
ਜਲੰਧਰ (01.08.2024): ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ ਡਾ. ਜਗਦੀਪ ਚਾਵਲਾ ਅਤੇ ਮੈਡੀਕਲ ਸੁਪਰਡੈਂਟ ਡਾ. ਗੀਤਾ ਕਟਾਰਿਆ ਦੀ ਅਗਵਾਈ ਹੇਠ ਵੀਰਵਾਰ ਨੂੰ ਐਮ.ਸੀ.ਐਚ. ਸੈਂਟਰ ਸਿਵਲ ਹਸਪਤਾਲ ਜਲੰਧਰ ਵਿਖੇ “ਮਾਂ ਦੇ ਦੁੱਧ ਦੀ ਮਹੱਤਤਾ” ਸੰਬੰਧੀ ਹਫ਼ਤੇ ਦੀ ਰਸਮੀ ਸ਼ੁਰੂਆਤ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਮੌਕੇ ਤੇ ਮੌਜੂਦ ਨਵਜਨਮੇ ਬੱਚਿਆਂ ਦੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ “ਮਾਂ ਦੇ ਦੁੱਧ ਦੀ ਮਹੱਤਤਾ” ਸੰਬੰਧੀ ਹਫ਼ਤਾ ਹਰ ਸਾਲ 1 ਅਗਸਤ ਤੋਂ 7 ਅਗਸਤ ਤੱਕ ਮਨਾਇਆ ਜਾਂਦਾ ਹੈ। ਇਸ ਵਾਰ ਇਸ ਜਾਗਰੂਕਤਾ ਹਫ਼ਤੇ ਨੂੰ “Closing the gap – breast feeding support to all” ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਇਸਦਾ ਮੁੱਖ ਮਕਸਦ ਨਵਜਨਮੇ ਬੱਚੇ ਦੇ ਪਿਤਾ, ਪਰਿਵਾਰ, ਸਿਹਤ ਸਟਾਫ ਅਤੇ ਸਮਾਜ ਵੱਲੋਂ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਮਰਥਨ ਦੇਣ ‘ਤੇ ਜੋਰ ਦੇਣਾ ਹੈ ਅਤੇ ਇਸਦੇ ਨਾਲ-ਨਾਲ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਖ਼ਾਸ ਕਰਕੇ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਤੇ ਇਸ ਨਾਲ ਮਾਂ ਤੇ ਬੱਚੇ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਨਵਜਨਮੇ ਬੱਚੇ ਲਈ ਮਾਂ ਦਾ ਦੁੱਧ ਅੰਮ੍ਰਿਤ ਦਾ ਕੰਮ ਕਰਦਾ ਹੈ। ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਨਵਜਨਮੇ ਬੱਚਿਆਂ ਦੇ ਸਿਹਤਮੰਦ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਨਵਜਨਮੇ ਬੱਚੇ ’ਚ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਨਹੀਂ ਹੁੰਦੀ, ਇਹ ਮਾਂ ਦੇ ਦੁੱਧ ਤੋਂ ਹੀ ਬੱਚੇ ਨੂੰ ਮਿਲਦੀ ਹੈ। ਇਹ ਨਵਜੰਮੇ ਬੱਚੇ ਨੂੰ ਕਈ ਮਾਰੂ ਬਿਮਾਰੀਆਂ ਤੋਂ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਸਭ ਤੋਂ ਪਹਿਲਾਂ ਮਾਂ ਦਾ ਦੁੱਧ ਦੇਣਾ ਹੀ ਅਸਲੀ ਗੁੜ੍ਹਤੀ ਹੈ।
ਮੈਡੀਕਲ ਸੁਪਰਡੈਂਟ ਡਾ. ਗੀਤਾ ਕਟਾਰਿਆ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕੈਲੋਸਟਰਮ ਯੁਕਤ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖ਼ੁਰਾਕ ਹੁੰਦਾ ਹੈ ਤੇ ਬੱਚੇ ਦੇ ਪੈਦਾ ਹੋਣ ਤੋਂ ਤੁਰੰਤ ਬਾਅਦ ਇਕ ਘੰਟੇ ਦੇ ਅੰਦਰ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਮਾਂ ਦੇ ਦੁੱਧ ਵਿਚਲੇ ਪੌਸ਼ਟਿਕ ਤੱਤਾਂ ’ਚ ਐਂਟੀਬਾਡੀਜ਼ ਦੀ ਬਹੁਤਾਤ ਹੁੰਦੀ ਹੈ, ਜਿਹੜੇ ਇਨਫੈਕਸ਼ਨ (ਲਾਗ) ਤੇ ਬੈਕਟੀਰੀਆ ਨਾਲ ਲੜਦੇ ਹਨ। ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਵਿਚ ਦਸਤ ਲੱਗਣ ਦੀ ਸੰਭਾਵਨਾ ਹੋਰ ਬੱਚਿਆਂ (ਜੋ ਬੱਚੇ ਮਾਂ ਦਾ ਦੁੱਧ ਨਹੀਂ ਪੀਂਦੇ) ਦੇ ਮੁਕਾਬਲੇ ਘੱਟ ਹੁੰਦੀ ਹੈ। ਐਸ.ਐਮ.ਓ. (ਗਾਇਨੀ) ਡਾ. ਵਰਿੰਦਰ ਕੌਰ ਥਿੰਦ ਨੇ ਦੱਸਿਆ ਕਿ ਜੋ ਬੱਚੇ 6 ਮਹੀਨੇ ਤੱਕ ਮਾਂ ਦਾ ਦੁੱਧ ਪੀਂਦੇ ਹਨ, ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਮਾਂ ਦਾ ਦੁੱਧ ਜੀਵਾਣੂ ਰਹਿਤ ਹੁੰਦਾ ਹੈ ਤੇ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੁੰਦਾ ਹੈ, ਨਾਲ ਹੀ ਉੱਚ ਕੋਟੀ ਦਾ ਤਰਲ ਤੇ ਪੌਸ਼ਟਿਕ ਆਹਾਰ ਹੈ। ਇਸ ਦੁੱਧ ਨਾਲ ਬੱਚੇ ਨੂੰ ਪ੍ਰੋਟੀਨ, ਖਣਿਜ ਪਦਾਰਥ ਤੇ ਵਿਟਾਮਿਨਜ਼ ਦੀ ਜ਼ਰੂਰੀ ਮਾਤਰਾ ਪੂਰੀ ਹੋ ਜਾਂਦੀ ਹੈ।
ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਐਸ.ਐਸ. ਨਾਂਗਲ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਂ ਦੇ ਦੁੱਧ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਨਾਲ ਜਿੱਥੇ ਬੱਚਾ ਬਿਮਾਰੀਆਂ ਨਾਲ ਲੜਨ ਦੀ ਤਾਕਤ ਹਾਸਿਲ ਕਰਦਾ ਹੈ ਉੱਥੇ ਇਹ ਮਾਂ ਅਤੇ ਬੱਚੇ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮਾਂ ਨੂੰ ਛਾਤੀ ਦੇ ਕੈਂਸਰ, ਡਾਇਬਟੀਜ਼ ਅਤੇ ਮਾਂ ਬਣਨ ਤੋਂ ਬਾਅਦ ਤਣਾਅ ਦਾ ਖਤਰਾ ਘੱਟ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਾਂ ਦਾ ਪਹਿਲਾ ਦੁੱਧ ਦਸਤ, ਕਬਜ਼ ਆਦਿ ਬਿਮਾਰੀਆਂ ਤੋਂ ਬੱਚੇ ਦਾ ਬਚਾਅ ਕਰਦਾ ਹੈ। ਇਸਦੇ ਨਾਲ ਹੀ ਸਰਦੀ ਅਤੇ ਸਾਹ ਦੀਆਂ ਬਿਮਾਰੀਆਂ ਤੇ ਕਾਲੀ ਖੰਘ ਤੋਂ ਬਚਾਅ ਕਰਦਾ ਹੈ। ਇਸ ਦੌਰਾਨ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ ਵੱਲੋਂ ਵੀ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਐਸ.ਐਮ.ਓ. ਡਾ. ਸਤਿੰਦਰ ਬਜਾਜ, ਐਸ.ਐਮ.ਓ. ਡਾ. ਪਰਮਜੀਤ ਸਿੰਘ, ਡਾ. ਨੇਹਾ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।