਹਨ ਅਤੇ ਜੇਕਰ ਕਿਸੇ ਦੀਆਂ ਪੁਤਲੀਆਂ ਖਰਾਬ ਹੋ ਜਾਣ ਤਾਂ ਉਹ ਆਈ ਬੈਂਕ ਜਾਂ ਟਰਾਂਸਪਲਾਂਟ ਸੈਂਟਰ ਨਾਲ ਕਿਵੇਂ ਸੰਪਰਕ ਕਰਕੇ ਪੁਤਲੀ ਬਦਲਾ ਸਕਦਾ ਹੈ ਬਾਰੇ ਜਾਗਰੂਕ ਕੀਤਾ ਗਿਆ ।
ਇਸ ਪੰਦਰਵਾੜੇ ਦੌਰਾਨ ਫਗਵਾੜਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ , ਨਕੋਦਰ , ਲੁਧਿਆਣਾ , ਸੰਗਰੂਰ , ਮਸਤੂਆਣਾ ਸਹਿਬ , ਧੂਰੀ , ਬੰਗਾ , ਸੁਨਾਮ , ਸ਼ਾਹਕੋਟ , ਮਹਿਤਪੁਰ , ਮਲੇਰਕੋਟਲਾ ਅਤੇ ਮੋਹਾਲੀ ਵਿੱਚ ਸਕੂਲਾਂ , ਕਾਲਜਾਂ , ਪੁਲਿਸ ਨਾਕਿਆਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਸੈਮੀਨਾਰ ਕਰਕੇ ਵਿਦਿਆਰਥੀਆਂ ,ਆਸ਼ਾ ਵਰਕਰਾਂ , ਨਰਸਾਂ , ਪੋਸਟ ਮਾਰਟਮ ਸਟਾਫ਼ ਅਤੇ ਅਧਿਆਪਕਾਂ ਨੂੰ ਅੱਖਾਂ ਦਾਨ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
ਮਹਿਰਾ ਜੀ ਨੇ ਦੱਸਿਆ ਕਿ ਦੁਨੀਆਂ ਵਿੱਚ 4 ਕਰੋੜ ਦੇ ਲੱਗਭੱਗ ਨੇਤਰਹੀਣ ਹਨ ਅਤੇ ਭਾਰਤ ਵਿੱਚ ਡੇਢ ਕਰੋੜ ਦੇ ਲੱਗਭੱਗ ਨੇਤਰਹੀਣ ਰਹਿੰਦੇ ਹਨ ।
ਇਹਨਾਂ ਵਿੱਚੋਂ 20ਲੱਖ ਦੇ ਕਰੀਬ ਨੇਤਰਹੀਣ ਪੁਤਲੀ ਖਰਾਬ ਹੋਣ ਕਰਕੇ ਇਹ ਰੰਗਲੀ ਦੁਨੀਆਂ ਨਹੀਂ ਦੇਖ ਸਕਦੇ ।
ਭਾਰਤ ਵਿੱਚ ਹਰ ਸਾਲ 90 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ ਕਰੋੜ ਅੱਸੀ ਲੱਖ ਅੱਖਾਂ ਜਾਂ ਤਾਂ ਸੜ ਕੇ ਸੁਆਹ ਹੋ ਜਾਂਦੀਆਂ ਹਨ ਜਾਂ ਮਿੱਟੀ ਹੋ ਜਾਂਦੀਆਂ ਹਨ । ਮੌਤ ਤੋਂ ਬਾਅਦ ਅੱਖਾਂ 6-8 ਘੰਟੇ ਤੱਕ ਜਿਊਂਦੀਆਂ ਹੁੰਦੀਆਂ ਹਨ ਅਤੇ ਜੇਕਰ ਸਮੇਂ ਸਿਰ ਦਾਨ ਹੋ ਜਾਣ ਤਾਂ ਘੱਟੋ ਘੱਟ ਦੋ ਪੁਤਲੀਆਂ ਦੇ ਮਰੀਜ਼ਾਂ ਨੂੰ ਰੌਸ਼ਨੀ ਮਿਲ ਸਕਦੀ ਹੈ ।
ਦੋ ਸਾਲ ਦੇ ਬੱਚੇ ਤੋਂ ਲੈ ਕੇ ਲੰਬੀ ਉਮਰ ਦੇ ਬਜ਼ੁਰਗਾਂ ਦੀਆਂ ਅੱਖਾਂ ਦਾਨ ਹੋ ਸਕਦੀਆਂ ਹਨ ।
ਕਿਸੇ ਦੇ ਐਨਕ ਲੱਗੀ ਹੋਵੇ ਜਾਂ ਚਿੱਟੇ ਮੋਤੀਏ ਦਾ ਆਪਰੇਸ਼ਨ ਹੋਇਆ ਹੋਵੇ ਤਾਂ ਵੀ ਅੱਖਾਂ ਦਾਨ ਹੋ ਸਕਦੀਆਂ ਹਨ ।
ਸ਼ੂਗਰ , ਦਮਾ ਅਤੇ ਬਲੱਡ ਪਰੈਸ਼ਰ ਵਾਲੇ ਮਰੀਜ਼ਾਂ ਦੀਆਂ ਅੱਖਾਂ ਵੀ ਮਰਨ ਤੋਂ ਬਾਅਦ ਦਾਨ ਹੋ ਸਕਦੀਆਂ ਹਨ ।
ਅੱਖਾਂ ਸਿਰਫ਼ ਮੌਤ ਤੋਂ ਬਾਅਦ ਹੀ ਦਾਨ ਹੁੰਦੀਆਂ ਹਨ ਅਤੇ ਆਈ ਬੈਂਕ ਦੇ ਡਾਕਟਰਾਂ ਦੀ ਟੀਮ ਘਰੇਲੂ ਮੌਤ ਤੋਂ ਬਾਅਦ ਘਰ ਤੋਂ ਵੀ ਅੱਖਾਂ ਲੈ ਕੇ ਜਾ ਸਕਦੀ ਹੈ । ਆਈ ਬੈਂਕ ਦੀ ਟੀਮ ਨੂੰ ਅੱਖਾਂ ਲੈਣ ਲਈ 20 ਕੁ ਮਿੰਟ ਦਾ ਸਮਾਂ ਲਗਦਾ ਹੈ ।
ਮਹਿਰਾ ਜੀ ਨੇ ਦੱਸਿਆ ਕਿ ਪੁਤਲੀ ਦੀ ਨੇਤਰਹੀਣਤਾ ਦਾ ਇਲਾਜ ਵੀ ਹੈ ਤੇ ਸਾਡੇ ਦੇਸ਼ ਵਿੱਚ ਹਰ ਸਾਲ ਕਰੋੜਾ ਅੱਖਾਂ ਉਪਲਬਧ ਵੀ ਹੁੰਦੀਆਂ ਹਨ ਪਰ ਜਾਗਰੂਕਤਾ ਨਾ ਹੋਣ ਕਾਰਨ ਲੱਖਾਂ ਲੋਕ ਪੁਤਲੀ ਟਰਾਂਸਪਲਾਂਟ ਦੀ ਉਡੀਕ ਵਿੱਚ ਕਈ ਸਾਲਾਂ ਤੋਂ ਹਨੇਰੇ ਵਿੱਚ ਬੈਠੇ ਹਨ । ਪੁਨਰਜੋਤ ਆਈ ਬੈਂਕ ਦੇ ਡਾਕਟਰ ਰਮੇਸ਼ ਅਤੇ ਸੈਕਟਰੀ ਸੁਭਾਸ਼ ਮਲਿਕ ਜੀ ਦੀ ਅਗਵਾਈ ਵਿੱਚ
ਅਸ਼ੋਕ ਮਹਿਰਾ ਅਤੇ ਪੁਨਰਜੋਤ ਟੀਮ ਵਲੋਂ ਟੀ.ਵੀ , ਰੇਡੀਓ , ਅਖਬਾਰਾਂ , ਰੈਲੀਆਂ ਅਤੇ ਸੈਮੀਨਾਰਾਂ ਦੇ ਮਾਧਿਅਮ ਰਾਹੀਂ ਲੱਖਾਂ ਲੋਕਾਂ ਨੂੰ ਜਾਗਰੂਕ ਕਰਕੇ ਅੱਖਾਂ ਦਾਨ ਦੇ ਪ੍ਣ ਕਰਵਾਏ ਜਾ ਚੁੱਕੇ ਹਨ ।
ਡਾਕਟਰ ਰਮੇਸ਼ ਜੀ ਵਲੋਂ ਪੁਨਰਜੋਤ ਆਈ ਬੈਂਕ ਲੁਧਿਆਣਾ ਨੂੰ ਦਾਨ ਵਿੱਚ ਮਿਲੀਆਂ ਅੱਖਾਂ ਨਾਲ 6000 ਦੇ ਕਰੀਬ ਮੁਫ਼ਤ ਕੋਰਨੀਅਲ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ । ਇਸ ਮੌਕੇ ਸੁਭਾਸ਼ ਮਲਿਕ ਜੀ ਵਲੋਂ ਅੱਖ ਦਾਨੀ ਪਰਿਵਾਰਾਂ ਨੂੰ ਸਲਾਮ ਕਰਦਿਆਂ ਪੁਨਰਜੋਤ ਕੋਆਰਡੀਨੇਟਰਾਂ ਦਾ ਹਨੇਰੇ ਤੋਂ ਚਾਨਣ ਵਲ ਮਿਸ਼ਨ ਨੂੰ ਸਫ਼ਲ ਬਨਾਉਣ ਲਈ ਧੰਨਵਾਦ ਕੀਤਾ ਗਿਆ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।