ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ,ਜਲੰਧਰ ਦੇ ਪੰਜਾਬੀ ਵਿਭਾਗ ਵੱਲੋਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ,ਕੈਨੇਡਾ ਦੇ ਪੰਜਾਬੀ ਅਧਿਆਪਕ ਤੇ ਪ੍ਰਸਿੱਧ ਲੇਖਕ ਡਾ ਸਾਧੂ ਬਿਨਿੰਗ ਨਾਲ ਵਿਚਾਰ ਚਰਚਾ ਆਯੋਜਿਤ ਕੀਤੀ ਗਈ।
ਕਾਲਜ ਪ੍ਰਿੰਸੀਪਲ ਡਾ.ਨਵਜੋਤ ਮੈਡਮ ਨੇ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਲੇਖਕ ਦਾ ਰਸਮੀ ਸੁਆਗਤ ਕੀਤਾ ਤੇ ਕਾਲਜ ਦੀ ਅਮੀਰ ਵਿਰਾਸਤ ਤੋਂ ਵੀ ਜਾਣੂ ਕਰਵਾਇਆ ਜਿਸਦੇ ਅੰਤਰਗਤ ਸਮੇਂ ਸਮੇਂ ਤੇ ਵਿਦਵਾਨਾਂ ਨਾਲ ਅਕਾਦਮਿਕ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ।
ਪੰਜਾਬੀ ਵਿਭਾਗ ਦੇ ਮੁਖੀ ਡਾ.ਅਕਾਲ ਅੰਮ੍ਰਿਤ ਕੌਰ ਨੇ ਲੇਖਕ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਧੂ ਬਿਨਿੰਗ ਕੈਨੇਡੀਅਨ ਪੰਜਾਬੀ ਲੇਖਕ ਹਨ ਜਿਹਨਾਂ ਨੇ ਡੇਢ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਹਨਾਂ ਕਿਤਾਬਾਂ ਵਿੱਚ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ, ਨਾਟਕ ਸੰਗ੍ਰਹਿ, ਖੋਜ, ਅਨੁਵਾਦ, ਅਤੇ ਸੰਪਾਦਿਤ ਕੀਤੀਆਂ ਹੋਈਆਂ ਕਿਤਾਬਾਂ ਸ਼ਾਮਲ ਹਨ। ਉਹ ਪੰਜਾਬੀ ਲੇਖਕ ਮੰਚ, ਵੈਨਕੂਵਰ (ਪਹਿਲਾਂ ਪੰਜਾਬੀ ਸਾਹਿਤ ਸਭਾ), ਵੈਨਕੂਵਰ ਸੱਥ ਦੇ ਮੁਢਲੇ ਮੈਂਬਰ ਹਨ ਅਤੇ ਪੰਜਾਬੀ ਕਲਚਰਲ ਅਸੋਸੀਏਸ਼ਨ ਦੇ ਮੁਢਲੇ ਪ੍ਰਧਾਨ। ਬਿਨਿੰਗ ਸਾਹਿਤਕ ਮੈਗਜ਼ੀਨ ‘ਵਤਨੋਂ ਦੂਰ’ ਦੇ ਸੰਪਾਦਕ ਅਤੇ ‘ਵਤਨ’ ਦੇ ਸਹਿ ਸੰਪਾਦਕ ਰਹੇ ਹਨ। ਉਹ ਕਲਾ ਅਤੇ ਸਮਾਜ ਵਿਚ ਉੱਚ ਦਰਜੇ ਦੀ ਸ਼ਖਸੀਅਤ ਹਨ। ਮਾਰਚ 2008 ਵਿੱਚ ‘ਵੈਨਕੂਵਰ ਸੰਨ’ ਨੇ ਬਿਨਿੰਗ ਦਾ ਨਾਂ ਬ੍ਰਿਟਿਸ਼ ਕੋਲੰਬੀਆ ਦੇ ਉਹਨਾਂ ਚੋਟੀ ਦੇ 100 ਦੱਖਣੀ ਏਸ਼ੀਆਈ ਲੋਕਾਂ ਵਿੱਚ ਸ਼ਾਮਲ ਕੀਤਾ ਜਿਹੜੇ ਬੀ ਸੀ ਦੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਖਾਸ ਕੰਮ ਕਰ ਰਹੇ ਹਨ। ਮਾਰਚ 2015 ਵਿਚ ਵੈਨਕੂਵਰ ਪਬਲਿਕ ਲਾਇਬਰੇਰੀ ਨੇ ਪੱਚੀ ਦੇ ਕਰੀਬ ਉਨ੍ਹਾਂ ਲੇਖਕਾਂ ਦੇ ਨਾਵਾਂ ਦੀਆਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਪਲੇਕਾਂ ਲਾਈਆਂ ਜਿਨ੍ਹਾਂ ਨੇ ਵੈਨਕੂਵਰ ਦੇ ਇਨ੍ਹਾਂ ਹਿੱਸਿਆਂ ਨੂੰ ਆਪਣੀਆਂ ਲਿਖਤਾਂ ਵਿਚ ਵਰਤਿਆ। ਸਾਧੂ ਬਿਨਿੰਗ ਦੇ ਨਾਮ ਦੀ ਪਲੇਕ ਵੈਨਕੂਵਰ ਦੇ ਦੱਖਣੀ ਹਿੱਸੇ ’ਤੇ ਲਾਈ ਗਈ।ਉਪਰੰਤ ਡਾ.ਸਾਧੂ ਬਿਨਿੰਗ ਨੇ ਆਪਣੇ ਸੰਬੋਧਨ ਰਾਹੀਂ; ਪਰਵਾਸ ਵਿਚ ਪੰਜਾਬੀਆਂ ਦੇ ਇਕ ਸਦੀ ਤੋਂ ਵੀ ਵੱਧ ਸਮੇਂ ਵਿਚ ਫੈਲੇ ਸੰਘਰਸ਼ ਤੇ
ਵਿਭਿੰਨ ਆਰਥਿਕ,ਸਮਾਜਿਕ,ਰਾਜਨੀਤਿਕ,ਸੱਭਿਆਚਾਰਕ,ਭਾਸ਼ਾਈ ਸਥਿਤੀਆਂ ਬਾਰੇ ਗੰਭੀਰ ਵਿਸ਼ਲੇਸ਼ਣ ਪੇਸ਼ ਕੀਤਾ।
ਬਿਨਿੰਗ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਸੋਸ਼ਿਆਲਜੀ ਦੀ ਐਮ. ਏ. ਦੀ ਡਿਗਰੀ ਪ੍ਰਾਪਤ ਕਰਨ,ਐਮ. ਏ. ਥੀਸਸ ਬੀ. ਸੀ. ਵਿਚ ਫਾਰਮ ਵਰਕਰਜ਼ ਯੂਨੀਅਨ ਬਾਰੇ ਜਿਕਰ ਕਰਦਿਆਂ 1988 ਤੋਂ 2008 ਤਕ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਦੇ ਅਧਿਆਪਕ ਵਜੋਂ ਤਜਰਬੇ ਵੀ ਸਾਂਝੇ ਕੀਤੇ। ਜਿਕਰਯੋਗ ਹੈ ਕਿ ਬਿਨਿੰਗ ਦੀਆਂ ਸਾਹਿਤਕ ਰਚਨਾਵਾਂ ਪੰਜਾਬੀ ਦੇ ਮੈਗਜ਼ੀਨਾਂ ਦੇ ਨਾਲ ਨਾਲ ਕੈਨੇਡਾ ਅਤੇ ਅਮਰੀਕਾ ਦੇ ਅੰਗ੍ਰੇਜ਼ੀ ਦੇ ਕਈ ਸਥਾਪਤ ਮੈਗਜ਼ੀਨਾਂ ਅਤੇ ਪਾਕਿਸਤਾਨ ਦੇ ਰਸਾਲਿਆਂ ਵਿਚ ਵੀ ਛਪਦੀਆਂ ਹਨ। ਕਨੇਡਾ ਅਤੇ ਖਾਸ ਕਰ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਬੋਲੀ ਦੇ ਵਿਕਾਸ ਹਿੱਤ ਹੋਈਆਂ ਸਰਗਰਮੀਆਂ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ। ਵਿਸ਼ੇਸ਼ ਮਹਿਮਾਨ ਸ.ਨਰਿੰਦਰ ਸਿੰਘ ਸੱਤੀ ਤੇ ਕਾਲਜ ਦੇ ਅਧਿਆਪਕ ਸਾਹਿਬਾਨ ਇਸ ਮੌਕੇ ਉਪਸਥਿਤ ਰਹੇ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।