
ਅੰਮ੍ਰਿਤਸਰ :ਹਿਤ ਜਗਤ ਦੇ ਕੋਹਿਨੂਰ ਹੀਰੇ, ‘ਅੰਮ੍ਰਿਤਸਰ ਵੱਲ ਜਾਂਦੇ ਰਾਹੀਓ’ ਵਰਗੀਆਂ ਸੈਂਕੜੇ ਸੰਸਾਰ ਪ੍ਰਸਿੱਧ ਲਿਖਤਾਂ ਦੇ ਰਚੇਤਾ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਜੋ ਆਪਣੀ ਪੰਜਾਬ ਫੇਰੀ ਦੌਰਾਨ ਹਰ ਦਿਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ, ਪੰਥਕ ਅਤੇ ਸਾਹਿਤਕ ਸਮਾਗਮਾਂ ਦੀ ਸ਼ਾਨ ਬਣਦੇ ਆ ਰਹੇ ਹਨ, ਬਹੁਤ ਜਲਦੀ ਇੰਗਲੈਂਡ ਵਾਪਸੀ ਕਰਨਗੇ।
ਕਈ ਦਹਾਕਿਆਂ ਤੋਂ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਵਿਦੇਸ਼ ਵਿੱਚ ਵੱਸਦੇ ਹੋਏ ਵੀ ਤਨੋਂ ਮਨੋਂ ਪੰਜਾਬ ਦੀ ਮਿੱਟੀ ਨਾਲ ਨਿਰੰਤਰ ਜੁੜੇ ਹੋਏ ਹਨ। ਜਿਨ੍ਹਾਂ ਨੇ 26-27 ਦੇਸ਼ਾਂ ਦਾ ਭ੍ਰਮਣ ਕਰਨ ਤੇ ਵੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਣੇ ਤੋਂ ਇੱਕ ਪਲ ਵੀ ਦੂਰ ਨਹੀਂ ਹੋਣ ਦਿੱਤਾ। ਇੰਗਲੈਂਡ ਵਾਪਸੀ ਦੀ ਖੁਫੀਆ ਰਿਪੋਰਟ ਮਿਲਣ ਤੇ ਲੱਖਾ ਸਲੇਮਪੁਰੀ ਨਾਲ ਫੋਨ ਤੇ ਸੰਪਰਕ ਕਰਨ ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਮਨ ਦੀ ਭਾਵਨਾ ਹੈ ਕਿ ਰਹਿੰਦੀ ਜ਼ਿੰਦਗੀ ਆਪਣੇ ਪੰਜਾਬ ਦੀ ਧਰਤੀ ਤੇ ਰਹਿ ਕੇ ਪੰਜਾਬੀ ਮਾਂ ਬੋਲੀ ਅਤੇ ਪੰਥ ਦੀ ਸੇਵਾ ਕਰਾਂ ਲੇਕਿਨ ਕਿਸੇ ਜ਼ਰੂਰੀ ਕੰਮ ਕਾਰਨ ਜਾਣਾ ਪੈ ਰਿਹਾ ਹੈ ਸੋ ਮੇਰੇ ਪਿਆਰ ਵਾਲੇ ਸਾਹਿਤਕਾਰ ਦੋਸਤ ਮਾਯੂਸ ਨਾ ਹੋਣ, ਬਹੁਤ ਜਲਦੀ ਪੰਜਾਬ ਵਾਪਸੀ ਕਰਾਂਗਾ।
ਵਿਦੇਸ਼ਾਂ ਤੋਂ ਚੱਲ ਰਹੀਆਂ ਸਾਹਿਤਕ ਗਤੀਵਿਧੀਆਂ ਬਾਰੇ ਪੁੱਛਣ ਤੇ ਲੱਖਾ ਸਲੇਮਪੁਰੀ ਨੇ ਦੱਸਿਆ ਕਿ ਉਹਨਾਂ ਵੱਲੋਂ 12 ਅਪ੍ਰੈਲ 2006 ਨੂੰ ਬੈੱਡਫੋਰਡ ਇੰਗਲੈਂਡ ਦੀ ਧਰਤੀ ਤੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਮਾਣ ਪੰਜਾਬੀਆਂ ‘ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਦਾ ਗਠਨ ਕੀਤਾ ਗਿਆ ਸੀ ਜੋ ਅੱਜ ਵੀ ਪੰਜਾਬ ਸਮੇਤ ਦੇਸ਼-ਵਿਦੇਸ਼ਾਂ ਦੇ ਉੱਭਰ ਰਹੇ ਸਾਹਿਤਕਾਰਾਂ ਨੂੰ ਅੱਗੇ ਵਧਣ ਦੇ ਮੌਕੇ ਨਿਰੰਤਰ ਪ੍ਰਦਾਨ ਕਰਦਾ ਆ ਰਿਹਾ ਹੈ। ਆਖਿਰ ਵਿੱਚ ਲੱਖਾ ਸਲੇਮਪੁਰੀ ਨੇ ਦੱਸਿਆ ਕਿ ਉਹ ਸੰਪੂਰਨ ਤੌਰ ਤੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਸਮਰਪਿਤ ਹਨ ਤੇ ਰਹਿੰਦਾ ਜੀਵਨ ਏਸੇ ਦੇ ਪ੍ਰਚਾਰ ਵਿੱਚ ਬਤੀਤ ਕਰਨਗੇ।