ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾਪੂਰਵਕ ਸ਼ਰਧਾਂਜਲੀ ਅਰਪਿਤ ਕੀਤੀ ਗਈ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ‘ਤੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸ: ਭਗਤ ਸਿੰਘ, ਸ਼੍ਰੀ ਰਾਜਗੁਰੂ ਅਤੇ ਸ਼੍ਰੀ ਸੁਖਦੇਵ ਦੁਆਰਾ ਦੇਸ਼ ਦੇ ਲਈ ਦਿੱਤੀ ਗਈ ਅਦੁੱਤੀ ਸ਼ਹਾਦਤ ਸਭ ਦੇ ਮਨਾਂ ਵਿੱਚ ਸਦਾ ਨਿਮਰਤਾ ਅਤੇ ਸ਼ਰਧਾ ਭਾਵ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸ: ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇ ਕੇ ਅਤੇ ਉਨ੍ਹਾਂ ਵੱਲੋਂ ਦੇਸ਼ ਪ੍ਰੇਮ ਦੇ ਸੁਨੇਹੇ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ ਆਪਣੇ ਦੇਸ਼ ਦੇ ਵਿਕਾਸ ਅਤੇ ਰਾਸ਼ਟਰ ਉਥਾਨ ਵੱਲ ਯੋਗਦਾਨ ਪਾਉਣਾ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੇ.ਐਮ.ਵੀ. ਜਿਹੀ ਰਾਸ਼ਟਰਵਾਦੀ ਸੰਸਥਾ ਦੇ ਵਿਚ ਪ੍ਰਿੰਸੀਪਲ ਅਚਾਰਿਆ ਲੱਜਾਵਤੀ ਜੀ ਦੇ ਸਮੇਂ ਦੌਰਾਨ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੁਆਰਾ ਆਜ਼ਾਦੀ ਸੰਗਰਾਮ ਮੌਕੇ ਆ ਕੇ ਹੋਸਟਲ ਦੇ ਵਿੱਚ ਸ਼ਰਨ ਲੈਣਾ ਆਪਣੇ ਆਪ ਵਿੱਚ ਇੱਕ ਬੇਹੱਦ ਗੌਰਵਮਈ ਵਿਸ਼ਾ ਹੈ ਜਿਸ ਨੇ ਇੱਥੋਂ ਦੀਆਂ ਵਿਦਿਆਰਥਣਾਂ ਵਿਚ ਦੇਸ਼ ਭਗਤੀ ਦੇ ਭਾਵਾਂ ਨੂੰ ਹੋਰ ਵਧੇਰੇ ਪੱਕਾ ਕੀਤਾ ਅਤੇ ਦੇਸ਼ ਆਜ਼ਾਦੀ ਦੀ ਲਹਿਰ ਵਿਚ ਆਪਣਾ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਦੇ ਵਿਚ ਕੰਨਿਆ ਮਹਾਂ ਵਿਦਿਆਲਾ ਦੀਆਂ ਵਿਦਿਆਰਥਣਾਂ ਦਾ ਨਾਮ ਸਦਾ ਮੋਹਰੀ ਰਿਹਾ। ਅਜਿਹੀ ਰਾਸ਼ਟਰਵਾਦੀ ਵਿਰਾਸਤ ਦੇ ਕਾਰਨ ਹੀ ਇੱਥੇ ਦੇਸ਼ ਦੀ ਪੰਜ ਰਾਸ਼ਟਰਪਤੀਆਂ ਅਤੇ ਪੰਜ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕਰ ਦੀਆਂ ਸ਼ਖ਼ਸੀਅਤਾਂ ਦੁਆਰਾ ਇੱਥੇ ਫੇਰੀ ਪਾਈ ਜਾ ਚੁੱਕੀ ਹੈ। ਕੰਨਿਆ ਮਹਾਂ ਵਿਦਿਆਲਾ ਵਿਖੇ ਸ: ਭਗਤ ਸਿੰਘ ਪ੍ਰਤੀ ਸੱਚੀ ਸ਼ਰਧਾਂਜਲੀ ਅਤੇ ਸ਼ਰਧਾ ਭਾਵ ਤੇ ਕੇਂਦਰਿਤ ਇਕ ਮੈਮੋਰੀਅਲ ਵੀ ਸਥਾਪਿਤ ਹੈ ਜਿੱਥੇ ਸਮੂਹ ਕੇ.ਐਮ.ਵੀ. ਪਰਿਵਾਰ ਵੱਲੋਂ ਇਸ ਅਦੁੱਤੀ ਸ਼ਖ਼ਸੀਅਤ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਇਸ ਮੌਕੇ ਤੇ ਵਿਦਿਆਲਾ ਦੇ ਸੰਗੀਤ ਵਿਭਾਗ ਦੁਆਰਾ ਜਿੱਥੇ ਉਨ੍ਹਾਂ ਦੇ ਹਰਮਨ ਪਿਆਰੇ ਗੀਤ ਗਾ ਕੇ ਫ਼ਿਜ਼ਾ ਵਿੱਚ ਦੇਸ਼ ਭਗਤੀ ਦੇ ਰੰਗ ਭਰੇ ਗਏ ਉੱਥੇ ਨਾਲ ਹੀ ਵਿਦਿਆਰਥਣਾਂ ਨੇ ਸ: ਭਗਤ ਸਿੰਘ ਨਾਲ ਸੰਬੰਧਿਤ ਕਵਿਤਾਵਾਂ ਗਾ ਕੇ ਵੀ ਆਪਣੇ ਮਨੋਭਾਵਾਂ ਨੂੰ ਪੇਸ਼ ਕੀਤਾ। ਇਸ ਮੌਕੇ ਤੇ ਡਾ. ਗੁਰਜੋਤ, ਡਾ. ਮੋਨਿਕਾ ਸ਼ਰਮਾ, ਡਾ. ਨੀਰਜ ਮੈਣੀ, ਸ੍ਰੀਮਤੀ ਆਨੰਦ ਪ੍ਰਭਾ, ਸ੍ਰੀਮਤੀ ਦਲੇਰ ਕੌਰ ਅਤੇ ਹੋਸਟਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ।

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।