ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਰੈੱਡ ਰਿਬਨ ਕਲੱਬ, ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਇੰਗਲਿਸ਼ ਅਤੇ ਡਿਪਾਰਟਮੈਂਟ ਆਫ ਲਾਈਫ ਸਾਇੰਸਜ਼ ਦੁਆਰਾ ਸਾਂਝੇ ਤੌਰ ‘ਤੇ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ‘ਚ ਆਯੋਜਿਤ ਹੋਏ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਡਾ. ਬੁਰਹਾਨ ਵਾਨੀ, ਐਮ.ਡੀ., ਅਮਰੀਕਨ ਔਨਕਾਲੋਜੀ ਇੰਸਟੀਚਿਊਟ ਨੇ ਸਰੋਤ ਬੁਲਾਰੇ ਦੇ ਤੌਰ ‘ਤੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਡਾ. ਬੁਰਹਾਨ ਨੇ ਕੈਂਸਰ ਜਿਹੀ ਭਿਆਨਕ ਬੀਮਾਰੀ ਬਾਰੇ ਵਿਸਥਾਰ ਸਹਿਤ ਗੱਲ ਕਰਦੇ ਹੋਏ ਇਸ ਦੀਆਂ ਵਿਭਿੰਨ ਕਿਸਮਾਂ, ਲੱਛਣਾਂ, ਕਾਰਨਾਂ ਅਤੇ ਸਹੀ ਸਮੇਂ ‘ਤੇ ਉਚਿਤ ਇਲਾਜ ਬਾਰੇ ਵੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ੇਸ਼ ਤੌਰ ਮਹਿਲਾਵਾਂ ਦੇ ਵਿਭਿੰਨ ਉਮਰ ਵਰਗ ਦੇ ਵਿੱਚ ਪ੍ਰਚੱਲਿਤ ਬ੍ਰੈਸਟ ਕੈਂਸਰ ਅਤੇ ਸਰਵਾਈਕਲ ਕੈਂਸਰ ਜਿਹੀਆਂ ਕਿਸਮਾਂ ਬਾਰੇ ਗੱਲ ਕੀਤੀ। ਛਾਤੀ ਦੇ ਕੈਂਸਰ ਬਾਰੇ ਗੱਲ ਕਰਦਿਆਂ ਹੋਇਆਂ ਡਾ. ਵਾਨੀ ਨੇ ਜਿਥੇ ਇਸ ਦੇ ਲੱਛਣਾਂ ਅਤੇ ਕਾਰਨਾਂ ਸਬੰਧੀ ਚਰਚਾ ਕੀਤੀ ਉੱਥੇ ਨਾਲ ਹੀ ਸਮੇਂ ਰਹਿੰਦੇ ਸਹੀ ਉਪਚਾਰ ਅਤੇ ਡਾਕਟਰੀ ਸਲਾਹ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਪ੍ਰਤੀਭਾਗੀਆਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਬੇਹੱਦ ਸਰਲ ਢੰਗ ਦੇ ਨਾਲ ਦਿੱਤੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਲਈ ਡਾ. ਬੁਰਹਾਨ ਦੇ ਪ੍ਰਤੀ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਸਾਨੂੰ ਸਭ ਨੂੰ ਸਿਹਤਮੰਦ ਜੀਵਨ ਜਾਚ ਅਪਣਾਉਂਦੇ ਹੋਏ ਨਿਯਮਿਤ ਤੌਰ ‘ਤੇ ਡਾਕਟਰੀ ਸਲਾਹ ਅਨੁਸਾਰ ਚੱਲਣਾ ਚਾਹੀਦਾ ਹੈ ਤਾਂ ਜੋ ਇਹੋ ਜਿਹੀਆਂ ਬੀਮਾਰੀਆਂ ਤੋਂ ਵੱਧ ਤੋਂ ਵੱਧ ਬਚਿਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫ਼ਲ ਆਯੋਜਨ ਦੇ ਲਈ ਡਾ. ਮਧੂਮੀਤ, ਡੀਨ, ਸਟੂਡੈਂਟ ਵੈੱਲਫੇਅਰ ਅਤੇ ਸ੍ਰੀਮਤੀ ਸਾਧਨਾ ਟੰਡਨ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।