ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਸਰਗਰਮੀਆਂ ਵਿਚ ਭਾਗ ਲੈਣ ਲਈ ਵੀ ਲਗਾਤਾਰ ਪ੍ਰੇਰਿਤ ਕਰਦਾ ਰਹਿੰਦਾ ਹੈ, ਜਿਸ ਸਦਕਾ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਕਾਲਜ ਦਾ ਨਾਂ ਰੌਸ਼ਨ ਕਰਦੇ ਆ ਰਹੇ ਹਨ। ਇਸੇ ਲੜੀ ਵਿਚ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ ਐਲੂਮਨੀ ਟੈਕ-ਟਾਕ ਤਹਿਤ ਕਾਲਜ ਦੀ ਪੁਰਾਣੀ ਵਿਦਿਆਰਥਣ ਦੀਪਿਕਾ ਗੁਪਤਾ ਨੂੰ ਵਿਦਿਆਰਥੀਆਂ ਦੇ ਰੂਬਰੂ ਕੀਤਾ ਗਿਆ। ਦੀਪਿਕਾ ਗੁਪਤਾ ਐਚਸੀਐੱਲ ਟੈਕਨੋਲੋਜੀਜ਼ ਲਿਮਟਿਡ ਨੋਇਡਾ ਵਿਖੇ ਸੀਨੀਅਰ ਟੈਕਨੀਕਲ ਅਪ੍ਰੇਸ਼ਨ/ਪ੍ਰਾਜੈਕਟ ਮੈਨੇਜਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਵਿਭਾਗ ਦੇ ਮੁੱਖੀ ਪ੍ਰੋ. ਸੰਜੀਵ ਕੁਮਾਰ ਆਨੰਦ ਅਤੇ ਪ੍ਰੈਫੇਸਰ ਸੰਦੀਪ ਬੱਸੀ ਨੇ ਦੀਪਿਕਾ ਗੁਪਤਾ ਦਾ ਕਾਲਜ ਪਹੁੰਚਣ ਤੇ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਸਾਡੇ ਵਿਦਿਆਰਥੀ ਦੁਨੀਆਂ ਭਰ ਵਿਚ ਆਪਣੀ ਪ੍ਰਤਿਭਾ ਸਦਕਾ ਪ੍ਰਾਪਤੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ ਦੁਆਰਾ ਇਸ ਪ੍ਰੋਗਰਾਮ ਤਹਿਤ ਆਪਣੇ ਖੇਤਰ ਵਿਚ ਸਥਾਪਤ ਹੋ ਚੁੱਕੇ ਪੁਰਾਣੇ ਵਿਦਿਆਰਥੀਆਂ ਨੂੰ ਨਵੇਂ ਵਿਦਿਆਰਥੀਆਂ ਦੇ ਰੂ-ਬਰੂ ਕਰਵਾਉਣ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਤਹਿਤ ਸਾਡੀ ਵਿਦਿਆਰਥਣ ਦੀਪਿਕਾ ਕੋਲੋਂ ਵਿਦਿਆਰਥੀਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਜੀਵਨ ਵਿਚ ਅੱਗੇ ਵਧਣਾ ਚਾਹੀਦਾ ਹੈ। ਦੀਪਿਕਾ ਗੁਪਤਾ ਨੇ ਜਿਥੇ ਆਪਣੀ ਸਫ਼ਲਤਾ ਦੌਰਾਨ ਹੋਏ ਕੌੜੇ ਮਿੱਠੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਉਥੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਵੀ ਪ੍ਰੇਰਿਆ। ਦੀਪਿਕਾ ਗੁਪਤਾ ਨੇ ਬੜੇ ਭਾਵਪੂਰਤ ਤਰੀਕੇ ਅਤੇ ਸੰਜਮ ਨਾਲ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਦੇ ਹਰ ਸ਼ੰਕੇ ਦੀ ਨਵਿਰਤੀ ਕੀਤੀ। ਦੀਪਿਕਾ ਦੇ ਇਸ ਭਾਸ਼ਣ ਦਾ ਕਾਲਜ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਲਾਹਾ ਲਿਆ। ਇਸ ਤੋਂ ਇਲਾਵਾ ਸਮਾਗਮ ਵਿਚ ਵਿਭਾਗ ਦਾ ਟੀਚਿੰਗ ਸਟਾਫ, ਟੈਕਨੀਕਲ ਸਟਾਫ ਅਤੇ ਸਹਾਇਕ ਸਟਾਫ ਵੀ ਹਾਜ਼ਰ ਸੀ। ਮੰਚ ਦਾ ਸੰਚਾਲਨ ਪ੍ਰੋਫੈਸਰ ਦਲਜੀਤ ਕੌਰ ਨੇ ਕੀਤਾ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।