ਚੰਡੀਗੜ () ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਸਮੇਤ ਸੀਨੀਅਰ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਚਰਨਜੀਤ ਸਿੰਘ ਬਰਾੜ ਵੱਲੋ ਪੰਜਾਬ ਦੇ ਰਾਜਪਾਲ ਨਾਲ ਰਾਜ ਭਵਨ ਚੰਡੀਗੜ੍ਹ ਵਿਖੇ ਮੁਲਾਕਾਤ ਗਈ। ਇਸ ਮੌਕੇ ਸੁਧਾਰ ਲਹਿਰ ਦੇ ਆਗੂਆਂ ਨੇ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਚੰਡੀਗੜ ਵਿੱਚ ਦਿੱਤੀ ਜਾਣ ਵਾਲੀ ਜ਼ਮੀਨ ਤੇ ਸਖ਼ਤ ਇਤਰਾਜ਼ ਜਾਹਿਰ ਕਰਦਿਆਂ ਕਿਹਾ ਕਿ ਇਹ ਪੰਜਾਬ ਨਾਲ ਰਚੀ ਜਾ ਰਹੀ ਗਹਿਰੀ ਸਾਜਿਸ਼ ਹੈ। ਇਸ ਦੇ ਨਾਲ ਹੀ ਆਗੂਆਂ ਨੇ ਮਾਨਯੋਗ ਰਾਜਪਾਲ ਨੂੰ ਚੇਤੇ ਕਰਵਾਇਆ ਕਿ ਇਹ ਮੁੱਦਾ ਪਾਣੀਆਂ ਦੇ ਮੁੱਦੇ ਦੀ ਤਰਾਂ ਪੰਜਾਬੀਆਂ ਲਈ ਭਾਵਨਾਤਮਕ ਅਤੇ ਸੰਵੇਦਨਸ਼ੀਲ ਹੈ, ਜਿਸ ਤਰਾਂ ਪਾਣੀਆਂ ਦੀ ਰਾਖੀ ਲਈ ਕਪੂਰੀ ਮੋਰਚੇ ਨੂੰ ਲੜਿਆ ਗਿਆ ਅਤੇ ਇਸ ਤੋਂ ਬਾਅਦ ਪੰਜਾਬ ਦੇ ਹਾਲਾਤ ਸਾਜਿਸ਼ ਤਹਿਤ ਖਰਾਬ ਕਰਵਾਏ ਗਏ, ਠੀਕ ਉਸੇ ਤਰ੍ਹਾਂ ਨਾਲ ਅੱਜ ਪੰਜਾਬ ਨੂੰ ਦੁਬਾਰਾ ਉਸ ਸਥਿਤੀ ਵਿੱਚ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ।

ਮਾਨਯੋਗ ਰਾਜਪਾਲ ਨੂੰ 1966 ਪੁਨਰਗਠਨ ਤੋਂ ਜਾਣੂ ਕਰਵਾਉਂਦੇ ਹੋਏ ਆਗੂਆਂ ਨੇ ਕਿਹਾ, ਕਿ ਇਸ ਵਿੱਚ ਇਹ ਗੱਲ ਦਰਜ ਹੈ ਕਿ ਤਹਿਸੀਲ ਨੂੰ ਇਕਾਈ ਮੰਨਿਆ ਜਾਵੇਗਾ, ਜਿਸ ਤਹਿਤ ਖਰੜ ਤਹਿਸੀਲ ਦੇ ਪਿੰਡਾਂ ਨੂੰ ਉਜਾੜ ਕੇ ਚੰੜੀਗੜ ਵਸਾਇਆ ਗਿਆ ਸੀ ਅਤੇ ਵਕਤੀ ਤੌਰ ਤੇ ਚੰਡੀਗੜ ਨੂੰ ਹਰਿਆਣਾ ਦੀ ਰਾਜਧਾਨੀ ਮੰਨਿਆ ਗਿਆ ਸੀ, ਪਰ ਅੱਜ ਤੱਕ ਇਸ ਗੰਭੀਰ ਮਸਲੇ ਤੇ ਕਦੇ ਕੇਂਦਰ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ, ਇਸ ਤੋਂ ਪਹਿਲਾਂ ਕੇਂਦਰ ਵਿੱਚ ਰਾਜ ਕਰਨ ਵਾਲੀ ਕਾਂਗਰਸ ਅਤੇ ਹੁਣ ਬੀਜੇਪੀ ਇਸ ਮਸਲੇ ਤੇ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ।

ਸੁਧਾਰ ਲਹਿਰ ਦੇ ਆਗੂਆਂ ਨੇ, ਮਾਨਯੋਗ ਰਾਜਪਾਲ ਨੂੰ ਰਾਜੀਵ ਲੋਗੋਵਾਲ ਸਮਝੌਤਾ ਯਾਦ ਕਰਵਾਉਂਦੀਆਂ ਕਿਹਾ ਕਿ, ਇਹ ਸਮਝੌਤਾ ਸੂਬੇ ਦੀ ਖੇਤਰੀ ਪਾਰਟੀ ਅਤੇ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਸੀ, ਲੋਕ ਸਭਾ ਅਤੇ ਰਾਜ ਸਭਾ ਵਿੱਚ ਇਸ ਤੇ ਮੋਹਰ ਲੱਗ ਚੁੱਕੀ ਹੈ, ਅਤੇ ਕਈ ਵਾਰ ਚੰਡੀਗੜ ਪੰਜਾਬ ਨੂੰ ਦੇਣ ਦਾ ਰਸਮੀ ਐਲਾਨ ਤੱਕ ਕੀਤਾ ਗਿਆ, ਪਰ ਕਦੇ ਵੀ ਵਚਨਬੱਧਤਾ ਨੂੰ ਪੂਰਾ ਨਹੀਂ ਕੀਤਾ ਗਿਆ।

ਇਸ ਦੇ ਨਾਲ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ, ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਵਧ ਰਹੇ ਦਖਲ ਖਿਲਾਫ ਸਮੂਹ ਪੰਜਾਬੀਆਂ ਨੂੰ ਇਕੱਠਾ ਹੋਣਾ ਪਵੇਗਾ ਅਤੇ ਇਸ ਵੱਡੀ ਲੜਾਈ ਲਈ ਸਾਰੇ ਪੰਜਾਬੀਆਂ ਨੂੰ ਇਕ ਮੰਚ ਤੇ ਆਉਣ ਦਾ ਓਹਨਾ ਨੇ ਸੱਦਾ ਵੀ ਦਿੱਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।