ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਸਾਹਿਤ ਕਲਾ ਕੇਂਦਰ ਨੇ ਕੌਮਾਂਤਰੀ ਪ੍ਰਸਿੱਧੀ ਦੇ ਮਾਲਕ ਪੰਜਾਬੀ ਚਿੱਤਰਕਾਰ ਸਰਦਾਰ ਸਰੂਪ ਸਿੰਘ ਵੱਲੋਂ ਲੰਮੇਰੀ ਘਾਲਣਾ ਸਹਿਤ ਸਿਰਜੇ ਪੰਜਾਬੀ ਸਾਹਿਤਕਾਰਾਂ ਦੇ ਚਿੱਤਰਾਂ ਉੱਪਰ ਬਹੁਪੱਖੀ ਲੇਖਕ ਸੰਤੋਖ ਭੁੱਲਰ ਦੁਆਰਾ ਲਿਖੀ ਸਭਿਆਚਾਰਕ ਇਤਿਹਾਸ ਦੀ ਵਿਲੱਖਣ ਅਤੇ ਬੇਹੱਦ ਮਹੱਤਵਪੂਰਨ ਪੁਸਤਕ, ‘ਚਿੱਤਰਾਂ ਦਾ ਸਾਹਿਤਕ ਸੁਮੇਲ ‘ ਦੇ ਲੋਕ ਅਰਪਣ ਸੰਬੰਧੀ ਸਮਾਗਮ ਦਾ ਆਯੋਜਨ ਕਾਲਜ ਦੇ ਆਡੀਟੋਰੀਅਮ ਵਿਖੇ ਕਰਵਾਇਆ। ਇਸ ਪੁਸਤਕ ਵਿੱਚ ਇੱਕ ਸੌ ਪੰਦਰਾਂ ਪੰਜਾਬੀ ਦੇ ਸੂਫੀ, ਗੁਰਮਤਿ, ਕਿੱਸਾ ਅਤੇ ਆਧੁਨਿਕ ਸਾਹਿਤ ਧਾਰਾਵਾਂ ਨਾਲ ਸਬੰਧਤ ਪ੍ਰਮੁੱਖ ਸਾਹਿਤਕਾਰਾਂ ਦੇ ਨਾਲ ਪੰਜ ਦੂਸਰੇ ਸਭਿਆਚਾਰਾਂ ਨਾਲ ਸਬੰਧਤ ਹਸਤੀਆਂ ਦੇ ਸਰੂਪ ਸਿੰਘ ਵੱਲੋਂ ਤਿਆਰ ਕੀਤੇ ਚਿੱਤਰਾਂ ਅਤੇ ਸੰਤੋਖ ਭੁੱਲਰ ਦੁਆਰਾ ਉਨ੍ਹਾਂ ਹਸਤੀਆਂ ਦੇ ਜੀਵਨ ਤੇ ਯੋਗਦਾਨ ਬਾਰੇ ਲਿਖੀਆਂ ਜਾਣਕਾਰੀ ਭਰਪੂਰ ਲਿਖਤਾਂ ਪ੍ਰਸਤੁਤ ਹਨ। ਇਸ ਸਮਾਗਮ ਵਿੱਚ ਪੰਜਾਬੀ ਜੁਝਾਰ ਵਿਦਰੋਹੀ ਕਾਵਿ ਧਾਰਾ ਦੇ ਪ੍ਰਮੁੱਖ ਸ਼ਾਇਰ ਅਤੇ ਚਿੰਤਕ ਦਰਸ਼ਨ ਖਟਕੜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਪ੍ਰਮੁੱਖ ਲੇਖਿਕਾ ਬਚਿੰਤ ਕੌਰ, ਸ਼੍ਰੋਮਣੀ ਪੱਤਰਕਾਰ ਅਤੇ ਲੇਖਕ ਕੁਲਦੀਪ ਸਿੰਘ ਬੇਦੀ, ਇੰਜ. ਸੀਤਲ ਸਿੰਘ ਸੰਘਾ ਅਤੇ ਪ੍ਰਿੰਸੀਪਲ ਡਾ ਜਸਪਾਲ ਸਿੰਘ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਮਾਗਮ ਦੇ ਆਰੰਭ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਸਾਹਿਤ ਅਤੇ ਕਲਾ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਚਿੱਤਰਕਾਰ ਸਰੂਪ ਸਿੰਘ ਅਤੇ ਲੇਖਕ ਸੰਤੋਖ ਭੁੱਲਰ ਵੱਲੋਂ ਬਾਖ਼ੂਬੀ ਨੇਪਰੇ ਚਾੜ੍ਹੇ ਇਸ ਮਹਾਨ ਅਤੇ ਮੁੱਲਵਾਨ ਕਾਰਜ ਦੀ ਸ਼ਲਾਘਾ ਕੀਤੀ ਅਤੇ ਆਏ ਮਹਿਮਾਨਾਂ ਨੂੰ ਸਨਮਾਨਤ ਕੀਤਾ। ਇਸ ਉਪਰੰਤ ਪੁਸਤਕ ‘ਚਿੱਤਰਾਂ ਦਾ ਸਾਹਿਤਕ ਸੁਮੇਲ’ ਰੀਲੀਜ਼ ਕੀਤੀ ਗਈ। ਇਸ ਰਸਮ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਸ. ਜਸਵੰਤ ਖਟਕੜ, ਸ਼ਾਇਰਾ ਅਮਰਜੀਤ ਕੌਰ ਅਮਰ, ਸਵ.ਸ਼ਾਇਰ ਫਤਹਿਜੀਤ ਦੇ ਸ਼ਰੀਕ-ਇ-ਹਯਾਤ ਰਣਧੀਰ ਕੌਰ ਤੇ ਬੇਟੀ ਲੈਕਚਰਾਰ ਬਲਜੀਤ ਕੌਰ ਬੱਲ, ਸਵ. ਪ੍ਰੋਫੈਸਰ ਨਰਜੀਤ ਸਿੰਘ ਖਹਿਰਾ ਦੀ ਬੇਟੀ ਪ੍ਰੋ. ਡਾ. ਨਿਮਰਤ ਕੌਰ ਬੱਲ, ਇੰਜ. ਕੇ.ਬੀ. ਐੱਸ ਕਲੇਰ ਅਤੇ ਚਿੱਤਰਕਾਰ ਸਰੂਪ ਸਿੰਘ ਦੇ ਪਰਿਵਾਰ ਵਿੱਚੋਂ ਕੰਵਲਜੀਤ ਸਿੰਘ ਲਾਟੀ ਨੇ ਵੀ ਹਿੱਸਾ ਲਿਆ। ਪੁਸਤਕ ਬਾਰੇ ਹੋਈ ਵਿਚਾਰ ਚਰਚਾ ਵਿੱਚ ਜਸਵੰਤ ਖਟਕੜ, ਸ਼ਾਇਰਾ ਅਮਰ, ਬਲਜੀਤ ਕੌਰ ਬੱਲ ਅਤੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹਸਤੀਆਂ ਨੇ ਬਹੁਤ ਹੀ ਭਾਵਪੂਰਤ ਵਿਚਾਰ ਪ੍ਰਗਟਾਉਂਦਿਆਂ ਸਰੂਪ ਸਿੰਘ ਅਤੇ ਸੰਤੋਖ ਭੁੱਲਰ ਦੇ ਕਾਰਜ ਦੀ ਖੁੱਲ੍ਹੇ ਦਿਲ ਨਾਲ ਵਡਿਆਈ ਕੀਤੀ। ਮੁੱਖ ਮਹਿਮਾਨ ਦਰਸ਼ਨ ਖਟਕੜ ਨੇ ਚਿੱਤਰਕਾਰੀ ਦੀਆਂ ਬਾਰੀਕੀਆਂ ਬਾਰੇ ਚਰਚਾ ਕਰਦਿਆਂ ਸਰੂਪ ਸਿੰਘ ਦੇ ਕਾਰਜ ਦੀ ਵਿਲੱਖਣਤਾ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਸਮੁੱਚੇ ਸਮਾਗਮ ਦਾ ਲਾਈਵ ਪ੍ਰਸਾਰਨ ਜਸਬੀਰ ਸਿੰਘ ਸ਼ਾਇਰ ਦੇ ਵੈੱਬ ਟੀਵੀ ਲਫ਼ਜ਼ਾਂ ਦੀ ਦੁਨੀਆ ‘ਤੇ ਪ੍ਰੋ ਬਲਰਾਜ ਸਿੰਘ ਸ਼ੇਰਗਿੱਲ ਨੇ ਕੀਤਾ। ਸਮਾਗਮ ਦੇ ਅਖੀਰ ਵਿੱਚ ਸਾਹਿਤ ਕਲਾ ਕੇਂਦਰ ਦੇ ਸਰਪ੍ਰਸਤ ਸੀਤਲ ਸਿੰਘ ਸੰਘਾ ਨੇ ਸਮਾਗਮ ਦੀ ਸ਼ਾਨ ਬਣੇ ਸ਼ਰੋਤਿਆਂ ਦਾ ਧੰਨਵਾਦ ਕੀਤਾ। ਹਰ ਲਿਹਾਜ਼ ਨਾਲ ਸਫਲ ਰਹੇ ਇਸ ਸਮਾਗਮ ਦਾ ਮੰਚ ਸੰਚਾਲਨ ਕੇਂਦਰ ਦੇ ਪ੍ਰਧਾਨ ਪ੍ਰੋ ਗੋਪਾਲ ਸਿੰਘ ਬੁੱਟਰ ਨੇ ਕੀਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।