ਭਾਰਤ ਦੀ ਵਿਰਾਸਤ ਤੇ ਆਟੋਨੋਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਗਣਤੰਤਰ ਦਿਵਸ ਅਤੇ ਵੋਟਰ ਦਿਵਸ ਮਨਾਉਂਦੇ ਹੋਏ ਵੱਖ-ਵੱਖ ਮਹੱਤਵਪੂਰਨ ਗਤੀਵਿਧੀਆਂ ਦਾ ਆਯੋਜਨ ਕਰਵਾਇਆ ਗਿਆ। ਵਿਦਿਆਲਾ ਦੇ ਸਵੀਪ ਕਲੱਬ, ਇਲੈਕਟੋਰਲ ਲਿਟਰੇਸੀ ਕਲੱਬ, ਰੈੱਡ ਰਿਬਨ ਕਲੱਬ, ਐੱਨ.ਐੱਸ.ਐੱਸ. ਅਤੇ ਪੁਲੀਟੀਕਲ ਸਾਇੰਸ ਵਿਭਾਗ ਨੇ 36 ਜਲੰਧਰ ਉੱਤਰੀ ਨਾਲ ਮਿਲ ਕੇ ਵੋਟਰ ਦਿਵਸ ਨੂੰ ਸਮਰਪਿਤ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਨਿਬੰਧ ਲੇਖਣ, ਪਾਵਰ ਪੁਆਇੰਟ ਪਰੈਜੈਂਟੇਸ਼ਨ ਆਦਿ ਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਵਾਇਆ। ਇਸ ਤੋਂ ਇਲਾਵਾ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫਾਇਨ ਆਰਟਸ ਦੁਆਰਾ ਗਣਤੰਤਰ ਦਿਵਸ ਨਾਲ ਸਬੰਧਤ ਪੋਸਟਰ ਮੇਕਿੰਗ ਗਤੀਵਿਧੀ ਕਰਵਾਈ ਗਈ। ਇਨ੍ਹਾਂ ਵਿਭਿੰਨ ਪ੍ਰੋਗਰਾਮਾਂ ਵਿੱਚ ਵਿਦਿਆਰਥਣਾਂ ਦੇ ਦੇਸ਼ ਭਾਰਤ ਦੀ ਮਹਿਮਾ ਗਾਉਂਦੇ ਹੋਏ ਸਮਾਜ ਨਿਰਮਾਣ, ਲਿੰਗ ਸਮਾਨਤਾ, ਦੇਸ਼ ਦੀ ਏਕਤਾ, ਅਖੰਡਤਾ, ਸੁਰੱਖਿਆ, ਸਾਇੰਸ ਅਤੇ ਤਕਨੀਕ ਦਾ ਵਿਕਾਸ, ਵੋਟ ਦੀ ਅਹਿਮੀਅਤ ਅਤੇ ਜ਼ਰੂਰਤ ਆਦਿ ਬਾਰੇ ਆਪਣੇ ਵਿਚਾਰਾਂ ਨੂੰ ਬਾਖ਼ੂਬੀ ਪੇਸ਼ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਸਭ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤਵਾਂ ਦਾ ਵੀ ਸਾਨੂੰ ਪੂਰੀ ਤਨਦੇਹੀ ਨਾਲ ਪਾਲਣ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਨਾਗਰਿਕਾਂ ਨੂੰ ਵੋਟ ਦਾ ਮਹੱਤਵ ਸਮਝਾਉਂਦੇ ਹੋਏ ਆਪਣੇ ਕੀਮਤੀ ਵੋਟ ਦੇ ਨਾਲ ਸਹੀ ਸਰਕਾਰ ਚੁਣਨ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਡਾ. ਮਧੂਮੀਤ, ਸ਼੍ਰੀਮਤੀ ਆਸ਼ਿਮਾ ਸਾਹਨੀ, ਡਾ. ਹਰਪ੍ਰੀਤ, ਡਾ. ਸੋਨਿਕ ਭਾਟੀਆ, ਸ੍ਰੀ ਯੋਗੇਸ਼ਵਰ ਅਤੇ ਮੈਡਮ ਜ਼ੀਨਤ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।