ਜਲੰਧਰ, 1 ਜਨਵਰੀ,
-ਨਵੇਂ ਵਰ੍ਹੇ ਦੇ ਪਹਿਲੇ ਦਿਨ ਅੱਜ ਪੰਜਾਬ ਦੀਆਂ ਸੱਤ ਖੱਬੀਆਂ, ਇਨਕਲਾਬੀ ਪਾਰਟੀਆਂ ਅਤੇ ਜਥੇਬੰਦੀਆਂ ਅਧਾਰਿਤ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਇਜ਼ਰਾਇਲ ਦੁਆਰਾ ਅਮਰੀਕੀ ਸਾਮਰਾਜ ਦੇ ਇਸ਼ਾਰੇ ਉੱਪਰ ਫ਼ਲਸਤੀਨੀ ਲੋਕਾਂ ਦੀ ਕੀਤੀ ਜਾ ਰਹੀ ਵਹਿਸ਼ੀ ਕਤਲੋਗ਼ਾਰਤ ਖ਼ਿਲਾਫ਼ ਫਰੰਟ ਦੇ ਆਗੂ ਦਰਸ਼ਨ ਨਾਹਰ,ਹੰਸ ਰਾਜ ਪੱਬਵਾਂ ਅਤੇ ਰਸ਼ਪਾਲ ਕੈਲੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸੈਂਕੜੇ ਲੋਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ ਜਿੱਥੇ ਰੈਲੀ ਕਰਨ ਉਪਰੰਤ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਸੀਪੀਆਈ ਦੇ ਸੂਬਾਈ ਸਕੱਤਰ ਬੰਤ ਬਰਾੜ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)ਨਿਊ ਡੈਮੋਕਰੇਸੀ ਦੇ ਅਜਮੇਰ ਸਿੰਘ,ਆਰ ਐੱਮ ਪੀ ਆਈ ਦੇ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਤੋਂ ਫ਼ਲਸਤੀਨ ਨੂੰ ਕਬਰਿਸਤਾਨ ‘ਚ ਬਦਲਣ ਲਈ ਵੱਡੇ ਸਾਮਰਾਜੀ ਲੱਠਮਾਰ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਸੰਗੀਆਂ ਦੀ ਸ਼ਹਿ ਉੱਤੇ ਇਜ਼ਰਾਈਲ ਵਲੋਂ ਫ਼ਲਸਤੀਨੀ ਲੋਕਾਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ਚੋਂ ਕੱਢਣ ਲਈ ਠੋਸੀ ਇਸ ਨਿਹੱਕੀ ਜੰਗ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 1948 ਤੋਂ ਇੰਗਲੈਂਡ ਅਮਰੀਕਾ ਦੀ ਸ਼ਹਿ ‘ਤੇ ਫ਼ਲਸਤੀਨੀ ਲੋਕਾਂ ਦੀਆਂ ਜ਼ਮੀਨਾਂ, ਕਾਰੋਬਾਰਾਂ ਤੇ ਕਬਜ਼ਾ ਕਰਕੇ ਇਜ਼ਰਾਈਲ ਨੇ ਮੱਧਪੂਰਬ ਦੇ ਇਸ ਛੋਟੇ ਜਿਹੇ ਦੇਸ਼ ਨੂੰ ਖੁੱਲੀ ਜੇਲ੍ਹ ‘ਚ ਬਦਲ ਕੇ ਫ਼ਲਸਤੀਨੀਆਂ ਨੂੰ ਪਲ-ਪਲ ਮਰਨ ਲਈ ਮਜ਼ਬੂਰ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਫ਼ਲਸਤੀਨ ਦੇ ਗਾਜਾ ‘ਚ 75 ਪ੍ਰਤੀਸ਼ਤ ਲੋਕਾਂ ਦੀ ਤਬਾਹੀ, ਘਰਾਂ ਦੀ ਬਰਬਾਦੀ, ਰਾਸ਼ਨ ਦੀ ਭਾਰੀ ਕਿੱਲਤ, ਇਲਾਜ਼ ਪੱਖੋਂ ਲੋਕ ਮਰ ਤੇ ਸਹਿਕ ਰਹੇ ਹਨ, ਵੀਹ ਹਜ਼ਾਰ ਤੋਂ ਉੱਪਰ ਲੋਕਾਂ ਸਮੇਤ ਅੱਠ ਹਜ਼ਾਰ ਮਾਸੂਮਾਂ ਦਾ ਕਤਲ ਸੰਸਾਰ ਦਾ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਦਿਲਕੰਬਾਊ ਦੁਖਾਂਤ ਹੈ। ਸੋਸ਼ਲ ਮੀਡੀਆ ਤੇ ਮਲਬੇ ਦੇ ਢੇਰਾਂ ਚੋਂ ਕੱਢੇ ਜਾ ਰਹੇ ਰੋਂਦੇ ਵਿਲਕਦੇ ਬੱਚਿਆਂ ਦੀਆਂ ਲਾਸ਼ਾਂ ਤੇ ਚੀਕਾਂ,ਵਗਦੇ ਲਹੂ ਦੀਆਂ ਧਰਾਲਾਂ ਦੀਆਂ ਤਸਵੀਰਾਂ ਹਰ ਜ਼ਮੀਰ ਪਸੰਦ ਦਾ ਦਿਲ ਵਲੂੰਧਰਨ ਲਈ ਕਾਫ਼ੀ ਹਨ।
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਆਗੂਆਂ ਨੇ ਕਿਹਾ ਕਿ ਖੁੱਲ੍ਹੀ ਜੇਲ੍ਹ ‘ਚ ਪਲ-ਪਲ ਸਹਿਕ ਰਹੇ ਫ਼ਲਸਤੀਨੀ ਲੋਕਾਂ ਉੱਤੇ ਠੋਸੀ ਨਿਹੱਕੀ ਜ਼ੰਗ ਤੁਰੰਤ ਬੰਦ ਕੀਤੀ ਜਾਵੇ। ਯੂ ਐਨ ਓ ਅਤੇ ਸੰਸਾਰ ਭਰ ਦੇ ਜ਼ਬਰਦਸਤ ਵਿਰੋਧ ਨੂੰ ਪੈਰਾਂ ਹੇਠ ਰੋਲ ਰਹੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈੰਜਾਮਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਜਾਵੇ। ਉਨ੍ਹਾਂ ਸਮੂਹ ਲੋਕਾਂ ਨੂੰ ਇਜ਼ਰਾਈਲੀ ਵਸਤਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਫਰੰਟ ਨੇ ਮੋਦੀ ਦੀ ਫਾਸ਼ੀ ਹਕੂਮਤ ਵਲੋਂ ਅਮਰੀਕਾ ਦੀ ਸ਼ਹਿ ‘ਤੇ ਇਜ਼ਰਾਈਲ ਦੇ ਹੱਕ ‘ਚ ਖੜਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਉਨਾਂ ਇਜ਼ਰਾਈਲ ਦੇ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਣ ਲਈ ਪਰਚੇ ਦਰਜ਼ ਕਰਨ, ਸੋਸ਼ਲ ਮੀਡੀਆ ਤੋਂ ਹਟਾਉਣ ਦੀ ਵੀ ਆਗੂਆਂ ਨੇ ਨਿੰਦਾ ਕੀਤੀ ਹੈ। ਉਨ੍ਹਾਂ ਸਭਨਾਂ ਜਮਹੂਰੀ ਇਨਸਾਫ਼ ਪਸੰਦ ਸ਼ਕਤੀਆਂ/ਜਥੇਬੰਦੀਆਂ, ਲੋਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਨਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ(ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਕਸ਼ਮੀਰ ਸਿੰਘ ਘੁੱਗਸ਼ੋਰ, ਆਰ ਐੱਮ ਪੀ ਆਈ ਦੇ ਦਰਸ਼ਨ ਨਾਹਰ, ਸੰਤੋਖ ਸਿੰਘ ਬਿਲਗਾ ਅਤੇ ਸੀਪੀਆਈ ਦੇ ਰਸ਼ਪਾਲ ਕੈਲੇ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਤੋਂ ਇਲਾਵਾ ਮਨੋਹਰ ਗਿੱਲ,ਹੰਸ ਰਾਜ ਪੱਬਵਾਂ,ਡਾਕਟਰ ਸਰਬਜੀਤ ਸਿੰਘ ਮੁਠੱਡਾ ਆਦਿ ਨੇ ਵੀ ਸੰਬੋਧਨ ਕੀਤਾ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।