
ਜਲੰਧਰ (10.07.2025): ਆਮ ਆਦਮੀ ਕਲੀਨਿਕਾਂ ਲਈ ਮੈਡੀਕਲ ਅਫ਼ਸਰਾਂ ਦੀ ਇੰਟਰਵੀਊ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਜਲੰਧਰ ਵਿਖੇ ਹੋਈ। ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੀ ਪ੍ਰਧਾਨਗੀ ਹੇਠ ਇੰਟਰਵਿਊ ਪੂਰੇ ਪਾਰਦਰਸ਼ੀ ਢੰਗ ਨਾਲ ਲਈ ਗਈ। ਤਿੰਨ ਮੈਂਬਰੀ ਕਮੇਟੀ ਵਿੱਚ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੀ ਸ਼ਾਮਲ ਸਨ। ਇਸ ਤਿੰਨ ਮੈਂਬਰੀ ਕਮੇਟੀ ਵੱਲੋਂ ਇੰਟਰਵਿਊ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਆਮ ਆਦਮੀ ਕਲੀਨਿਕ ਢੰਡੋਰ ਅਤੇ ਆਮ ਆਦਮੀ ਕਲੀਨਿਕ ਗਿਦੜਪਿੰਡੀ ਵਿਖੇ ਲੋਕ ਹਿੱਤ ਦੇ ਮੱਦੇਨਜਰ ਖਾਲੀ ਪਈ ਮੈਡੀਕਲ ਅਫ਼ਸਰ ਦੀ ਆਸਾਮੀ ਭਰਨ ਲਈ ਇਹ ਇੰਟਰਵਿਊ ਪ੍ਰਕਿਰਿਆ ਰੱਖੀ ਗਈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਤਿੰਨ ਟੀਮਾਂ ਵੱਲੋਂ ਕਾਊਂਸਲਿੰਗ ਦੌਰਾਨ ਉਮੀਦਵਾਰਾਂ ਦੇ ਅਸਲ ਦਸਤਾਵੇਜਾਂ ਦੀ ਜਾਂਚ ਕੀਤੀ ਗਈ ਅਤੇ ਕਾਊਂਸਲਿੰਗ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲੀ। ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਮੈਡੀਕਲ ਅਫ਼ਸਰ ਦੀਆਂ ਆਸਾਮੀਆਂ ਲਈ 59 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 57 ਉਮੀਦਵਾਰਾਂ ਦੀ ਇੰਟਰਵਿਊ ਕੀਤੀ ਗਈ ਅਤੇ ਦੋ ਉਮੀਦਵਾਰ ਗੈਰ ਹਾਜਰ ਸਨ। ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਇਸ ਇੰਟਰਵਿਊ ਦਾ ਨਤੀਜਾ ਜਲਦ ਘੋਸ਼ਿਤ ਕੀਤਾ ਜਾਵੇਗਾ।