ਜੁਲਾਈ () ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪਿਛਲੀਆਂ ਰਵਾਇਤੀ ਸਰਕਾਰਾਂ ਵਾਂਗ ਸਿਰਫ ਫੋਕੀ ਇਸ਼ਤਿਹਾਰਬਾਜ਼ੀ ਰਾਹੀਂ ਰੁਜ਼ਗਾਰ ਦੇ ਅੰਕੜੇ ਪੇਸ਼ ਕਰਕੇ ਵਾਹਵਾਹੀ ਖੱਟਣ ਦੀ ਤਾਕ ਵਿੱਚ ਹੈ। ਪ੍ਰੰਤੂ ਪੰਜਾਬ ਦਾ ਬੇਰੁਜ਼ਗਾਰ ਵਰਗ ਆਪਣੇ ਯਤਨਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਅਸਲੀ ਤਸਵੀਰ ਵਿਖਾਉਣ ਵਿੱਚ ਸਫਲ ਰਿਹਾ ਹੈ ਅਤੇ ਆਉਂਦੀ ਜਲੰਧਰ ਜ਼ਿਮਨੀ ਚੋਣ ਦੌਰਾਨ ਵੀ 7 ਜੁਲਾਈ ਨੂੰ ਜ਼ੋਰਦਾਰ ਰੋਸ ਪ੍ਰਦਰਸ਼ਨ ਰਾਹੀਂ ਹਲਕੇ ਦੇ ਵੋਟਰਾਂ ਨੂੰ ਜਾਗਰੂਕ ਕਰਦਿਆਂ ਰੁਜ਼ਗਾਰ ਪ੍ਰਤੀ ਸਰਕਾਰ ਦੀ ਬੇਰੁਖੀ ਨੂੰ ਜਨਤਕ ਕਰੇਗਾ।

ਉਕਤ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਅਮਨਦੀਪ ਸਿੰਘ ਸੇਖਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਪੁਲਿਸ ਲਾਠੀਚਾਰਜ ਝੱਲਦੇ ਅਤੇ ਟੈਂਕੀਆਂ ਉੱਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਦੇ ਬੇਰੁਜ਼ਗਾਰਾਂ ਦੇ ਹਾਲਾਤ 27 ਮਹੀਨਿਆਂ ਵਿੱਚ ਹੋਰ ਵੀ ਬਦਤਰ ਹੋਏ ਹਨ। ਅਜੇ ਵੀ ਜਿਉਂ ਦੀ ਤਿਉਂ ਪੱਗਾਂ/ ਚੁੰਨੀਆਂ ਲੱਥ ਰਹੀਆਂ ਹਨ। ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਪਹਿਲ ਦੇ ਆਧਾਰ ਉੱਤੇ ਭਰਤੀ ਕਰਨ, ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਲਾਗੂ ਕਰਨ, ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਓਵਰਏਜ਼ ਹੋਏ ਬੇਰੁਜ਼ਗਾਰਾਂ ਨੂੰ ਉੱਮਰ ਹੱਦ ਛੋਟ ਦੇਣ ਦੇ ਝਾਂਸੇ ਲਾਰੇ ਸਾਬਤ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਨਰਸਰੀ ਤੋਂ ਲੈ ਕੇ ਪ੍ਰੋਫੈਸਰ ਕਾਡਰ ਤੱਕ ਇੱਕ ਵੀ ਅਸਾਮੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ।

ਉਹਨਾਂ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੀਆ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਦੇਣ ਦੀ ਮੁਹਿੰਮ ਵਿੱਢੀ ਸੀ। ਹੁਣ ਜਲੰਧਰ ਦੀ ਜ਼ਿਮਨੀ ਚੋਣ ਦੌਰਾਨ 7 ਜੁਲਾਈ ਨੂੰ ਬੇਰੁਜ਼ਗਾਰ ਸਾਂਝਾ ਮੋਰਚਾ ਰੋਸ ਪ੍ਰਦਰਸ਼ਨ ਕਰੇਗਾ।
ਵਰਨਣਯੋਗ ਹੈ ਕਿ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ ਦੇ ਰੁਜ਼ਗਾਰ ਪ੍ਰਾਪਤੀ ਲਈ ਪੰਜ ਬੇਰੁਜ਼ਗਾਰ ਜਥੇਬੰਦੀਆਂ (ਬੀ ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਆਰਟ ਐਂਡ ਕਰਾਫਟ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਓਵਰਏਜ਼ ਬੇਰੁਜ਼ਗਾਰ ਯੂਨੀਅਨ, ਬੀ ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ (ਮੈਥ/ਸਾਇੰਸ) ਅਤੇ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ) ਉੱਤੇ ਆਧਾਰਤ ਮੋਰਚਾ ਪਿਛਲੇ ਲੰਬੇ ਸਮੇਂ ਤੋਂ ਯਤਨਸ਼ੀਲ਼ ਹੈ। ਲੋਕਾਂ ਨਾਲ ਛਲਾਵਾ ਕਰਨ ਵਾਲਿਆਂ ਨੂੰ ਪੰਜਾਬ ਦੇ ਅਣਖੀ,ਸੰਘਰਸ਼ੀ ਅਤੇ ਜਾਗਰੂਕ ਵੋਟਰ ਕਦੇ ਵੀ ਮੁਆਫ਼ ਨਹੀ ਕਰਨਗੇ।
ਉਹਨਾਂ ਅੱਗੇ ਦੱਸਿਆ ਕਿ ਜੇਕਰ ਘੂਕ ਸੁੱਤੀ ਸਰਕਾਰ ਨੇ ਹਜੇ ਵੀ ਕਰਵਟ ਨਾ ਲਈ ਤਾਂ ਆਉਂਦੀਆਂ ਬਾਕੀ ਚਾਰ ਜ਼ਿਮਨੀ ਚੋਣਾਂ/ ਪੰਚਾਇਤੀ/ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਹੋਰ ਚੋਣਾਂ ਮੌਕੇ ਬੇਰੁਜ਼ਗਾਰ ਤਿੱਖਾ ਵਿਰੋਧ ਕਰਨਗੇ।

*ਮੁੱਖ ਮੰਗਾਂ*-
1. ਮਾਸਟਰ ਕੇਡਰ ਦੀਆਂ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
2. ਮਾਸਟਰ ਕੇਡਰ ਉੱਤੇ ਥੋਪੀ ਗਈ ਗ੍ਰੈਜੂਏਸ਼ਨ ਚੋਂ 55% ਦੀ ਬੇਤੁਕੀ ਸ਼ਰਤ ਨੂੰ ਮੁੱਢੋਂ ਰੱਦ ਕੀਤਾ ਜਾਵੇ। ਕਿਉਂਕਿ ਬੀ ਐੱਡ ਕਰਨ ਲਈ ਅੱਜ ਵੀ ਯੋਗਤਾ ਗ੍ਰੈਜੂਏਸ਼ਨ ਵਿੱਚੋਂ ਜਨਰਲ ਸ਼੍ਰੇਣੀ ਲਈ 50% ਅਤੇ ਰਾਖਵੀਂ ਸ਼੍ਰੇਣੀ ਲਈ 45% ਅੰਕ ਹੈ।
3. ਲੰਬੇ ਸਮੇਂ ਤੋਂ ਭਰਤੀਆਂ ਨਾ ਆਉਣ ਕਰਕੇ ਆਪਣੀ ਉਮਰ ਲੰਘਾ ਚੁੱਕੇ ਉਮੀਦਵਾਰਾਂ ਨੂੰ ਉਮਰ ਹੱਦ ਛੋਟ ਦਿੱਤੀ ਜਾਵੇ।
4. ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ।
5. ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ।
6. ਲੈਕਚਰਾਰ ਦੇ ਸਬਜੈੱਕਟ ਕੰਬੀਨੇਸ਼ਨ ਚ ਸ਼ੋਧ ਕਰਕੇ, ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, 343 ਲੈਕਚਰਾਰ ਭਰਤੀ ਰੱਦ ਹੋਣ ਕਾਰਣ ਓਵਰਏਜ਼ ਹੋ ਚੁੱਕੇ ਉਮੀਦਵਾਰਾਂ ਨੂੰ ਆਉਣ ਵਾਲੀ ਭਰਤੀ ਵਿੱਚ ਮੌਕਾ ਦਿੱਤਾ ਜਾਵੇ।
7. ਪੰਜਾਬ ਦੀਆਂ ਨੌਕਰੀਆਂ ਲਈ ਬਾਹਰਲੇ ਰਾਜਾਂ ਦਾ ਕੋਟਾ ਸੀਮਿਤ ਕਰਨਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।