*ਜਲੰਧਰ, 16 ਅਪ੍ਰੈਲ:* ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਿਸ ਤਰੀਕੇ ਸੀ ਬੀ ਆਈ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਦਿੱਲੀ ਆਬਕਾਰੀ ਮਾਮਲੇ ਵਿਚ ਪੁੱਛ ਗਿੱਛ ਕੀਤੀ ਹੈ, ਉਸੇ ਤਰੀਕੇ 700 ਕਰੋੜ ਰੁਪਏ ਦੇ ਪੰਜਾਬ ਆਬਕਾਰੀ ਘੁਟਾਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਪੁੱਛ ਗਿੱਛ ਕੀਤੀ ਜਾਣੀ ਚਾਹੀਦੀ ਹੈ।
ਇਥੇ ਜਲੰਧਰ ਜ਼ਿਮਨੀ ਚੋਣ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਤੋਂ ਪੁੱਛ ਗਿੱਛ ਹੁੰਦੀ ਹੈ ਤਾਂ ਉਹ ਵੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ ਵੀ ਦਿੱਲੀ ਆਬਕਾਰੀ ਨੀਤੀ ਦੀ ਤਰਜ਼ ’ਤੇ ਬਣਾਈ ਗਈ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਨੀਤੀ ਵਾਂਗ ਪੰਜਾਬ ਦੀ ਆਪ ਸਰਕਾਰ ਨੇ ਸਾਰਾ ਕਾਰੋਬਾਰ ਕੁਝ ਚੋਣਵੇਂ ਠੇਕੇਦਾਰਾਂ ਹਵਾਲੇ ਕਰ ਕੇ ਸ਼ਰਾਬ ਦੇ ਕਾਰੋਬਾਰ ’ਤੇ ਏਕਾਧਿਕਾਰ ਕਾਇਮ ਕਰਵਾ ਦਿੱਤਾ ਹੈ। ਇਹਨਾਂ ਵਿਚੋਂ ਦੋ ਠੇਕੇਦਾਰਾਂ ਬ੍ਰਿੰਡਕੋ ਅਤੇ ਆਨੰਤ ਵਾਈਨਜ਼, ਜਿਹਨਾਂ ਕੋਲ ਅੱਧਾ ਸ਼ਰਾਬ ਕਾਰੋਬਾਰ ਹੈ, ਨੂੰ ਦਿੱਲੀ ਵਿਚ ਵੀ ਸ਼ਰਾਬ ਦੇ ਕਾਰੋਬਾਰ ਵਿਚ ਵੱਡਾ ਹਿੱਸਾ ਪ੍ਰਾਪਤ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਪੱਧਰ ਦਾ ਇਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜ ਸਰਕਾਰ ਠੇਕੇਦਾਰਾਂ ਦਾ ਮੁਨਾਫਾ ਦੁੱਗਣਾ ਕਰ ਦਿੱਤਾ ਜਦੋਂ ਕਿ ਸਰਕਾਰ ਨੂੰ ਅਜਿਹਾ ਕੁਝ ਨਹੀਂ ਮਿਲਿਆ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਸੈਂਕੜੇ ਕਰੋੜ ਰੁਪਏ ਆਪ ਨੇ ਅਦਲੇ ਬਦਲੇ ਦੇ ਪ੍ਰਬੰਧ ਵਿਚ ਹਾਸਲ ਕੀਤੇ ਹਨ। ਉਹਨਾਂ ਦੱਸਿਆ ਕਿ ਇਸੇ ਪੈਸੇ ਦੀ ਵਰਤੋਂ ਦੇਸ਼ ਭਰ ਵਿਚ ਆਪ ਦੇ ਪ੍ਰਭਾਵ ਨੂੰ ਵਧਾਉਣ ਵਾਸਤੇ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਦਿੱਲੀ ਵਿਚ ਘੁਟਾਲਾ ਬੇਨਕਾਬ ਹੋ ਗਿਆ ਹੈ ਜਦੋਂ ਕਿ ਪੰਜਾਬ ਵਿਚ ਆਪ ਵੱਲੋਂ ਸਰਕਾਰੀ ਖ਼ਜ਼ਾਨੇ ਦੀ ਲੁੱਟ ਜਾਰੀ ਹੈ ਤੇ ਇਸਨੇ ਭ੍ਰਿਸ਼ਟਾਚਾਰ ਨਾਲ ਭਰੀ ਆਬਕਾਰੀ ਨੀਤੀ ਨੂੰ ਇਕ ਸਾਲ ਲਈ ਵਧਾ ਦਿੱਤਾ ਹੈ। ਉਹਨਾਂ ਕਿਹਾ ਕਿ ਸਿਰਫ ਸੀ ਬੀ ਆਈ ਜਾਂਚ ਅਤੇ ਮੁੱਖ ਮੰਤਰੀ ਤੋਂ ਸਖ਼ਤੀ ਨਾਲ ਪੁੱਛ ਗਿੱਛ ਹੀ ਸਾਰੇ ਘੁਟਾਲੇ ਤੋਂ ਪਰਦਾਫਾਸ਼ ਕਰ ਸਕਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਨੂੰ ਸੀ ਬੀ ਆਈ ਵੱਲੋਂ ਪੁੱਛ ਗਿੱਛ ਵਾਸਤੇ ਸੱਦਣ ’ਤੇ ਜਿਸ ਤਰੀਕੇ ਪੰਜਾਬ ਦੇ ਮੁੱਖ ਮੰਤਰੀ ਤੁਰੰਤ ਦਿੱਲੀ ਪਹੁੰਚੇ, ਉਸ ’ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਪੰਜਾਬ ਵਿਚ ਜੇਕਰ ਕੋਈ ਵੀ ਤੁਹਾਡੇ ਖਿਲਾਫ ਆਵਾਜ਼ ਚੁੱਕਦਾ ਹੈ ਤਾਂ ਤੁਸੀਂ ਉਸਨੂੰ ਗ੍ਰਿਫਤਾਰ ਕਰ ਲੈਂਦੇ ਹੋ ਅਤੇ ਤੁਸੀਂ ਕਲਕਾਰਾਂ, ਮੀਡੀਆ ਵਾਲਿਆਂ ਤੇ ਬੁੱਧੀਜੀਵੀਆਂ ਨੂੰ ਵੀ ਨਹੀਂ ਬਖਸ਼ਿਆ ਜਦੋਂ ਕਿ ਦਿੱਲੀ ਵਿਚ ਤੁਸੀਂ ਭ੍ਰਿਸ਼ਟਾਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਤੁਹਾਡੇ ਕੋਲ ਇਹਨਾਂ ਦੋਸ਼ਾਂ ਦਾ ਸਾਹਮਣਾ ਕਰਨ ਦੀ ਜੁਰੱਅਤ ਨਹੀਂ ਹੈ।
ਜਦੋਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਨਸ਼ਿਆਂ ਦੇ ਮਾਮਲੇ ਦੇ ਦੋਸ਼ੀ ਪਰਸ਼ੋਤਮ ਸੋਂਧੀ ਨੂੰ ਸਨਮਾਨਤ ਕਰਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੋਂਧੀ ਜੋ 22 ਕਿਲੋ ਹੈਰੋਇਨ ਸਮੇਤ ਫੜਿਆ ਗਿਆ ਸੀ ਤੇ ਦੋਸ਼ੀ ਠਹਿਰਾਇਆ ਗਿਆ, ਉਹ ਇੰਦਰ ਇਕਬਾਲ ਸਿੰਘ ਦੇ ਭਾਜਪਾ ਵਿਚ ਸ਼ਾਮਲ ਹੋਣ ਵੇਲੇ ਗ੍ਰਹਿ ਮੰਤਰੀ ਦੇ ਨਾਲ ਸਟੇਜ ਸਾਂਝੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਵੀ ਨਿੰਦਣਯੋਗ ਗੱਲ ਹੈ ਕਿ ਜਦੋਂ ਸਾਰੀ ਦੁਨੀਆਂ ਨੇ ਵੇਖਿਆ ਹੈ ਕਿ ਸੋਂਧੀ ਦਾ ਭਾਜਪਾ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਗਿਆ ਤਾਂ ਭਾਜਪਾ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੋਂਧੀ ਦਾ ਨਾਂ ਮੈਂਬਰਸ਼ਿਪ ਫਾਰਮ ਵਿਚ ਨਹੀਂ ਹੈ।
ਸਰਦਾਰ ਬਾਦਲ ਨੇ ਜ਼ਿਮਨੀ ਚੋਣ ਵਿਚ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵੱਲੋਂ ਇਕ ਨਸ਼ਾ ਤਸਕਰ ਨੂੰ ਗ੍ਰਹਿ ਮੰਤਰੀ ਕੋਲ ਲਿਜਾਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇੰਦਰ ਇਕਬਾਲ ਸਿੰਘ ਨੇ ਅਜਿਹਾ ਇਸ ਕਰ ਕੇ ਕੀਤਾ ਕਿਉਂਕਿ ਉਹ ਸੋਂਧੀ ਦੇ ਬਿਜ਼ਨਸ ਪਾਰਟਰ ਹਨ ਤੇ ਹਰ ਵੇਲੇ ਸੋਂਧੀ ਉਹਨਾਂ ਦੇ ਨਾਲ ਹੀ ਸਫਰ ਕਰਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਪੰਜਾਬੀਆਂ ਵਿਚ ਚੰਗਾ ਸੰਦੇਸ਼ ਨਹੀਂ ਗਿਆ ਕਿਉਂਕਿ ਪੰਜਾਬੀ ਅਜਿਹੇ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ।