ਅੰਮ੍ਰਿਤਸਰ,12 ਅਗਸਤ ( )- ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ.) ਦੀ ਅੰਮ੍ਰਿਤਸਰ ਇਕਾਈ ਦੀ ਇੱਕ ਵਿਸ਼ੇਸ਼ ਜਿਲ੍ਹਾ ਪੱਧਰੀ ਮੀਟਿੰਗ ਅੱਜ ਜਿਲ੍ਹਾ ਸਿੱਖਿਆ ਦਫਤਰ (ਐਲੀ.) ਵਿਖੇ ਹੋਈ। ਜਿਸ ਦੌਰਾਨ ਜਥੇਬੰਦੀ ਵੱਲੋਂ 21 ਅਗਸਤ ਨੂੰ ਸਿੱਖਿਆ ਮੰਤਰੀ ਦੇ ਹਲਕੇ ਅੰਦਰ ਇੱਕ ਵਿਸ਼ਾਲ ਕਨਵੈਨਸ਼ਨ ਕਰਨ ਉਪਰੰਤ ਕੱਢੀ ਜਾ ਰਹੀ ਰੋਸ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਕੰਨਵੈਨਸ਼ਨ ਤੇ ਰੋਸ ਰੈਲੀ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਤੇ ਬਲਾਕ ਪੱਧਰੀ ਅਧਿਆਪਕ ਆਗੂਆਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਪ੍ਰਮੁੱਖ ਸੂਬਾ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਸਾਂਝੇ ਤੌਰ ਤੇ ਦੱਸਿਆ ਕਿ ਈ.ਟੀ.ਯੂ. ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ‘ਚ ਅਧਿਆਪਕਾਂ,ਸਕੂਲਾਂ ਤੇ ਵਿਦਿਆਰਥੀਆਂ ਦੇ ਮਸਲਿਆਂ ਨਾਲ-ਨਾਲ ਸਿੱਖਿਆ ਨਾਲ ਸਬੰਧਿਤ ਸਮੱਸਿਆਵਾਂ ਵੱਲ ਸਿੱਖਿਆ ਮੰਤਰੀ ਦੇ ਧਿਆਨ ਦਵਾ ਕੇ ਉਨ੍ਹਾਂ ਦਾ ਪੱਕਾ ਹੱਲ ਕਰਵਾਉਣ ਲਈ 21 ਅਗਸਤ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਹੋ ਰਹੀ ਕਨਵੈਨਸ਼ਨ ਦੀਆਂ ਤਿਆਰੀਆਂ ਦੀ ਸਾਰੀ ਰੂਪ ਰੇਖਾ ਉਲੀਕ ਕੇ ਇਸ ਸਬੰਧੀ ਜਿਲ੍ਹਾ ਤੇ ਬਲਾਕ ਪੱਧਰੀ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਤੋਂ ਆਨੰਦਪੁਰ ਸਾਹਿਬ ਕੰਨਵੈਨਸ਼ਨ ਲਈ ਵੱਡੀ ਗਿਣਤੀ ‘ਚ ਐਲੀਮੈਂਟਰੀ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਸਾਰੀਆਂ ਤਹਿਸੀਲਾਂ ਤੋਂ ਬੱਸਾਂ ਚਲਵਾਉਣ ਦਾ ਪ੍ਰਬੰਧ ਕੀਤਾ ਗਿਆ।
ਇਸ ਮੀਟਿੰਗ ਉਪਰੰਤ ਜਥੇਬੰਦੀ ਵੱਲੋਂ ਜਿਲ੍ਹੇ ਦੀਆਂ ਹੈੱਡਟੀਚਰ /ਸੈਂਟਰ ਹੈੱਡਟੀਚਰ ਪ੍ਰਮੋਸ਼ਨਾ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਰਾਜੇਸ਼ ਕੁਮਾਰ ਨੂੰ ਵੀ ਮਿਲ ਕੇ ਪ੍ਰਮੋਸ਼ਨਾਂ ਸੰਬੰਧੀ ਗੱਲਬਾਤ ਕੀਤੀ। ਜਿਸ ਤੇ ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਪ੍ਰੋਮੋਸ਼ਨ ਸਬੰਧੀ ਜਿਲ੍ਹਾ ਭਲਾਈ ਵਿਭਾਗ ਦੇ ਸਾਰੇ ਇਤਰਾਜ ਦੂਰ ਕਰ ਦਿੱਤੇ ਹਨ, ਜੋ ਅੰਤਿਮ ਪ੍ਰਵਾਨਗੀ ਲਈ ਪ੍ਰਮੁੱਖ ਸਕੱਤਰ ਕੋਲ ਭੇਜੇ ਜਾ ਚੁੱਕੇ ਹਨ। ਪ੍ਰਵਾਨਗੀ ਮਿਲਣ ਉਪਰੰਤ 100 ਦੇ ਲਗਭਗ ਹੈੱਡਟੀਚਰ ਅਤੇ 20 ਦੇ ਕਰੀਬ ਸੈਂਟਰ ਹੈੱਡਟੀਚਰ ਦੀਆਂ ਖਾਲੀ ਪੋਸਟਾਂ ਤੇ ਤਰੁੰਟ ਪ੍ਰਮੋਸ਼ਨਾ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਤੇ ਜਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੀ ਅਨਾਮਲੀ ਅਤੇ ਰਹਿੰਦੇ ਬਕਾਇਆਂ ਦਾ ਵੀ ਛੇਤੀ ਤੋਂ ਛੇਤੀ ਹੱਲ ਕੱਢਣ ਦੀ ਮੰਗ ਕੀਤੀ।
ਮੀਟਿੰਗ ਦੌਰਾਨ ਉਪਰੋਕਤ ਤੋਂ ਇਲਾਵਾ ਨਵਦੀਪ ਸਿੰਘ, ਸੁਖਦੇਵ ਸਿੰਘ ਵੇਰਕਾ, ਤੇਜਇੰਦਰਪਾਲ ਸਿੰਘ ਮਾਨ, ਰਣਜੀਤ ਸਿੰਘ ਸਾਹ, ਲਵਪ੍ਰੀਤ ਸਿੰਘ ਢਪੱਈਆਂ, ਜਸਵਿੰਦਰਪਾਲ ਸਿੰਘ ਜੱਸ, ਹਰਚਰਨ ਸਿੰਘ ਸਾਹ, ਰਾਜਿੰਦਰ ਸਿੰਘ ਰਾਜਾਸਾਂਸੀ, ਸਾਹਿਬ ਸਿੰਘ ਬੁਲਾਰਾ, ਗੁਰਮੁੱਖ ਸਿੰਘ ਕੌਲੌਵਾਲ, ਲਖਵਿੰਦਰ ਸਿੰਘ ਦਹੂਰੀਆਂ, ਮਨਿੰਦਰ ਸਿੰਘ ਆਦਿ ਵੀ ਮੌਜੂਦ ਸਨ।