ਫਿਲੌਰ,6 ਮਈ ( )- ਪਿੰਡ ਸੇਲਕੀਆਣਾ ਵਿਖੇ ਰੇਤ ਮਾਫ਼ੀਆ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਰੋਕਣ ਦਾ ਲੰਘੀ ਕੱਲ੍ਹ ਐੱਸ ਐੱਸ ਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਵਲੋਂ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵਫ਼ਦ ਨੂੰ ਦਿੱਤੇ ਭਰੋਸਾ ਦੇ ਬਾਵਜੂਦ ਅੱਜ ਬਾਅਦ ਦੁਪਹਿਰ ਪੁਲਿਸ ਫੋਰਸ ਦੀ ਹਾਜ਼ਰੀ ਵਿੱਚ ਰੇਤ ਮਾਫ਼ੀਆ ਦੇ ਲੋਕਾਂ ਵਲੋਂ ਪਿੰਡ ਵਾਸੀਆਂ ਉੱਪਰ ਹਮਲਾ ਕਰ ਦਿੱਤਾ ਗਿਆ।ਜਿਸ ਕਾਰਨ ਪਿੰਡ ਵਿੱਚ ਯਕਦਮ ਸਥਿਤੀ ਤਣਾਅਪੂਰਨ ਹੋ ਗਈ। ਖ਼ਬਰ ਸੁਣਦੇ ਸਾਰ ਹੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਵੀ ਸਾਥੀਆਂ ਸਮੇਤ ਮੌਕੇ ‘ਤੇ ਪੁੱਜੇ। ਗੁੱਸੇ ਵਿੱਚ ਆਏ ਕਿਸਾਨਾਂ- ਮਜ਼ਦੂਰਾਂ ਨੂੰ ਐਕਸੀਅਨ ਮਾਈਨਿੰਗ,ਤਹਿਸੀਲਦਾਰ ਤੇ ਡੀਐੱਸਪੀ ਫਿਲੌਰ ਨੇ ਸ਼ਾਂਤ ਕੀਤਾ, ਮੌਕੇ ਤੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਤੇ ਪੰਚਾਇਤ ਨੇ ਕਿਹਾ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਰੇਤ ਦੇ ਟਿੱਪਰ ਪਿੰਡ ਚੋਂ ਨਹੀਂ ਲੰਘਣ ਦੇਣੇ ਅਤੇ ਅਧਿਕਾਰੀਆਂ ਨੇ ਮਸਲੇ ਦੇ ਹੱਲ ਲਈ ਸੋਮਵਾਰ ਨੂੰ ਡੀਸੀ ਜਲੰਧਰ ਨਾਲ ਮੀਟਿੰਗ ਕਰਵਾਉਣ ਅਤੇ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਇਸ ਸਮੇਂ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਵੋਟਾਂ ਰਾਹੀਂ ਬਸ ਚਿਹਰੇ ਹੀ ਬਦਲੇ ਹਨ ਕੋਈ ਬਦਲਾਵ ਨਹੀਂ ਆਇਆ ਕਿਉਂਕਿ ਹਰ ਤਰ੍ਹਾਂ ਦਾ ਮਾਫ਼ੀਆ ਸੂਬੇ ਵਿੱਚ ਅੱਜ ਵੀ ਸਰਗਰਮ ਹੈ ਅਤੇ ਲੋਕਾਂ ਨਾਲ਼ ਧੱਕੇਸ਼ਾਹੀ ਅੱਜ ਵੀ ਜਾਰੀ ਹੈ। ਸਿਰਫ ਸਰਕਾਰ ਹੀ ਬਦਲੀ ਨੀਤੀਆਂ ਓਹੀ ਹਨ।

ਉਨ੍ਹਾਂ ਸੇਲਕੀਅਣਾ ਪਿੰਡ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਥੇਬੰਦੀ ਉਹਨਾਂ ਦੇ ਹੱਕੀ ਸੰਘਰਸ਼ ਦੇ ਨਾਲ ਹਰ ਤਰਾਂ ਖੜੀ ਹੈ। ਅੱਜ ਜੋ ਪੁਲਸ ਦੀ ਮੌਜੂਦਗੀ ਵਿੱਚ ਲੋਕਾਂ ਤੇ ਹਮਲਾ ਹੋਇਆ ਅਤੇ ਪੁਲਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ ਜੋ ਬਹੁਤ ਮੰਦ ਭਾਗਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਰੇਤ ਮਾਫ਼ੀਆ ਅਤੇ ਗੁੰਡਾਗਰਦੀ ਨੂੰ ਨਕੇਲ ਨਾ ਪਾਈ ਤਾਂ ਜਥੇਬੰਦੀਆਂ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੀਆਂ।

ਜ਼ਿਕਰਯੋਗ ਹੈ ਕਿ ਰੇਤ ਮਾਫ਼ੀਆ ਵਲੋਂ ਸਿਆਸਤਦਾਨਾਂ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਮਨੁੱਖੀ ਜ਼ਿੰਦਗੀਆਂ ਅਤੇ ਵਾਤਾਵਰਣ ਦੀ ਪ੍ਰਵਾਹ ਕੀਤੇ ਬਗੈਰ ਪਿੰਡ ਝੰਡੀਪੀਰ ਕਡਿਆਣਾ,ਲਸਾੜਾ ਵਿਖੇ ਸਤਲੁੱਜ ਦਰਿਆ ਦੇ ਪਾਣੀ ਦੇ ਵਹਾਉ ਨੂੰ ਬੰਨ੍ਹ ਮਾਰ ਕੇ ਜਿੱਥੇ ਰੇਤ ਮਾਈਨਿੰਗ ਕੀਤੀ ਜਾ ਰਹੀ।ਲਸਾੜਾ ਵਿਖੇ ਚੱਲ ਰਹੇ ਟੱਕ ਚੋਂ ਕੱਢੀ ਜਾ ਰਹੀ ਰੇਤ ਦੇ ਭਰੇ ਟਿੱਪਰ ਕਿਸਾਨਾਂ ਦੀਆਂ ਨਿੱਜੀ ਜ਼ਮੀਨਾਂ, ਪਿੰਡ ਦੇ ਕੱਚੇ ਰਸਤਿਆਂ ਨੂੰ ਖ਼ਰਾਬ ਕੇ ਪਿੰਡ ਸੇਲਕੀਆਣਾ ਰਾਹੀਂ ਧੱਕੇ ਨਾਲ ਕੱਢੇ ਜਾ ਰਹੇ ਸਨ,ਜਿਸਦਾ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤਾਂ ਰੇਤ ਮਾਫ਼ੀਆ ਦੇ ਲੋਕਾਂ ਨੇ ਪਿੰਡ ਦੇ ਕਬਰਸਤਾਨ ਨੂੰ ਰਸਤਾ ਬਣਾਅ ਕੇ ਉਸਨੂੰ ਵੀ ਨੁਕਸਾਨ ਪਹੁੰਚਾਇਆ।ਜਿਸਦਾ ਪਿੰਡ ਵਾਸੀਆਂ ਨੇ ਡੱਟਕੇ ਵਿਰੋਧ ਕੀਤਾ ਤਾਂ ਪੁਲਿਸ ਨਾਲ ਮਿਲ ਮਾਫ਼ੀਆ ਦੇ ਲੋਕਾਂ ਨੇ ਪਿੰਡ ਵਾਸੀਆਂ ਉੱਪਰ ਧੱਕਾ ਕੀਤਾ ਅਤੇ ਖ਼ੁਦ ਹੀ ਝੂਠਾ ਪੁਲਿਸ ਕੇਸ ਦਰਜ ਕਰਵਾ ਦਿੱਤਾ।ਜਿਸ ਖਿਲਾਫ਼ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਸੰਘਰਸ਼ ਕਰਦੇ ਆਮ ਰਹੇ ਹਨ। ਜਿਸ ਸਦਕਾ ਪ੍ਰਸ਼ਾਸਨ ਦੇ ਦਖ਼ਲ ਸਦਕਾ ਸੇਲਕੀਆਣਾ ਪਿੰਡ ਰਾਹੀਂ ਰੇਤ ਦੇ ਟਿੱਪਰ ਬੰਦ ਕਰਨ ਲਈ ਮਜ਼ਬੂਰ ਹੋਣਾ ਪੈ ਗਿਆ।ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਕੁੱਝ ਦਿਨ ਪਹਿਲਾਂ ਸਿਆਸੀ ਸਰਪ੍ਰਸਤੀ ਹੇਠ ਠੇਕੇਦਾਰ ਦੇ ਲੋਕਾਂ ਵਲੋਂ ਟਿੱਪਰ ਕੱਢਣ ਦਾ ਵਿਰੋਧ ਕਰਨ ਵਾਲੇ ਪਿੰਡ ਵਾਸੀਆਂ ਨਾਲ ਹੱਥੋਪਾਈ ਕੀਤੀ ਗਈ।ਜਿਸ ਦੇ ਖਿਲਾਫ਼ ਕੱਲ੍ਹ ਐੱਸ ਐੱਸ ਪੀ ਨੂੰ ਵਫ਼ਦ ਨੇ ਮਿਲ ਕੇ ਗੁੰਡਾਗਰਦੀ ਨੂੰ ਰੋਕਣ ਦੀ ਮੰਗ ਕੀਤੀ। ਉਹਨਾਂ ਗੁੰਡਾਗਰਦੀ ਰੋਕਣ ਦਾ ਭਰੋਸਾ ਦਿੱਤਾ ਪਰ ਦਿੱਤੇ ਭਰੋਸੇ ਦੇ ਉਲ਼ਟ ਅੱਜ ਪੁਲਿਸ ਦੀ ਹਾਜ਼ਰੀ ਵਿੱਚ ਰੇਤ ਦੇ ਟਿੱਪਰ ਲਗਾਉਣ ਦੀ ਕੀਤੀ ਕੋਸ਼ਿਸ਼ ਦਾ ਪਿੰਡ ਵਾਸੀਆਂ ਨੇ ਜਿਵੇਂ ਹੀ ਵਿਰੋਧ ਕੀਤਾ ਤਾਂ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਰੇਤ ਮਾਫ਼ੀਆ ਦੇ ਲੋਕਾਂ ਨੇ ਪਿੰਡ ਵਾਸੀਆਂ ਉੱਪਰ ਪੁਲਿਸ ਦੀ ਹਾਜ਼ਰੀ ਵਿੱਚ ਹਮਲਾ ਕਰ ਦਿੱਤਾ।ਹਮਲੇ ਵਿੱਚ ਪੰਚ ਬਲਬੀਰ ਸਮੇਤ ਹੋਰਨਾਂ ਦੇ ਸੱਟਾਂ ਲੱਗੀਆਂ। ਪੁਲਿਸ ਦੀ ਹਾਜ਼ਰੀ ਵਿੱਚ ਹੋਏ ਹਮਲੇ ਨੇ ਰੇਤ ਮਾਫ਼ੀਆ,ਸਿਆਸਤਦਾਨਾਂ ਅਤੇ ਪ੍ਰਸ਼ਾਸਨ ਦੇ ਆਪਸੀ ਗੱਠਜੋੜ ਨੂੰ ਨੰਗਾ ਕੀਤਾ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਆਗੂ ਸੁਰਜੀਤ ਸਿੰਘ ਸਮਰਾ,ਯੂਥ ਵਿੰਗ ਦੇ ਜ਼ਿਲ੍ਹਾ ਆਗੂ ਬੂਟਾ ਸਿੰਘ ਸ਼ਾਦੀਪੁਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਹੰਸ ਰਾਜ ਪੱਬਵਾਂ, ਪਿੰਡ ਸੇਲਕੀਆਣਾ ਦੇ ਲੰਬੜਦਾਰ ਜੁਗਿੰਦਰ ਲਾਲ, ਬਲਦੇਵ ਰਾਜ,ਆਦਿ ਨੇ ਸੰਬੋਧਨ ਕੀਤਾ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।