
ਮਿਤੀ 23 ਅਪ੍ਰੈਲ, 2025 ਨੂੰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ “ਭਾਰਤ ਅੰਦਰ ਸਿੱਖਾਂ ਲਈ ਚੁਣੌਤੀਆ:-ਸਿੱਖਾਂ ਦੀ ਦਸ਼ਾ ਅਤੇ ਦਿਸ਼ਾ”ਵਿਸ਼ੇ ਤੇ ਚੌਥੀ ਵਿਚਾਰ ਗੋਸ਼ਟੀ ਅਕਾਲ ਕਾਲਜ ਕੌਂਸਲ ਸੰਤ ਤੇਜਾ ਸਿੰਘ ਹਾਲ ਵਿਖੇ ਕਰਵਾਈ ਗਈ।ਇਸ ਵਿਚਾਰ ਚਰਚਾ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨਾਂ, ਵਿਦਿਆਰਥੀਆਂ,ਵਿਦਵਾਨਾਂ,ਸਿੱਖ ਚਿੰਤਕਾਂ ਨੇ ਸਮੂਲੀਅਤ ਕੀਤੀ।ਸ਼ੁਰੂਆਤੀ ਭਾਸ਼ਣ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖ਼ਾਲਸਾ ਨੇ ਕਿਹਾ ਕਿ ਫੈਡਰੇਸ਼ਨ ਦਾ ਮੁੱਖ ਉਦੇਸ਼ ਗੁਰੂ ਸਾਹਿਬਾਨ ਦੇ ਨਿਰਗੁਣ ਸਰੂਪ ਬਾਣੀ,ਗੁਰ-ਇਤਹਾਸ, ਗੁਰਮਤਿ ਫ਼ਲਸਫ਼ੇ ਅਤੇ ਸਿਧਾਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਅਤੇ ਨਾਸਤਿਕਤਾ ਤੇ ਮਨਮਤ ਦਾ ਪ੍ਰਹਾਰ ਕਰਨਾ ਹੈ ਉਹਨਾਂ ਕਿਹਾ ਕਿ ਪੰਜਾਬ ਸਾਡਾ ਕੌਮੀ ਘਰ ਹੈ ਜਿਸਨੂੰ ਅਜ਼ਾਦ ਕਰਵਾਉਣਾ ਸਾਡਾ ਪਹਿਲਾ ਤੇ ਆਖ਼ਰੀ ਨਿਸ਼ਾਨਾ ਹੈ।
ਭਾਈ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਨੇ ਫੈਡਰੇਸ਼ਨ ਦੀਆਂ ਪੁਰਾਣੀਆ ਯਾਦਾਂ ਸਾਂਝੀਆਂ ਕਰਦਿਆਂ ਫੈਡਰੇਸ਼ਨ ਦੇ ਲਹੂ ਭਿੱਜੇ ਸ਼ਾਨਾ-ਮੱਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਨੌਜਵਾਨ ਦੀ ਸੋਚ,ਭਾਵਨਾਵਾਂ ਦਾ ਸਮੁੱਚਤਾ ਵਿਚ ਪ੍ਰਗਟਾਓ ਕਰਦੀ ਇਕੋ ਇਕ ਜਥੇਬੰਦੀ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜੋ ਅੱਜ ਵੀ ਨੌਜਵਾਨਾਂ ਨੂੰ ਅਗਵਾਈ ਦੇ ਰਹੀ ਹੈ ਜਿਸ ਤੇ ਸਾਨੂੰ ਮਾਣ ਹੈ। ਭਾਈ ਹਰਜਿੰਦਰ ਸਿੰਘ ਮਾਝੀ ਅਧਿਆਤਮਕ ਤੌਰ ‘ਤੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਨਾਉਣ ਲਈ ਗੱਲ ਕਰਦਿਆਂ ਕਿਹਾ ਕਿ ਅਸੀ ਧਰਮ ਨਹੀ ਕਮਾ ਰਹੇ ਇਸ ਤੇਜ਼ੀ ਨਾਲ ਬਦਲ ਰਹੇ ਸਾਇੰਟੀਫਿਕ ਯੁੱਗ ਦੀ ਚਮਕ ਦਮਕ ਦਾ ਸ਼ਿਕਾਰ ਹੋ ਕੇ ਆਪਣੇ ਜੀਵਨ ਨੂੰ ਕੁਰਾਹੇ ਪਾ ਰਹੇ ਹਾਂ। ਉਹਨਾਂ ਨੇ ਨੌਜਵਾਨਾਂ ਨੂੰ ਗੁਰਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਕਿਹਾ।
ਡਾ:ਗੁਰਬੀਰ ਸਿੰਘ ਸੋਹੀ ਨੇ ਸਿੱਖ ਪ੍ਰੰਪਰਾਵਾਂ ਤੇ ਇਤਹਾਸ ਵਿੱਚ ਸਿਰੀ ਅਕਾਲ ਤਖਤ ਸਾਹਿਬ ਦੇ ਮਹੱਤਵਪੂਰਨ ਸਥਾਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਔਖੇ ਤੋਂ ਔਖੇ ਪੜਾਅ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਹਾਰਕ ਤੇ ਪ੍ਰਭਾਵਸ਼ਾਲੀ ਉਸਾਰੂ ਭੂਮਿਕਾ ਨਿਭਾਈ ਹੈ ਪਰ ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਕਰਕੇ ਸਮੁੱਚੇ ਪੰਥ ਨੂੰ ਸੋਚਣ,ਚਿੰਤਨ ਕਰਨ ਲਈ ਮਜਬੂਰ ਕੀਤਾ ਹੈ ਇਸ ਮਹਾਨ ਸੰਸਥਾ ਦੀ ਨਵੇ ਸਿਰਿਓ ਪੁਨਰ ਸਥਾਪਨਾ ਤੇ ਵਿਆਖਿਆ ਦੀ ਲੋੜ ਹੈ।
ਡਾ:ਅਨੁਰਾਗ ਸਿੰਘ ਜੀ ਨੇ ਇਸ ਵਿਚਾਰ ਗੋਸ਼ਟੀ ਵਿੱਚ ਸੰਬੋਧਨ ਸਿੱਖ ਇਤਹਾਸ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਿਖਾ ਉਪਰ ਅਨੇਕਾਂ ਵਾਰ ਗਿਣੇ-ਮਿੱਥੇ ਨਾਲ ਹਿੰਦੂ ਫਿਰਕਾਦਾਰੀ ਸਾਡੀ ਸਿੱਖਾਂ ਦੀ ਧਾਰਮਿਕ ਹੋਂਦ,ਅੱਡਰੀ ਪਹਿਚਾਣ ਉਪਰ ਮਾਰੂ ਹਮਲੇ ਕਰ ਚੁੱਕੀ ਹੈ ਜਿਸਦਾ ਕਈ ਵਾਰ ਭੋਲੇ ਭਾਲੇ ਸਿੱਖ ਸ਼ਿਕਾਰ ਵੀ ਹੋ ਚੁੱਕੇ ਹਨ।ਇਤਹਾਸ ਗਵਾਹ ਹੈ ਕਿ ਸਿੱਖ ਕੌਮ ਹਥਿਆਰਬੰਦ ਹਮਲੇ ਦਾ ਵਾਰ ਸਹਾਰ ਸਕਦੀ ਹੈ ਆਪਾ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ ਹਰ ਤਰਾਂ ਨਾਲ ਢੁਕਵਾਂ ਜਵਾਬ ਦੇ ਸਕਦੀ ਹੈ।ਸਿੱਖਾ ਤੇ ਜਦੋਂ ਜਦੋਂ ਵੀ ਬੌਧਿਕ ਪੱਧਰ ਉੱਤੇ ਹਮਲੇ ਹੋਏ ਤਾਂ ਸਾਡਾ ਬਲ ਛੁੱਟ ਜਾਂਦਾ ਹੈ ਕਾਰਨ ਅਸੀ ਬੌਧਿਕ ਪੱਧਰ ਉਪਰ ਮੇਰੀ ਕੌਮ ਸੁਚੇਤ ਨਹੀ ਹੋਈ।ਲੋੜ ਹੈ ਸਿੱਖ ਕੌਮ, ਸਿੱਖ ਜਵਾਨੀ ਨੂੰ ਬੌਧਿਕ ਪੱਧਰ ਤੇ ਚੇਤਨ ਕਰਨਾ,ਬੌਧਿਕ ਸਮਰੱਥਾ ਨੂੰ ਸੰਗਠਿਤ ਅਤੇ ਸਰਗਰਮ ਕਰਨ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਭੁਪਿੰਦਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ,ਸ੍ਰ:ਕਰਮਜੀਤ ਸਿੰਘ ਗਗੜਪੁਰ, ਸ੍ਰ:ਗੁਰਮਿੰਦਰ ਸਿੰਘ,ਡਾ:ਕੁੰਵਰ ਓਂਕਾਰ ਸਿੰਘ ਨਰੂਲਾ,ਭਾਈ ਬਲਜੀਤ ਸਿੰਘ ਬੀਤਾ ਆਦਿ ਆਗੂਆ ਨੇ ਵੀ ਸੰਬੋਧਨ ਕਰਦਿਆਂ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।ਸਟੇਜ ਦੀ ਸੇਵਾ ਭਾਈ ਜਸਪਾਲ ਸਿੰਘ ਇਸਲਾਮ ਗੰਜ ਨੇ ਨਿਭਾਈ।ਭਾਈ ਦਲੇਰ ਸਿੰਘ ਡੋਡ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਸ ਗੋਸ਼ਟੀ ਵਿੱਚ ਸ਼ਾਮਲ ਸਮੂਹ ਵਿਦਿਆਰਥੀਆਂ,ਸਿੱਖ ਚਿੰਤਕਾਂ ਅਤੇ ਅਕਾਲ ਕਾਲਜ ਕੌਂਸਲ ਦੇ ਮੈਂਬਰਾਂ ਦਾ ਧੰਨਵਾਦ ਕੀਤਾ।