
ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਅੱਜ ਡਾ ਪਾਲ ਕੌਰ ਜਿਹਨਾਂ ਨੂੰ ਹਾਲ ਹੀ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ2024 ਮਿਲਿਆ ਹੈ।ਅੱਜ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਉਹਨਾਂ ਦਾ ਸਨਮਾਨ ਸਮਾਰੋਹ ਰੱਖਿਆ ਗਿਆ। ਇਸ ਦੇ ਨਾਲ ਹੀ ਹਰਪ੍ਰੀਤ ਕੌਰ (ਪ੍ਰੀਤ ਹੀਰ) ਜੀ ਦੀ ਪਲੇਠੀ ਕਿਤਾਬ ਕਿਸਾਨ ਅੰਦੋਲਨ :ਜੂਝਦੇ ਖੇਤਾਂ ਦੀ ਗਰਜ ਉਪਰ ਵਿਚਾਰ ਚਰਚਾ ਕੀਤੀ ਗਈ। ਇਹ ਪ੍ਰੋਗਰਾਮ ਅਕਾਲ ਕਾਲਜ ਆਫ਼ ਐਜੂਕੇਸ਼ਨ ਹਾਲ ਵਿਚ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਸਥਾਪਤੀ, ਕਾਰਜਾਂ, ਪ੍ਰਾਪਤੀਆ ਬਾਰੇ ਜਾਣੂੰ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਪ੍ਰੀਤ ਹੀਰ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਸਿੰਗਰ ਵੰਦਨਾ ਸਿੰਘ ਵੱਲੋਂ ਆਪਣੇ ਖੂਬਸੂਰਤ ਧਾਰਮਿਕ ਗੀਤ ਨਾਲ ਕੀਤੀ ਗਈ। ਇਸ ਤੋਂ ਬਾਅਦ ਡਾ ਪਾਲ ਕੌਰ (ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ)ਉਹਨਾਂ ਦੀ ਕਿਤਾਬ ਦੇ ਉਪਰ ਮੁੱਖ ਬੁਲਾਰੇ ਡਾ ਦੇਵਿੰਦਰ ਸੈਫ਼ੀ ਵੱਲੋਂ ਪਰਚਾ ਪੜ੍ਹਿਆ ਗਿਆ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਡਾ ਪਾਲ ਕੌਰ ਨੇ ਇਸ ਕਿਤਾਬ ਵਿਚ ਪੂਰੇ ਪੰਜਾਬ ਦੇ ਇਤਿਹਾਸ ਨੂੰ ਸਮੇਟ ਦਿੱਤਾ ਹੈ।ਡਾ ਪਾਲ ਕੌਰ ਵੱਲੋਂ ਕਾਵਿ ਰੂਪ ਵਿਚ ਬੜੀ ਸੂਖਮਤਾ ਨਾਲ ਪੰਜਾਬ ਦੇ ਇਤਿਹਾਸ ਨੂੰ ਕਲਮਬੱਧ ਕੀਤਾ ਗਿਆ ਹੈ।ਪ੍ਰੀਤ ਹੀਰ ਦੀ ਕਿਤਾਬ ਕਿਸਾਨ ਅੰਦੋਲਨ ਜੂਝਦੇ ਖੇਤਾਂ ਦੀ ਗਰਜ ਵਿਚ ਡਾ ਪ੍ਰਿਤਪਾਲ ਕੌਰ ਚਾਹਲ (ਕਨੇਡਾ) ਵੱਲੋਂ ਇਸ ਕਿਤਾਬ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਆਏ ਹੋਏ ਮੁੱਖ ਮਹਿਮਾਨ ਡਾ ਹਮੀਰ ਸਿੰਘ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਕਿਸੇ ਕਾਰਜ ਨੂੰ ਲੈ ਕੇ ਕੋਈ ਯੋਗ ਨੇਤਾ ਨਹੀਂ ਜੋ ਪ੍ਰਬੰਧਕੀ ਢਾਂਚੇ ਨੂੰ ਸਹੀ ਦਿਸ਼ਾ ਦੇ ਸਕੇ । ਬਲਕਿ ਬੱਚਿਆਂ, ਨੋਜਵਾਨਾਂ ਨੂੰ ਗੁੰਮਰਾਹ ਕਰਨ ਲਈ ਸਿਰਫ਼ ਬਿਰਤਾਂਤ ਸਿਰਜੇ ਜਾ ਰਹੇ ਹਨ। ਪਰ ਕੰਮ ਕੋਈ ਨਹੀਂ ਹੋ ਰਿਹਾ। ਸਰਕਾਰੀ ਤੰਤਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਡਾ ਸੁਰਜੀਤ ਸਿੰਘ ਬਰਾੜ,ਡਾ ਕਮਲਜੀਤ ਸਿੰਘ ਟਿੱਬਾ, ਮਹੰਤ ਹਰਪਾਲ ਦਾਸ ਇਮਾਮਗੜ ਡੇਰਾ ਮੁਖੀ ਵੱਲੋਂ ਆਪੋ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕੀਤੇ ਗਏ ।ਡਾ ਹਰੀ ਸਿੰਘ ਜਾਚਕ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਜੀਵਨ ਉਪਰ ਕਵਿਤਾ ਸੁਣਾ ਕੇ ਵਾਹ ਵਾਹ ਖੱਟੀ। ਡਾ ਪਾਲ ਕੌਰ ਨੇ ਆਪਣੀ ਕਿਤਾਬ ਉੱਪਰ ਗੱਲਬਾਤ ਕਰਦਿਆਂ ਦੱਸਿਆ ਕਿ ਅਜੋਕੀ ਪੀੜ੍ਹੀ ਨੂੰ ਆਪਣੇ ਸਿਲੇਬਸ ਤੋਂ ਬਿਨਾਂ ਬੁੱਧੀਜੀਵੀਆਂ, ਆਲੋਚਕਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਉਹਨਾਂ ਨੂੰ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਇਸ ਤੋਂ ਬਿਨਾਂ ਤਰਕਸ਼ੀਲ ਵਿਚਾਰਾਂ ਦਾ ਪੈਦਾ ਹੋਣਾ ਬੰਦ ਹੋ ਜਾਵੇਗਾ। ਸੋ ਹਮੇਸ਼ਾ ਹੀ ਸਿਖਿਆਰਥੀਆਂ ਨੂੰ ਸਾਹਿਤ ਨਾਲ ਜੁੜਕੇ ਸਿੱਖਦੇ ਰਹਿਣਾ ਚਾਹੀਦਾ ਹੈ। ਉਹਨਾਂ ਨੇ ਅਕਾਲ ਕੌਂਸਲ ਦੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਸਾਰੇ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਜੀ ਦੁਆਰਾ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਾਹਿਤ ਉਪਰਾਲੇ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਡਾ ਪਾਲ ਕੌਰ ਅਤੇ ਪ੍ਰੀਤ ਹੀਰ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੇ ਕਾਵਿ ਸੰਗ੍ਰਹਿ “ਮਹਾਂ ਕੰਬਣੀ” ਵਿਚੋਂ ਸਰੋਤਿਆਂ ਨਾਲ ਆਪਣੀ ਨਜ਼ਮ ਸਾਂਝੀ ਕੀਤੀ। ਪ੍ਰੋਗਰਾਮ ਦੇ ਆਖੀਰ ਵਿੱਚ ਸ ਜਸਵੰਤ ਸਿੰਘ ਖਹਿਰਾ ਅਤੇ ਸਮੂਹ ਸਟਾਫ਼ ਵੱਲੋਂ ਆਏ ਹੋਏ ਮਹਿਮਾਨਾਂ ਦਾ ਮਾਣ ਸਨਮਾਨ ਕੀਤਾ ਗਿਆ।ਇਸ ਪ੍ਰੋਗਰਾਮ ਮੌਕੇ ਪ੍ਰਿੰਸੀਪਲ ਡਾ ਸੁਖਦੀਪ ਕੌਰ ਅਕਾਲ ਕਾਲਜ ਐਜੂਕੇਸ਼ਨ ਵਿਭਾਗ, ਪ੍ਰਿੰਸੀਪਲ ਡਾ ਰਜਿੰਦਰ ਸਿੰਘ (ਬਹਾਦਰਪੁਰ),ਡਾ ਗੁਰਬੀਰ ਸਿੰਘ, ਡਾ ਨਿਰਪਜੀਤ ਸਿੰਘ ਅੰਗਰੇਜ਼ੀ ਵਿਭਾਗ , ਡਾ ਕਮਲਜੀਤ ਕੌਰ, ਡਾ ਹਰਪਾਲ ਕੌਰ,ਪ੍ਰੋ ਪ੍ਰਦੀਪ , ਪ੍ਰੋ. ਅਮਨਜੋਤ ਕੌਰ, ਪ੍ਰੋ .ਅਮਨਦੀਪ ਕੌਰ ਬੀ ਫਾਰਮੇਸੀ, ਪ੍ਰੋ.ਮਨੀਸਾ ਰਾਣੀ, ਡਾ ਰਜਿੰਦਰ ਕੌਰ ਇੰਚਾਰਜ ਇਨਕੁਆਰੀ ਆਫਿਸ, ਸਤਵਿੰਦਰ ਸਿੰਘ ਸੱਤੀ , ਸ ਜੰਗ ਸਿੰਘ ਫੱਟੜ , ਡਾ ਮੇਜਰ ਸਿੰਘ, ਡਾ ਅਮਰਜੀਤ ਸਿੰਘ, ਡਾ ਸੰਗੀਤਾਂ ਖੁਰਾਨਾ, ਰੂਬੀ ਗਰਗ , ਰਮਨਦੀਪ ਵਿਰਕ ਅਤੇ ਸਰੋਜ਼ ਬਾਲਾ, ਸੁਰਿੰਦਰਜੀਤ ਸਿੰਘ ਪ੍ਰੀਤ ਪਬਲੀਕੇਸ਼ਨਜ਼ ਨਾਭਾ, ਇਕਬਾਲ ਸਿੰਘ ਸਕਰੌਦੀ, ਸਤਨਾਮ ਸਿੰਘ ਦਮਦਮੀ ਅਤੇ ਅਕਾਲ ਕਾਲਜ ਕੌਂਸਲ ਦੇ ਅਹੁਦੇਦਾਰ ਅਤੇ ਸਮੂਹ ਸਟਾਫ਼ ਮੋਜੂਦ ਸਨ। ਮੰਚ ਸੰਚਾਲਨ ਦੀ ਭੂਮਿਕਾ ਡਾ ਹਰਜਿੰਦਰ ਸਿੰਘ (ਪੰਜਾਬੀ ਵਿਭਾਗ ਦੇ ਮੁਖੀ) ਉਹਨਾਂ ਵੱਲੋਂ ਬਾਖੂਬੀ ਨਿਭਾਈ ਗਈ।