ਜਲੰਧਰ (09.07.2024): “ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ (ਪੀ.ਐਮ.ਐਸ.ਐਮ.ਏ.)” ਤਹਿਤ ਸਿਵਲ ਸਰਜਨ ਡਾ. ਜਗਦੀਪ ਚਾਵਲਾ ਅਤੇ ਮੈਡੀਕਲ ਸੁਪਰਡੈਂਟ ਡਾ. ਗੀਤਾ ਕਟਾਰੀਆ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮੰਗਲਵਾਰ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਚੈਕਅਪ ਕੈਂਪ ਲਗਾ ਕੇ ਗਰਭਵਤੀ ਔਰਤਾਂ ਦਾ ਐਂਟੀਨੇਟਲ (ਏ.ਐੱਨ.ਸੀ.) ਚੈਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸੇ ਕੜੀ ਤਹਿਤ ਸਿਹਤ ਵਿਭਾਗ ਵੱਲੋਂ ਐਮ.ਸੀ.ਐਚ. ਸੈਂਟਰ ਸਿਵਲ ਹਸਪਤਾਲ ਜਲੰਧਰ ਵਿਖੇ ਗਰਭਵਤੀ ਔਰਤਾਂ ਲਈ ਵਿਸ਼ੇਸ਼ ਸਕ੍ਰੀਨਿੰਗ ਕੈਂਪ ਲਗਾਇਆ ਗਿਆ। ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੋਰ ਦੀ ਅਗਵਾਈ ਅਤੇ ਐਸ.ਐਮ.ਓ. ਡਾ. ਵਰਿੰਦਰ ਕੋਰ ਥਿੰਦ ਅਤੇ ਐਸ.ਐਮ.ਓ. ਡਾ. ਪਰਮਜੀਤ ਸਿੰਘ ਦੀ ਦੇਖਰੇਖ ਹੇਠ ਲਗਾਏ ਗਏ ਇਸ ਵਿਸ਼ੇਸ਼ ਸਕ੍ਰੀਨਿੰਗ ਕੈਂਪ ਦੌਰਾਨ ਗਰਭਵਤੀ ਔਰਤਾਂ ਦਾ ਡਾਕਟਰੀ ਚੈਕਅੱਪ ਕਰਕੇ ਉਨ੍ਹਾਂ ਨੂੰ ਲੌੜੀਂਦੇ ਲੈਬਾਰਟਰੀ ਟੈਸਟ ਕਰਵਾਉਣ ਅਤੇ ਐਚ.ਆਈ.ਵੀ. ਦੀ ਜਾਂਚ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ (ਪੀ.ਐਮ.ਐਸ.ਐਮ.ਏ) ਤਹਿਤ ਗਰਭਵਤੀ ਔਰਤਾਂ ਦੀ ਮੁਫ਼ਤ ਮੈਡੀਕਲ ਜਾਂਚ ਤੇ ਲੋੜੀਂਦੇ ਟੈਸਟ ਕੀਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਪੇਸ਼ ਆਉਣ ਵਾਲੀ ਸਿਹਤ ਸਮੱਸਿਆ ਬਾਰੇ ਪਤਾ ਲੱਗ ਸਕੇ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾ ਸਕੇ। ਡਾ. ਮਨਦੀਪ ਕੌਰ ਨੇ ਕਿਹਾ ਕਿ ਪੀ.ਐਮ.ਐਸ.ਐਮ.ਏ. ਦਾ ਉਦੇਸ਼ ਹਰ ਗਰਭਵਤੀ ਔਰਤ ਦੀ ਮਾਹਿਰ ਡਾਕਟਰਾਂ ਤੋਂ ਜਾਂਚ ਕਰਵਾਉਣਾ ਹੈ ਤਾਂ ਜੋ ਗਰਭਵਤੀ ਔਰਤਾਂ ਅਤੇ ਨਵਜਾਤ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਹੁੰਚ ਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਜੱਚਾ-ਬੱਚਾ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ ਗਈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਵਰਿੰਦਰ ਕੌਰ ਥਿੰਦ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੇ ਲਈ ਵਿਸ਼ੇਸ਼ ਚੈਕਅੱਪ ਕੈਂਪਾਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਕੈਂਪ ਦੌਰਾਨ ਹਾਈ ਰਿਸਕ ਤੇ ਜਣੇਪੇ ਵਾਲੀਆਂ ਔਰਤਾਂ ਦਾ ਬਲੱਡ ਪ੍ਰੈਸ਼ਰ, ਖੂਨ, ਸ਼ੂਗਰ ਰੋਗ ਟੈਸਟ ਅਤੇ ਹੋਰ ਲੱਛਣਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਗਰਭਵਤੀ ਔਰਤਾਂ ਖ਼ਾਸ ਕਰਕੇ ਹਾਈਰਿਸਕ ਔਰਤਾਂ ਦੀ ਸਮੇਂ-ਸਮੇਂ ’ਤੇ ਰੇਗੂਲਰ ਸਿਹਤ ਜਾਂਚ ਕੀਤੀ ਜਾਵੇ ਤਾਂ ਗਰਭ ਅਵਸਥਾ ਦੀਆਂ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਕੈਂਪ ਦੌਰਾਨ ਗਰਭਵਤੀ ਔਰਤਾਂ ਨੂੰ ਖੂਨ ਦੀ ਕਮੀ ਪੂਰੀ ਕਰਨ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਫਲ ਫਰੂਟ ਖਾਣ, ਆਇਓਡੀਨ ਯੁਕਤ ਨਮਕ, ਦੁੱਧ, ਦਹੀ, ਪਨੀਰ, ਅੰਡੇ ਦੀ ਵਰਤੋਂ ਕਰਨ ਅਤੇ ਕੋਈ ਸਿਹਤ ਸਮੱਸਿਆ ਪੇਸ਼ ਆਉਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਗਿਆ।