ਫਗਵਾੜਾ 23 ਮਈ (ਸ਼ਿਵ ਕੋੜਾ) ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਟਰੋਲ ਤੇ ਡੀਜਲ ਦਾ ਟੈਕਸ ਘਟਾ ਕੇ ਜਨਤਾ ਨੂੰ ਰਾਹਤ ਦਿੱਤੀ ਜਾਵੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਟਰੋਲ ਦੀ ਕੀਮਤ 10 ਰੁਪਏ ਅਤੇ ਡੀਜਲ ਦੀ ਕੀਮਤ 7 ਰੁਪਏ ਪ੍ਰਤੀ ਲੀਟਰ ਘੱਟ ਕੀਤੀ ਹੈ ਅਤੇ ਨਾਲ ਹੀ ਉੱਜਵਲਾ ਯੋਜਨਾ ਤਹਿਤ ਐਲ.ਪੀ.ਜੀ. ਗੈਸ ਸਲੰਡਰ ਉੱਪਰ ਵੀ ਦੋ ਸੌ ਰੁਪਏ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਗਰੀਬ ਤੇ ਮੱਧ ਵਰਗ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰਾਂ ਹਮੇਸ਼ਾ ਮਹਿੰਗਾਈ ਲਈ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਉਂਦੀ ਹੈ ਜਦਕਿ ਪੈਟਰੋਲ ਪਦਾਰਥਾਂ ਉੱਪਰ ਰਾਜਾਂ ਵਲੋਂ ਕੇਂਦਰ ਦੇ ਮੁਕਾਬਲੇ ਬਹੁਤ ਜਿਆਦਾ ਟੈਕਸ ਵਸੂਲ ਕੀਤਾ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਲਗਾਤਾਰ ਕੇਂਦਰ ਦੀ ਭਾਜਪਾ ਸਰਕਾਰ ਉੱਪਰ ਪੈਟਰੋਲ ਡੀਜਲ ਦਾ ਮੁੱਲ ਘਟਾਉਣ ਦਾ ਦਬਾਅ ਬਣਾ ਰਹੇ ਸੀ ਪਰ ਹੁਣ ਜਦੋਂ ਕੇਂਦਰ ਨੇ ਕੀਮਤਾਂ ਵਿਚ ਵੱਡੀ ਕਟੌਤੀ ਕੀਤੀ ਹੈ ਤਾਂ ਕੇਜਰੀਵਾਲ ਦੇ ਟੋਲੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਆਪ ਲੀਡਰਸ਼ਿਪ ਨੇ ਚੁੱਪੀ ਧਾਰ ਲਈ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕੀਮਤਾਂ ਵਿਚ ਕਟੌਤੀ ਕਰਕੇ ਜਨਤਾ ਨੂੰ ਰਾਹਤ ਨਾ ਦਿੱਤੀ ਤਾਂ ਭਾਰਤੀ ਜਨਤਾ ਪਾਰਟੀ ਜਨ ਹਿਤ ਵਿਚ ਭਗਵੰਤ ਮਾਨ ਸਰਕਾਰ ਦੇ ਖਿਲਾਫ ਵੱਡਾ ਅੰਦੋਲਨ ਸ਼ੁਰੂ ਕਰੇਗੀ। ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਪੰਜਾਬ ਵਿਚ ਭੋਗ ਪੈ ਚੁੱਕਾ ਹੈ ਅਤੇ ਉਹ ਆਪਣੇ ਤੌਰ ਤੇ ਰਾਸ਼ਟਰਵਾਦੀ ਵਿਚਾਰਧਾਰਾ ਰੱਖਣ ਵਾਲੇ ਸੁਨੀਲ ਜਾਖੜ ਵਰਗੇ ਸਮੂਹ ਕਾਂਗਰਸੀਆਂ ਨੂੰ ਸੱਦਾ ਦਿੰਦੇ ਹਨ ਕਿ ਭਾਜਪਾ ਵਿਚ ਸ਼ਾਮਲ ਹੋ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਜੇ.ਪੀ. ਨੱਢਾ ਦੀ ਅਗਵਾਈ ਹੇਠ ਨਵ ਭਾਰਤ ਨਿਰਮਾਣ ਤੇ ਪੰਜਾਬ ਦੀ ਖੁਸ਼ਹਾਲੀ ‘ਚ ਯੋਗਦਾਨ ਪਾਉਣ ਲਈ ਅੱਗੇ ਆਉਣ। ਉਹਨਾਂ ਕਵਾਡ ਸੰਮੇਲਨ ਵਿਚ ਸ਼ਾਮਲ ਹੋਣ ਲਈ ਜਪਾਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਥੇ ਹੋਏ ਸ਼ਾਨਦਾਰ ਸਵਾਗਤ ਨੂੰ ਵੀ ਦੇਸ਼ ਦੁਨੀਆ ‘ਚ ਵੱਸਦੇ ਹਰ ਭਾਰਤੀ ਨਾਗਰਿਕ ਲਈ ਮਾਣ ਵਾਲੀ ਗੱਲ ਦੱਸਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।