ਜਲੰਧਰ, 27 ਮਈ ( )-ਇਨਕਲਾਬੀ ਜਮਹੂਰੀ ਲਹਿਰ ਦੇ ਆਗੂ ਸਾਥੀ ਮਦਨ ਗੋਪਾਲ ਦੀ ਪੰਜਵੀਂ ਬਰਸੀਂ 29 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਨਾਉਣ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਇਹ ਬਰਸੀਂ ਸਾਥੀ ਗੋਪਾਲ ਜੀ ਦੇ ਪਰਿਵਾਰ, ਸਨੇਹੀਆਂ ਅਤੇ ਸੰਗੀ-ਸਾਥੀਆਂ ਵਲੋਂ ਮਨਾਈ ਜਾ ਰਹੀ ਹੈ। ਇਸ ਮੌਕੇ “ਦੇਸ਼ ਧ੍ਰੋਹ, ਜਮਹੂਰੀ ਹੱਕ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ”ਵਿਸ਼ੇ ਉੱਤੇ ਮੁੱਖ ਬੁਲਾਰੇ ਵਜੋਂ ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਐਡਵੋਕੇਟ ਦਲਜੀਤ ਸਿੰਘ ਵਿਚਾਰ ਪੇਸ਼ ਕਰਨਗੇ।

ਕਾਮਰੇਡ ਅਜਮੇਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਥੀ ਮਦਨ ਗੋਪਾਲ ਇਨਕਲਾਬੀ ਲਹਿਰ ਦੇ ਮਿਹਨਤੀ ਤੇ ਸਿਰੜੀ ਆਗੂ ਸਨ,ਜੋ ਇਨਕਲਾਬੀ ਕਾਫ਼ਲੇ ਵਿੱਚ ਸਾਡੇ ਦੌਰਾਨ ਸ਼ਰੀਰਕ ਤੌਰ ਉੱਤੇ ਤਾਂ ਹਾਜ਼ਰ ਨਹੀਂ ਹਨ ਪਰ ਉਹ ਆਪਣੇ ਸੰਗੀ ਸਾਥੀਆਂ, ਰਿਸ਼ਤੇਦਾਰਾਂ,ਪਰਿਵਾਰ ਦੇ ਮਸਤਕ ਵਿੱਚ ਅੱਜ ਵੀ ਜਿਊਂਦੇ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਲੋਕਾਂ ਨੂੰ ਜਥੇਬੰਦ ਕਰਨ,ਚੇਤਨ ਕਰਨ ਅਤੇ ਇਨਕਲਾਬੀ ਲਹਿਰ ਨੂੰ ਉਸਾਰਨ ਵਿਚ ਗੁਜ਼ਾਰਿਆ। ਉਹ ਸਾਦਗੀ ਅਤੇ ਦਿ੍ੜ ਇਰਾਦੇ ਵਾਲੀ ਬੇਦਾਗ ਸ਼ਖ਼ਸੀਅਤ ਸਨ। ਸਾਥੀ ਮਦਨ ਗੋਪਾਲ ਇਕ ਆਦਰਸ਼ ਕਮਿਊਨਿਸਟ ਇਨਕਲਾਬੀ ਸਨ,ਜਿਨ੍ਹਾਂ ਨੇ ਇਨਕਲਾਬੀ ਲਹਿਰ ਵਿੱਚ ਕੁੱਦ ਕੇ ਸਮਾਜ ਨੂੰ ਮਨੁੱਖ ਦੇ ਜਿਊਣਯੋਗ ਬਣਾਉਣ ਲਈ ਸਾਰੀ ਉਮਰ ਦਿ੍ੜਤਾ ਨਾਲ ਕੰਮ ਕੀਤਾ। ਆਪਣੀ ਸਾਦਾ ਅਤੇ ਬੇਦਾਗ਼ ਜ਼ਿੰਦਗੀ ਕਾਰਨ ਉਹ ਹਰ ਕਿਸੇ ਦਾ ਮਨ ਮੋਹ ਲੈਣ ਵਾਲੇ ਸੱਚੇ ਕਮਿਊਨਿਸਟ ਸਨ। ਉਹਨਾਂ ਮਾਰਕਸਵਾਦੀ ਨਜ਼ਰੀਏ ਉੱਤੇ ਪਹਿਰਾ ਦਿੱਤਾ ਅਤੇ ਕਦੇ ਵੀ ਆਪਣੀ ਵਿਚਾਰਧਾਰਾ ਅਤੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਸਾਥੀ ਗੋਪਾਲ ਦਾ ਵਿਛੋੜਾ ਉਸ ਵਕਤ ਹੋਇਆ ਹੈ ਜਦੋਂ ਦੇਸ਼ ਵਿੱਚ ਹਿੰਦੂਤਵ ਫਾਸ਼ੀਵਾਦੀ ਵਲੋਂ ਘੱਟ ਗਿਣਤੀਆਂ ਉੱਪਰ ਕੀਤੇ ਜਾ ਰਹੇ ਹਮਲਿਆਂ ਨਾਲ ਇਨਕਲਾਬੀ ਸ਼ਕਤੀਆਂ ਲਈ ਹੋਰ ਗੰਭੀਰ ਚੁਣੌਤੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਪਹਿਲਾਂ ਹੀ ਬੇਰੁਜ਼ਗਾਰੀ ਦੀ ਸਿਖ਼ਰ,ਕਿਸਾਨੀ ਸੰਕਟ ਅਤੇ ਘਰੇਲੂ ਉਤਪਾਦਨ ਦਾ ਹੇਠਾਂ ਵੱਲ ਜਾਣਾ ਗੰਭੀਰ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਮੌਕੇ ਸਾਥੀ ਗੋਪਾਲ ਵਰਗੇ ਦ੍ਰਿੜ ਕਮਿਊਨਿਸਟ ਇਨਕਲਾਬੀ ਆਗੂ ਦੀ ਘਾਟ ਹੋਰ ਵੀ ਰੜਕਦੀ ਹੈ।ਉਹ ਹਮੇਸ਼ਾ ਇਸ ਗੱਲ ਉਪਰ ਜ਼ੋਰ ਦਿੰਦੇ ਸਨ ਕਿ ਲੋਕ ਮੁਕਤੀ ਦੇ ਕਾਜ ਨੂੰ ਤਨਦੇਹੀ ਨਾਲ ਸਥਾਪਿਤ ਹੋ ਕੇ ਹੀ ਅਤੇ ਪੂਰੀ ਦ੍ਰਿੜਤਾ ਨਾਲ ਲਗਾਤਾਰ ਕਿਰਤੀ ਲੋਕਾਂ ਵਿੱਚ ਕੰਮ ਕਰਕੇ ਹੀ ਮਜ਼ਬੂਤ ਲਹਿਰ ਉਸਾਰੀ ਜਾ ਸਕਦੀ ਹੈ।ਹਿੰਦੂਤਵ ਫਾਸ਼ੀਵਾਦ ਦੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਦੱਬੇ-ਕੁਚਲੇ ਅਤੇ ਕਿਰਤੀ ਲੋਕਾਂ ਦੇ ਵੱਖ-ਵੱਖ ਹਿੱਸਿਆਂ ਨੂੰ ਇਸ ਲੜਾਈ ਲਈ ਲਾਮਬੰਦ ਕਰਨਾ ਸਾਡਾ ਫੌਰੀ ਨਿਸ਼ਾਨਾ ਹੈ।

ਉਨ੍ਹਾਂ ਕਿਹਾ ਕਿ ਅੱਜ ਸੰਘ ਪਰਿਵਾਰ ਦੇ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਦਿਆਂ ਮੋਦੀ ਸਰਕਾਰ ਦੇਸ਼ ਨੂੰ ਫ਼ਿਰਕੂ ਆਧਾਰ ਉੱਤੇ ਵੰਡਣ ਦੀ ਨੀਤੀ ਉੱਪਰ ਚੱਲ ਰਹੀ ਹੈ ਅਤੇ ਲੋਕਾਂ ਦਾ ਧਿਆਨ ਉਹਨਾਂ ਦੇ ਬੁਨਿਆਦੀ ਮਸਲਿਆਂ ਤੋਂ ਪਾਸੇ ਕਰ ਰਹੀ ਹੈ।ਹਰ ਵਿਰੋਧੀ, ਅਵਾਜ਼ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਦੋਸ਼ ਦੇਸ਼ ਧ੍ਰੋਹੀ ਕਹਿ ਕੇ, ਚਿੰਤਕਾਂ, ਵਿਚਾਰਵਾਨਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਜਮਹੂਰੀ ਅਧਿਕਾਰਾਂ ਦੇ ਕਾਰਕੁਨਾਂ ਨੂੰ ਸਾਲਾਂਬੱਧੀ ਜੇਲਾਂ ਵਿੱਚ ਡੱਕਿਆ ਹੋਇਆ ਤੇ ਡੱਕਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਜ਼ਮਾਨਤ ਲੈਣ ਦੇ ਅਧਿਕਾਰਾਂ ਤੋਂ ਵੰਚਿਤ ਕੀਤਾ ਜਾ ਰਿਹਾ ਹੈ।ਲੋਕ ਵਿਰੋਧੀ ਫ਼ੈਸਲੇ ਲੈਣ ਵਾਲੀ ਸੰਘੀ ਸਰਕਾਰ ਦੇ ਹਮਲਿਆਂ ਨੂੰ ਕਾਮਰੇਡ ਮਦਨ ਗੋਪਾਲ ਜਿਹੀ ਸ਼ਖ਼ਸੀਅਤ ਤੋਂ ਪ੍ਰੇਰਨਾ ਲੈ ਕੇ ਇਨਕਲਾਬੀ ਲਹਿਰ ਨੂੰ ਮਜ਼ਬੂਤ ਕਰਕੇ ਹੀ ਹਰਾਇਆ ਜਾ ਸਕਦਾ ਹੈ। ਲੋਕਾਂ ਲਈ ਸਾਰੀ ਉਮਰ ਸੰਘਰਸ਼ ਕਰਦੇ ਰਹਿਣ ਵਾਲੇ ਸਾਥੀ ਮਦਨ ਗੋਪਾਲ ਇਨਕਲਾਬੀ ਸੰਘਰਸ਼ਾਂ ਸਦਕਾ ਹੀ ਲੋਕ ਮਨਾਂ ਵਿੱਚ ਵੱਸਦੇ ਰਹਿਣਗੇ।

ਉਨ੍ਹਾਂ ਸਮੂਹ ਸੰਗੀ-ਸਾਥੀਆਂ, ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਸਨੇਹੀਆਂ ਨੂੰ 29 ਮਈ ਨੂੰ ਸਮੇਂ ਸਿਰ ਬਰਸੀਂ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।