ਜਲੰਧਰ (28.08.2024): ਸਿਵਲ ਸਰਜਨ (ਕਾਰਜਕਾਰੀ) ਡਾ. ਜਯੋਤੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਐਮ.ਓ. ਆਈ ਮੋਬਾਈਲ ਯੂਨਿਟ ਡਾ. ਗੁਰਪ੍ਰੀਤ ਕੌਰ ਦੀ ਦੇਖਰੇਖ ਹੇਠ ਨੈਸ਼ਨਲ ਬਲਾਈਂਡਨੈੱਸ ਕੰਟਰੋਲ ਪ੍ਰੋਗਰਾਮ ਤਹਿਤ 39ਵਾਂ “ਕੌਮੀ ਅੱਖਾਂ ਦਾਨ ਪੰਦਰਵਾੜਾ” 25 ਅਗਸਤ ਤੋਂ 8 ਸਤੰਬਰ 2024 ਤੱਕ ਮਨਾਇਆ ਜਾ ਰਿਹਾ ਹੈ। ਇਸਦੇ ਮੱਦੇਨਜਰ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ (ਸ.ਕੰ.ਸ.ਸ.) ਸਕੂਲ ਵਿਖੇ ਬੁੱਧਵਾਰ ਨੂੰ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਗੁਰਵਿੰਦਰ ਖੋਸਾ ਅਤੇ ਸਕੂਲ ਇੰਚਾਰਜ ਰਜਿੰਦਰ ਕੌਰ ਦੀ ਅਗਵਾਈ ਹੇਠ ਅੱਖਾਂ ਦਾਨ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦੌਰਾਨ ਡਾ. ਗੁਰਵਿੰਦਰ ਖੋਸਾ ਵੱਲੋਂ ਸਕੂਲੀ ਵਿਦਿਆਰਥਣਾਂ ਨੂੰ ਅੱਖਾਂ ਦਾਨ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ ਤਾਂ ਜੋ ਸਮਾਜ ਨੂੰ ਅੱਖਾਂ ਦਾਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦਾ ਮੁੱਖ ਮਕਸਦ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਅੱਖਾਂ ਦਾਨ ਕਰਨ ਪ੍ਰਤੀ ਪ੍ਰੋਤਸਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦਾ ਦਾਨ ਮੌਤ ਤੋਂ ਬਾਅਦ 6 ਘੰਟੇ ਦੇ ਅੰਦਰ ਕੀਤਾ ਜਾ ਸਕਦਾ ਹੈ। ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਅੱਖਾਂ ਦਾਨ ਕਰਨ ਦੀ ਜਾਣਕਾਰੀ ਹਸਪਤਾਲ ਨੂੰ ਦੇਣੀ ਪੈਂਦੀ ਹੈ। ਅੱਖਾਂ ਦਾ ਡਾਕਟਰ ਉਨ੍ਹਾਂ ਦੇ ਘਰ ਜਾ ਕੇ ਅੱਖ ਦਾ ਕੋਰਨੀਆ ਕੱਢਦਾ ਹੈ। ਅੱਖਾਂ ਦਾਨ ਕਰਨ ਦੇ ਇੱਛੁਕ ਵਿਅਕਤੀ ਆਪਣੇ ਨੇੜੇ ਦੇ ਆਈ ਬੈਂਕ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਜਿਸ ਵਿਅਕਤੀ ਨੂੰ ਐਨਕਾਂ ਲੱਗਿਆਂ ਹਨ ਉਹ ਵੀ ਅੱਖਾਂ ਦਾਨ ਕਰ ਸਕਦਾ ਹੈ। ਕੈਂਸਰ, ਹੈਪੇਟਾਈਟਸ, ਏਡਜ਼, ਰੇਬੀਜ਼, ਟੈਟਨਸ ਆਦਿ ਦੀ ਲਾਗ ਤੋਂ ਪੀੜਤ ਲੋਕ ਅੱਖਾਂ ਦਾਨ ਨਹੀਂ ਕਰ ਸਕਦੇ।
ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਤਰਸੇਮ ਲਾਲ ਵੱਲੋਂ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਨੇਤਰਹੀਨ ਵਿਅਕਤੀ ਦੀ ਜਿੰਦਗੀ ਨੂੰ ਰੋਸ਼ਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਆਕਤੀ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਆਪਣੀਆਂ ਅੱਖਾਂ ਦਾਨ ਕਰੇ ਤਾਂ ਜੋ ਅੰਨ੍ਹੇਪਣ ਦੇ ਸ਼ਿਕਾਰ ਲੋਕਾਂ ਦਾ ਭਲਾ ਹੋ ਸਕੇ। ਲੋੜ ਹੈ ਅੰਨੇਪਣ ਦੇ ਸ਼ਿਕਾਰ ਲੋਕਾਂ ਦੀ ਸਥਿਤੀ ਨੂੰ ਸਮਝ ਕੇ ਮਰਨ ਉਪਰੰਤ ਅੱਖਾਂ ਦਾਨ ਕਰਨ ਦੀ, ਤਾਂ ਜੋ ਇਸ ਬੀਮਾਰੀ ਨਾਲ ਗ੍ਰਸਤ ਲੋਕ ਕੁਦਰਤ ਦੀ ਬਣਾਈ ਇਸ ਦੁਨੀਆਂ ਦਾ ਆਨੰਦ ਮਾਣ ਸਕਣ।
ਸਕੂਲ ਇੰਚਾਰਜ ਮੈਡਮ ਰਜਿੰਦਰ ਕੌਰ ਵੱਲੋਂ ਵਿਦਿਆਰਥਣਾਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਖਾਂ ਦਾਨ ਸੰਬੰਧੀ ਦਿੱਤੀ ਜਾਣਕਾਰੀ ਨੂੰ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਫੈਲਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਮੈਡਮ ਸਤਵਿੰਦਰ ਕੌਰ, ਜਯੋਤੀ ਖੰਨਾ, ਮਮਤਾ ਰਾਣੀ ਮੌਜੂਦ ਸਨ।

ਫੋਟੋ (1) ਜਾਗਰੂਕਤਾ ਸੈਮੀਨਾਰ ਦੌਰਾਨ ਡਾ. ਗੁਰਵਿੰਦਰ ਖੋਸਾ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ।
(2,3) ਜਾਗਰੂਕਤਾ ਸੈਮੀਨਾਰ ਦੌਰਾਨ ਡਾ. ਗੁਰਵਿੰਦਰ ਖੋਸਾ ਅਤੇ ਸਿਹਤ ਵਿਭਾਗ ਦੀ ਟੀਮ ਸਕੂਲ ਇੰਚਾਰਜ ਮੈਡਮ ਰਜਿੰਦਰ ਕੌਰ ਨਾਲ ਅੱਖਾਂ ਦਾਨ ਸੰਬੰਧੀ ਜਾਗਰੂਕਤਾ ਪੋਸਟਰ ਵਿੱਚ ਦਿੱਤੀ ਜਾਣਕਾਰੀ ਨਾਲ ਮੌਜੂਦ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕਰਦੇ ਹੋਏ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।