ਫਗਵਾੜਾ 4 ਦਸੰਬਰ (ਸ਼ਿਵ ਕੋੜਾ) ਫਗਵਾੜਾ ‘ਚ ਸਰਗਰਮ ਸਾਰੀਆਂ ਸਿਆਸੀ ਧਿਰਾਂ ਨੂੰ ਦਰਕਿਨਾਰ ਕਰਦਿਆਂ ਕਾਰਪੋਰੇਸ਼ਨ ਚੋਣਾਂ ‘ਚ ਆਜ਼ਾਦ ਉੱਮੀਦਵਾਰ ਖੜੇ ਕਰਨ ਦਾ ਫੈਸਲਾ ਕਰ ਚੁੱਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਪਤਵੰਤਿਆਂ ਦੀ ਦੂਸਰੀ ਮੀਟਿੰਗ ਅੱਜ ਸਮਾਜ ਸੇਵਕ ਸਤੀਸ਼ ਪ੍ਰਭਾਕਰ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿਚ ਉੱਮੀਦਵਾਰਾਂ ਦੇ ਨਾਵਾਂ ਬਾਰੇ ਵਿਚਾਰ ਵਟਾਂਦਰਾ ਹੋਇਆ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਸਤੀਸ਼ ਪ੍ਰਭਾਕਰ ਤੋਂ ਇਲਾਵਾ ਜਤਿੰਦਰ ਸਿੰਘ ਪਲਾਹੀ ਜਸਵਿੰਦਰ ਸਿੰਘ ਘੁੰਮਣ, ਮੋਹਨ ਸਿੰਘ ਸਾਂਈ, ਮਾਸਟਰ ਰਵੇਲ ਸਿੰਘ ਅਤੇ ਪ੍ਰਦੀਪ ਸਿੰਘ ਬਸਰਾ ਨੇ ਦੱਸਿਆ ਕਿ ਆਜਾਦ ਉੱਮੀਦਵਾਰ ਖੜੇ ਕਰਨ ਨੂੰ ਲੈ ਕੇ ਹਰੇਕ ਵਾਰਡ ਵਿਚੋਂ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ ਕਾਰਪੋਰੇਸ਼ਨ ਚੋਣਾਂ ਵਿਚ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਦੀ ਕੋਈ ਜਰੂਰਤ ਨਹੀਂ ਹੁੰਦੀ। ਕਿਉਂਕਿ ਵਾਰਡਾਂ ਦੇ ਲੋਕ ਉਸੇ ਉੱਮੀਦਵਾਰ ਨੂੰ ਵੋਟ ਦੇਣਾਂ ਪਸੰਦ ਕਰਦੇ ਹਨ ਜੋ ਉਹਨਾਂ ਦੇ ਵਿਚਕਾਰ ਹੀ ਵਿਚਰਦਾ ਹੈ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਸੰਘਰਸ਼ ਦੀ ਸਮਰੱਥਾ ਰੱਖਦਾ ਹੈ। ਇਸ ਲਈ ਅੱਜ ਦੀ ਮੀਟਿੰਗ ਵਿਚ ਅਜਿਹੇ ਸਾਫ ਸੁਥਰੇ ਅਕਸ ਰੱਖਦੇ ਅਤੇ ਚੋਣ ਲੜਨ ਦੇ ਚਾਹਵਾਨ ਸੰਭਾਵਿਤ ਉੱਮੀਦਵਾਰਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ ਹਨ। ਅਗਲੀ ਮੀਟਿੰਗ ਵਿਚ ਕੁੱਝ ਵਾਰਡਾਂ ਤੋਂ ਆਜਾਦ ਉੱਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਿਰਫ ਉਹੀ ਉੱਮੀਦਵਾਰ ਐਲਾਨੇ ਜਾਣਗੇ, ਜਿਹਨਾਂ ਨੂੰ ਉਹਨਾਂ ਦੇ ਵਾਰਡ ਦੇ ਵਸਨੀਕਾਂ ਦਾ ਭਰਪੂਰ ਸਮਰਥਨ ਪ੍ਰਾਪਤ ਹੋਵੇਗਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਬਸਰਾ, ਜਗਮੋਹਨ ਵਰਮਾ, ਜਸਵੀਰ ਸਿੰਘ ਭੁੱਲਾਰਾਈ, ਲਖਵੀਰ ਸਿੰਘ ਹਾਜੀਪੁਰ, ਕਰਨ ਪ੍ਰਭਾਕਰ ਆਦਿ ਹਾਜਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।