
ਪਟਿਆਲਾ, 22 ਮਾਰਚ 2025
ਬੀਤੇ ਦਿਨ ਪਟਿਆਲਾ ਵਿਖੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਸਪੁੱਤਰ ਉੱਪਰ ਪੰਜਾਬ ਪੁਲਿਸ ਦੇ 12 ਅਧਿਕਾਰੀਆਂ ਵੱਲੋਂ ਬੁਰੀ ਤਰ੍ਹਾ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਸਾਬਕਾ ਫੌਜੀਆਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਨਸਾਫ਼ ਦੀ ਮੰਗ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਵੱਲੋਂ ਐਸ.ਐਸ.ਪੀ ਪਟਿਆਲਾ ਡਾ: ਨਾਨਕ ਸਿੰਘ ਨੂੰ ਦੋਸ਼ੀਆਂ ਉੱਪਰ ਜਲਦ ਕਾਰਵਾਈ ਲਈ ਮੰਗ ਪੱਤਰ ਸੌਂਪਿਆ ਗਿਆ ਅਤੇ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੈ ਇੰਦਰ ਕੌਰ ਨੇ ਦੱਸਿਆ ਕਿ “ਇਹ ਬਹੁਤ ਨਿੰਦਣਯੋਗ ਘਟਨਾ ਹੈ, ਜੇਕਰ ਪੰਜਾਬ ‘ਚ ਫੌਜੀ ਅਫ਼ਸਰ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਪੰਜਾਬ ਅੰਦਰ ਕਨੂੰਨ ਦੀਆਂ ਧੱਜੀਆਂ ਉੱਡੀਆਂ ਪਾਈਆਂ ਹਨ।
ਪੰਜਾਬ ਪੁਲਿਸ ਤੇ ਟਿੱਪਣੀ ਕਰਦੇ ਹੋਏ ਉਹ ਬੋਲੇ ਕੀ “ਜਦ ਹਮਲਾ ਕਰਨ ਵਾਲੇ 12 ਪੁਲਿਸ ਅਧਿਕਾਰੀਆਂ ਦੀ ਸ਼ਨਾਖਤ ਹੋ ਚੁੱਕੀ ਹੈ ਤਾਂ ਐਫ.ਆਈ.ਆਰ ਕਿਉਂ ਨਹੀਂ ਦਰਜ ਕੀਤੀ ਗਈ ? ਬਣਦੀ ਧਾਰਾ ਦੇ ਅਧੀਨ ਮਾਮਲਾ ਕਿਉ ਨਹੀਂ ਦਰਜ ਕੀਤਾ ਗਿਆ ? ਮਾਮਲੇ ਨੂੰ ਨਿਪਟਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਬਜਾਏ ਮੁਅੱਤਲ ਕਿਉ ਕੀਤਾ ਗਿਆ ?
ਪੰਜਾਬ ਸਰਕਾਰ ਤੇ ਨਿਸ਼ਨਾ ਸਾਧਦੇ ਹੋਏ ਜੈ ਇੰਦਰ ਕੌਰ ਬੋਲੇ ਕੀ “ਇਹਨਾਂ 12 ਪੁਲਿਸ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਸ਼ਹਿ ਮਿਲੀ ਹੋਈ ਹੈ, ਜਦੋਂ ਸਾਰੇ ਸਬੂਤ ਦੋਸ਼ੀਆਂ ਦੇ ਖ਼ਿਲਾਫ਼ ਹਨ ਤਾਂ ਹਜੇ ਤੱਕ ਉਹਨਾਂ ਉੱਪਰ ਬਣਦੀ ਕਾਰਵਾਈ ਦੀ ਥਾਂ, ਉਲਟਾ ਕਰਨਲ ਬਾਠ ਅਤੇ ਉਹਨਾਂ ਦੇ ਸਪੁੱਤਰ ਉੱਪਰ ਦੋਸ਼ ਲਏ ਜਾ ਰਹੇ ਹਨ।”
ਉਨ੍ਹਾਂ ਨੇ ਕਰਨਲ ਪੁਸ਼ਪਿੰਦਰ ਬਾਠ ਕੁੱਟਮਾਰ ਮਾਮਲੇ ‘ਚ ਪੁਲਿਸ ਵੱਲੋਂ ਬਣਾਈ ਗਈ ਐਸ.ਆਈ.ਟੀ ਤੇ ਵੀ ਆਪਣੇ ਵਿਚਾਰ ਰੱਖੇ, ਉਹਨਾਂ ਨੇ ਕਿਹਾ ਕੀ “ਇਸ ਮਾਮਲੇ ਵਿੱਚ ਐਸ.ਆਈ.ਟੀ ਦੀ ਤਾਂ ਜਰੂਰਤ ਹੀ ਨਹੀਂ ਸੀ, ਸੀਸੀਟੀਵੀ ਦੀ ਵੀਡਿਉ ਵਿੱਚ ਸਾਫ ਨਜ਼ਰ ਆ ਰਹੇ ਹੈ ਕਿਸ ਕਦਰ ਪੁਲਿਸ ਅਧਿਕਾਰੀਆਂ ਵਲੋਂ ਕੁੱਟਮਾਰ ਕੀਤੀ ਜਾ ਰਹੀ, ਸੋ ਐਸ.ਆਈ.ਟੀ ਤਾਂ ਸਿਰਫ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਇਕ ਖੇਡ ਖੇਡਿਆ ਗਿਆ ਮਾਮਲੇ ਨੂੰ ਦਬਾਉਣ ਲਈ।
ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕੀ “ਮੇਰੇ ਪਿਤਾ ਕੈਪਟਨ ਅਮਰਿੰਦਰ ਸਿੰਘ ਜੀ ਵੀ ਫ਼ੌਜ ‘ਚ ਰਹੇ ਹਨ, ਜਦੋਂ ਤੱਕ ਕਰਨਲ ਬਾਠ ਅਤੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਸਭ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੇ ਹਾਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ 12 ਪੁਲਿਸ ਅਧਿਕਾਰੀਆਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਤਾਂ ਜੋਂ ਦੇਸ਼ ਦੀ ਰੱਖਿਆ ਕਰਨ ਵਾਲੇ ਫ਼ੌਜੀ ਨੂੰ ਇਨਸਾਫ ਮਿਲ ਸਕੇ।
ਐਸ.ਐਸ.ਪੀ ਪਟਿਆਲਾ ਨੂੰ ਮੰਗ ਪੱਤਰ ਸੌਪੇ ਜਾਣ ਤੇ ਜੈ ਇੰਦਰ ਕੌਰ ਨੇ ਦੱਸਿਆ ਕਿ ਐਸ.ਐਸ.ਪੀ ਪਟਿਆਲਾ ਡਾ: ਨਾਨਕ ਸਿੰਘ ਜੀ ਵੱਲੋਂ ਵਿਸ਼ਵਾਸ ਦਿੱਤਾ ਗਿਆ ਕਿ ਜਲਦ ਹੀ ਇਸ ਸਬੰਧੀ ਦੋਸ਼ੀਆਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਜੈ ਇੰਦਰ ਕੌਰ ਨਾਲ, ਭਾਜਪਾ ਦੇ ਮੁੱਖ ਬੁਲਾਰੇ ਕਰਨਲ ਜੈਬੰਸ, ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ, ਜਨਰਲ ਸਕੱਤਰ ਹਰਦੇਵ ਬੱਲੀ, ਸਾਬਕਾ ਪ੍ਰਧਾਨ ਕੇ ਕੇ ਮਲਹੌਤਰਾ ਅਤੇ ਭਾਜਪਾ ਪਟਿਆਲਾ ਸ਼ਹਿਰੀ ਟੀਮ ਵੀ ਮੌਜੂਦ ਸੀ।