ਜਲੰਧਰ(14.02.2025): ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਵਿਖੇ “ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ” ਸੰਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸਦਾ ਮਕਸਦ ਬੱਚਿਆਂ ਵਿੱਚ ਹੋਣ ਵਾਲੇ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਦੇ ਮੱਦੇਨਜਰ ਨਰਸਿੰਗ ਵਿਦਿਆਰਥਣਆਂ ਨੂੰ ਸਿੱਖਿਅਤ ਕਰਨ ਲਈ ਸ੍ਰੀਮਨ ਹਸਪਤਾਲ ਜਲੰਧਰ ਤੋਂ ਕੈਂਸਰ ਸਪੈਸ਼ਲਿਸਟ ਓਨਕੋਲੋਜਿਸਟ ਡਾ. ਮੈਥਿਲੀ ਸ਼ਰਮਾ ਵੱਲੋਂ ਸੈਮਿਨਾਰ ਵਿੱਚ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ ਗਈ।
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਦੱਸਿਆ ਗਿਆ ਕਿ ਕੈਂਸਰ ਵਰਗੀ ਮਾਰੂ ਬਿਮਾਰੀ ਦੇ ਮਾਮਲੇ ਜਿੱਥੇ ਵੱਡੀ ਉਮਰ ਦੇ ਵਿਅਕਤੀਆਂ ਵਿੱਚ ਜਿਆਦਾ ਪਾਏ ਜਾਂਦੇ ਹਨ ਉੱਥੇ ਹੁਣ ਬੱਚਿਆਂ ਵਿੱਚ ਵੀ ਇਹ ਬਿਮਾਰੀ ਹੋਣਾ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਬਚਪਨ ਦਾ ਕੈਂਸਰ ਇਲਾਜਯੋਗ ਹੈ, ਜੇਕਰ ਮੁੱਢਲੀ ਸਟੇਜ ‘ਤੇ ਸਮੇਂ ਰਹਿੰਦਿਆਂ ਜਾਂਚ ਕਰ ਲਈ ਜਾਵੇ ਤਾਂ ਜਿਆਦਾਤਰ ਕੇਸ ਠੀਕ ਹੋ ਸਕਦੇ ਹਨ। ਇਸ ਲਈ ਬੱਚਿਆਂ ਵਿੱਚ ਕੈਂਸਰ ਪ੍ਰਤੀ ਮਾਪਿਆਂ ਨੂੰ ਸਚੇਤ ਹੋਣ ਦੀ ਲੋੜ ਹੈ ਤਾਂ ਜੋ ਉਹ ਅਜਿਹੇ ਲੱਛਣ ਦਿਸਣ ‘ਤੇ ਤੁਰੰਤ ਡਾਕਟਰੀ ਸਲਾਹ ਲੈ ਸਕਣ।
ਓਨਕੋਲੋਜਿਸਟ ਡਾ. ਮੈਥਿਲੀ ਸ਼ਰਮਾ ਨੇ ਬੱਚਿਆਂ ਵਿੱਚ ਹੋਣ ਵਾਲੇ ਕੈਂਸਰ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਵਿੱਚ ਲਿਊਕੇਮੀਆ, ਦਿਮਾਗ ਦਾ ਕੈਂਸਰ, ਠੋਸ ਟਿਊਮਰ ਅਤੇ ਹੱਡੀਆਂ ਦਾ ਕੈਂਸਰ ਆਦਿ ਆਮ ਤੌਰ ‘ਤੇ ਪਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਖ ਦੇ ਵਿੱਚ ਚਿੱਟੇ ਨਿਸ਼ਾਨ, ਅੱਖਾਂ ਦਾ ਟੇਢਾਪਨ, ਅਚਾਨਕ ਅੱਖਾਂ ਦਾ ਉਭਰਨਾ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਗੱਠ, ਅਚਾਨਕ ਬੁਖਾਰ, ਲਗਾਤਾਰ ਖਾਂਸੀ, ਸਵੇਰ ਸਮੇਂ ਤੇਜ ਸਿਰ ਦਰਦ ਅਤੇ ਉਲਟੀ ਆਉਣਾ, ਹੱਡੀਆਂ ਵਿੱਚ ਅਚਾਨਕ ਦਰਦ ਅਤੇ ਸੋਜ ਆਦਿ ਬੱਚਿਆਂ ਵਿੱਚ ਕੈਂਸਰ ਦੇ ਲੱਛਣ ਹੋ ਸਕਦੇ ਹਨ ਅਤੇ ਇਨ੍ਹਾਂ ਲੱਛਣਾ ਪ੍ਰਤੀ ਮਾਪਿਆਂ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ ਹੈ। ਇਸ ਦੀ ਸਮੇਂ ਸਿਰ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਕੈਂਸਰ ਹੋਣ ਦੀ ਸੂਰਤ ਵਿੱਚ ਇਸ ਦਾ ਇਲਾਜ ਤੁਰੰਤ ਸ਼ੁਰੂ ਕਰਵਾਉਣਾ ਚਾਹੀਦਾ ਹੈ। ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਬੱਚਿਆਂ ਦੇ ਵਿੱਚ ਪਾਏ ਜਾਣ ਵਾਲੇ ਕੈਂਸਰ ਬਾਰੇ ਜਾਣਕਾਰੀ ਸਾਂਝਾ ਕੀਤੀ ਗਈ।
ਸੈਮੀਨਾਰ ਦੇ ਅਖੀਰ ਵਿੱਚ ਸਿਵਲ ਸਰਜਨ ਡਾ. ਗੁਰਮੀਤ ਲਾਲ ਅਤੇ ਓਨਕੋਲੋਜਿਸਟ ਡਾ. ਮੈਥਿਲੀ ਸ਼ਰਮਾ ਵੱਲੋਂ ਨਰਸਿੰਗ ਵਿਦਿਆਰਥਣਾਂ ਵੱਲੋਂ ਪ੍ਰਦਰਸ਼ਿਤ ਕੀਤੇ ਗਏ ਕੈਂਸਰ ਜਾਗਰੂਕਤਾ ਪੋਸਟਰਾਂ ਨੂੰ ਵਾਚਿਆ ਗਿਆ। ਇਸ ਦੌਰਾਨ ਉਨ੍ਹਾਂ ਨਾਲ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਪ੍ਰਿੰਸਿਪਲ ਸਤਵਿੰਦਰ ਕੌਰ ਵੀ ਮੌਜੂਦ ਸਨ। ਇਸ ਦੌਰਾਨ ਨਰਸਿੰਗ ਵਿਦਿਆਰਥਣ ਰੁਪਿੰਦਰ ਕੌਰ ਵੱਲੋਂ ਬਣਾਏ ਗਏ ਬੱਚਿਆਂ ਵਿੱਚ ਪਾਏ ਜਾਣ ਵਾਲੇ ਕੈਂਸਰ ਪ੍ਰਤੀ ਜਾਗਰੂਕਤਾ ਸੰਦੇਸ਼ ਨੂੰ ਪ੍ਰਦਰਸ਼ਿਤ ਕਰਦੇ ਚਾਰਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਿਵਲ ਸਰਜਨ ਵੱਲੋਂ ਨਰਸਿੰਗ ਵਿਦਿਆਰਥਣਾਂ ਵੱਲੋਂ ਪ੍ਰਦਰਸ਼ਿਤ ਚਾਰਟਾਂ ਨੂੰ ਵਾਚਣ ਉਪਰੰਤ ਉਨ੍ਹਾਂ ਸਰਾਹਿਆ ਗਿਆ ਅਤੇ ਹੋਰ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।