ਫਗਵਾੜਾ 11 ਸਤੰਬਰ (ਸ਼ਿਵ ਕੋੜਾ) ਸ਼ਹੀਦ ਬਾਬਾ ਦੀਪ ਸਿੰਘ ਐਨ.ਆਰ.ਆਈ. ਵੈਲਫੇਅਰ ਸੁਸਾਇਟੀ ਰਜਿ. ਬਾਬਾ ਫਤਿਹ ਸਿੰਘ ਨਗਰ ਸੁਖਚੈਨਆਣਾ ਸਾਹਿਬ ਰੋਡ ਫਗਵਾੜਾ ਦੇ ਸੀਨੀਅਰ ਮੈਂਬਰ ਅਤੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਮੁਹੱਲਾ ਬਾਬਾ ਫਤਿਹ ਸਿੰਘ ਨਗਰ, ਵਿਕਾਸ ਨਗਰ, ਵਰਿੰਦਰ ਪਾਰਕ, ਸੁਖਚੈਨ ਨਗਰ ਅਤੇ ਮੁਹੱਲਾ ਗੁਰੂ ਨਾਨਕ ਨਗਰ ਦੇ ਸਮੂਹ ਵਸਨੀਕਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਜੇਕਰ ਇਹਨਾਂ ਇਲਾਕਿਆਂ ਵਿਚ ਕੋਈ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਸਦੀ ਜਾਣਕਾਰੀ ਸੁਸਾਇਟੀ ਨੂੰ ਦਿੱਤੀ ਜਾਵੇ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਦੀ ਆਦਤ ਦਾ ਸ਼ਿਕਾਰ ਹੈ ਅਤੇ ਨਸ਼ਾ ਛੱਡਣਾ ਚਾਹੁੰਦਾ ਹੈ ਪਰ ਆਰਥਕ ਤੌਰ ਤੇ ਕਮਜੋਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਤਾਂ ਉਸਦੇ ਇਲਾਜ ਦਾ ਸਾਰਾ ਖਰਚ ਵੀ ਸੁਸਾਇਟੀ ਵਲੋਂ ਚੁੱਕਿਆ ਜਾਵੇਗਾ। ਉਹਨਾਂ ਦੱਸਿਆ ਉਹਨਾਂ ਦੀ ਜੱਥੇਬੰਦੀ ਮੁੱਖ ਤੌਰ ਤੇ ਧਾਰਮਿਕ ਗਤੀਵਿਧੀਆਂ ਵਿਚ ਸਰਗਰਮ ਰਹਿੰਦੀ ਹੈ ਪਰ ਸਮਾਜ ਵਿਚ ਵੱਧਦੇ ਨਸ਼ੇ ਦੇ ਕੋਹੜ ਨੂੰ ਖਤਮ ਕਰਨਾ ਵੀ ਜੱਥੇਬੰਦੀ ਆਪਣਾ ਫਰਜ਼ ਸਮਝਦੀ ਹੈ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ। ਇਸ ਮੁਹਿਮ ਦਾ ਉਦੇਸ਼ ਨੌਜਵਾਨਾਂ ਨੂੰ ਧਾਰਮਿਕ ਗਤੀਵਿਧੀਆਂ ਤੇ ਖੇਡਾਂ ਵਲ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਚੰਗੇ ਨਾਗਰਿਕ ਬਣ ਕੇ ਆਪਣੇ ਪਰਿਵਾਰ ਦੇਸ਼ ਅਤੇ ਕੌਮ ਦੀ ਸੇਵਾ ਕਰਦੇ ਹੋਏ ਜਿੰਦਗੀ ਵਤੀਤ ਕਰਨ। ਜਗਤਾਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਰਥਕ ਤੰਗੀ ਦੇ ਕਾਰਨ ਨਸ਼ਾ ਵੇਚ ਕੇ ਘਰ ਦਾ ਗੁਜਾਰਾ ਕਰਨ ਲਈ ਮਜਬੂਰ ਹੈ ਤਾਂ ਉਸ ਦੀ ਸਹਾਇਤਾ ਲਈ ਵੀ ਸੁਸਾਇਟੀ ਤਿਆਰ ਹੈ ਪਰ ਉਸ ਵਿਅਕਤੀ ਨੂੰ ਇਹ ਪ੍ਰਣ ਲੈਣਾ ਪਵੇਗਾ ਕਿ ਉਹ ਦੁਬਾਰਾ ਕਦੇ ਵੀ ਨਸ਼ਾ ਨਹੀਂ ਵੇਚੇਗਾ ਅਤੇ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਸੁਸਾਇਟੀ ਨੂੰ ਦੇਵੇਗਾ। ਅਜਿਹੇ ਵਿਅਕਤੀ ਆਪਣਾ ਨਾਮ ਗੁਪਤ ਰੱਖ ਕੇ ਖੂਫੀਆ ਤੋਰ ਤੇ ਵੀ ਸੁਸਾਇਟੀ ਦੀ ਨਸ਼ਾ ਵਿਰੋਧੀ ਮੁਹਿਮ ‘ਚ ਸਹਿਯੋਗ ਕਰ ਸਕਦੇ ਹਨ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੈਂਬਰ ਸੋਹਨ ਸਿੰਘ ਯੂ.ਐਸ.ਏ., ਕੁਲਵਿੰਦਰ ਸਿੰਘ, ਜਰਨੈਲ ਸਿੰਘ ਜੈਲਾ, ਗੁਰਪਾਲ ਸਿੰਘ ਯੂ.ਐਸ.ਏ., ਹਰਭਜਨ ਸਿੰਘ ਕਲੇਰ ਆਦਿ ਹਾਜਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।