ਜਲੰਧਰ, 24 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲੰਧਰ ਦੇ ਮੀਧਾਂਸ਼ ਕੁਮਾਰ ਗੁਪਤਾ ਨੂੰ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਨਵੀਆਂ ਕਾਢਾਂ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਰਾਸ਼ਟਰੀ ਬਾਲ ਪੁਰਸਕਾਰ-2022 ਨਾਲ ਸਨਮਾਨਤ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਚੂਅਲ ਢੰਗ ਰਾਹੀਂ ਦੇਸ਼ ਦੇ 29 ਬੱਚਿਆਂ ਨੂੰ ਐਵਾਰਡ ਦੇਣ ਮੌਕੇ 6 ਬੱਚਿਆਂ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਵੀ ਕੀਤੀ ਗਈ, ਜਿਨ੍ਹਾਂ ਵਿੱਚ ਮੀਧਾਂਸ਼ ਵੀ ਆਪਣੇ ਮਾਤਾ-ਪਿਤਾ ਸਮੇਤ ਸ਼ਾਮਲ ਸੀ। ਪੰਜਾਬ ਵਿੱਚੋਂ ਇਸ ਐਵਾਰਡ ਲਈ ਚੁਣੇ ਗਏ ਇਕੱਲੇ ਮੀਧਾਂਸ਼ ਨੂੰ ਨਵੀਆਂ ਖੋਜਾਂ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਲਾਮਿਸਾਲ ਕਾਰਜ ਕਰਨ ਬਦਲੇ ਬਾਲ ਸ਼ਕਤੀ ਪੁਰਸਕਾਰ-2022 ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਮੈਡਲ, ਇਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਪ੍ਰਸ਼ੰਸਾ ਲਈ ਡਿਜੀਟਲ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ।
ਦੇਸ਼ ਦੇ 6 ਹੋਣਹਾਰ ਬੱਚਿਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਜਿਹੇ ਬੱਚੇ ਸਾਕਾਰਾਤਮਕ ਅਤੇ ਲੋੜੀਂਦੀ ਤਬਦੀਲੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ, ਜਿਸਦੀ ਸਮਾਜ ਨੂੰ ਸਖ਼ਤ ਲੋੜ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ ਨੇ ਮੀਧਾਂਸ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਵਿਲੱਖਣ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਾਮਨਾ ਕੀਤੀ ਕਿ ਭਵਿੱਖ ਵਿੱਚ ਵੀ ਮੀਧਾਂਸ਼ ਤਰੱਕੀ ਦੀਆਂ ਨਵੀਆਂ ਸਿਖਰਾਂ ਨੂੰ ਛੋਹੰਦਾ ਹੋਇਆ ਸਮਾਜ ਅਤੇ ਲੋਕ ਭਲਾਈ ਕਾਰਜਾਂ ਵਿੱਚ ਮੋਹਰੀ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਰਚੂਅਲ ਢੰਗ ਨਾਲ ਗੱਲਬਾਤ ਕਰਦਿਆਂ ਮੀਧਾਂਸ਼ ਨੇ ਦੱਸਿਆ ਕਿ ਉਸ ਨੇ 5 ਸਾਲ ਦੀ ਉਮਰ ਵਿੱਚ ਹੀ ਖੋਜ ਪ੍ਰਤੀ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਸਨ, ਜਿਸ ਦੇ ਨਤੀਜੇ ਵਜੋਂ 9 ਸਾਲ ਉਮਰ ਵਿੱਚ ਰਾਸ਼ਟਰੀ ਰਿਕਾਰਡ ਲਈ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਕਰ ਲਿਆ ਗਿਆ ਸੀ ਕਿਉਂਕਿ ਉਹ ਸਭ ਤੋਂ ਛੋਟਾ ਵੈਬਸਾਈਟ ਡਿਵੈਲਪਰ ਸੀ। ਉਸ ਨੇ ਆਪਣੀ ਪ੍ਰੋਫੈਸ਼ਨਲ ਵੈਬਸਾਈਟ 21stjune.com ਤਿਆਰ ਕੀਤੀ ਸੀ, ਜਿਸ ਦਾ ਆਗਾਜ਼ ਵੀ ਕੌਮਾਂਤਰੀ ਯੋਗਾ ਦਿਵਸ ਮੌਕੇ ਹੋਇਆ ਸੀ। ਉਸ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਉਸ ਦੀਆਂ ਸੇਵਾਵਾਂ ਸਲਾਹੁਣਯੋਗ ਰਹੀਆਂ ਅਤੇ ਜਨਤਾ ਕਰਫਿਊ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਉਸ ਨੇ ਆਪਣਾ ਪੋਰਟਲ www.coronafreeworld.com ਲਾਂਚ ਕੀਤਾ, ਜਿਥੇ ਕੋਰੋਨਾ ਨਾਲ ਸਬੰਧਤ ਹਰ ਕਿਸਮ ਦੀ ਜਾਣਕਾਰੀ ਆਦਿ ਉਪਲਬਧ ਸੀ, ਜਿਸ ਸਦਕਾ ਉਸ ਨੂੰ ਪੰਜਾਬ ਸਰਕਾਰ ਵੱਲੋਂ ਵੀ ਪ੍ਰਸ਼ੰਸਾ ਸਰਟੀਫਿਕੇਟ ਦਿੱਤਾ ਗਿਆ ਸੀ।