
ਲਾਇਲਪੁਰ ਖਾਲਸਾ ਕਾਲਜ ਜਲੰਧਰ ਹਮੇਸ਼ਾਂ ਅਕਾਦਮਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਲਈ ਵਚਨਬੱਧ ਹੈ। ਇਸੇ ਗੱਲ ਨੂੰ ਮੁੱਖ ਰੱਖਦਿਆਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ ਕਾਲਜ ਕੈਂਪਸ ਵਿੱਚ ਵਿਸ਼ਵ ਏਡਜ਼ ਦਿਵਸ ਮੌਕੇ ਐਚ.ਆਈ.ਵੀ. ਏਡਜ਼ ਸਬੰਧੀ ਜਾਗਰੂਕਤਾ ਫੈਲਾਉਣ ਲਈ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਸੰਦੇਸ਼ ‘ਚ ਦੱਸਿਆ ਕਿ ਏਡਜ਼ ਲੋਕਾਂ ਨੂੰ ਅਦ੍ਰਿਸ਼ ਤਰੀਕੇ ਨਾਲ ਖਤਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਖਤਰਨਾਕ ਵਾਇਰਸ ਤੋਂ ਬਚਣ ਲਈ ਜਾਗਰੂਕਤਾ ਸਭ ਤੋਂ ਵਧੀਆ ਤਰੀਕਾ ਹੈ। ਉਨ੍ਹਾਂ ਨੌਜਵਾਨਾਂ ਨੂੰ ਇਸ ਵਾਇਰਸ ਤੋਂ ਸਾਵਧਾਨ ਰਹਿਣ, ਦੂਜਿਆਂ ਨੂੰ ਵੀ ਜਾਗਰੂਕ ਕਰਨ ਅਤੇ ਐੱਚ.ਆਈ.ਵੀ. ਪੀੜਤਾਂ ਨਾਲ ਵਿਤਕਰਾ ਨਾ ਕਰਨ ਦੀ ਸਲਾਹ ਦਿੱਤੀ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਕੈਂਪਸ ਵਿੱਚ ਸੰਪੂਰਨ ਸੁਰੱਖਿਆ ਕੇਂਦਰ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਐੱਚ.ਆਈ.ਵੀ. ਏਡਜ਼ ਦੇ ਕਾਰਨਾਂ ਅਤੇ ਨਤੀਜਿਆਂ ਤੋਂ ਜਾਣੂ ਕਰਵਾਉਣ ਲਈ ਨੁੱਕੜ ਨਾਟਕ ਖੇਡਿਆ ਗਿਆ। ਨਾਟਕ ਰਾਹੀਂ ਪੀੜਤਾਂ ਨਾਲ ਵਿਤਕਰਾ ਨਾ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਸਮਾਗਮ ਦੌਰਾਨ ਐਨ.ਐਸ.ਐਸ. ਵਲੰਟੀਅਰਾਂ ਨੇ ਐਚ.ਆਈ.ਵੀ. ਏਡਜ਼ ਸਬੰਧੀ ਜਾਗਰੂਕਤਾ ਕਰਨ ਦੇ ਸੰਦੇਸ਼ iੰਦੰਦੇ ਪੋਸਟਰ ਲੋਕਾਂ ਨੂੰ ਦਿਖਾਏ ਗਏ। ਇਸ ਸਮਾਗਮ ਲਈ ਪੀ.ਓ. ਪ੍ਰੋ. ਸਰਬਜੀਤ ਸਿੰਘ, ਮਿਸ ਈਸ਼ਾ ਗੁਪਤਾ, ਸ੍ਰੀ ਨੀਟੂ ਸ਼ਰਮਾ, ਸ੍ਰੀ ਸੰਦੀਪ ਪਾਲ, ਸਿਵਲ ਹਸਪਤਾਲ ਜਲੰਧਰ ਤੋਂ ਸ੍ਰੀ ਕਮਲਜੀਤ ਅਤੇ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਤੋਂ ਸ੍ਰੀ ਦਲਜੀਤ ਸਿੰਘ ਸੋਨਾ ਨੇ ਸਹਿਯੋਗ ਦਿੱਤਾ। ਇਸ ਮੌਕੇ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।