ਜਲੰਧਰ (04-03-2025): ਬੋਲੇਪਣ ਤੋਂ ਬਚਾਅ ਅਤੇ ਕੰਟਰੋਲ ਸੰਬੰਧੀ ਰਾਸ਼ਟਰੀ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਜਲੰਧਰ ਵਿਖੇ “ਸੁਣਨ ਸ਼ਕਤੀ ਸਬੰਧੀ ਵਿਸ਼ਵ ਦਿਵਸ” ਮਨਾਇਆ ਗਿਆ। ਇਸ ਦੌਰਾਨ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਵਿਖੇ ਸਿਹਤ ਸਟਾਫ ਨੂੰ ਸੈਂਸੇਟਾਈਜ਼ ਕੀਤਾ ਗਿਆ ਅਤੇ ਮਰੀਜਾਂ ਦੀ ਜਾਂਚ ਕੀਤੀ ਗਈ। ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਾਲ ਇਸ ਦਿਵਸ ਨੂੰ “ਮਾਨਸਿਕਤਾ ਬਦਲੋ : ਆਪਣੇ ਆਪ ਨੂੰ ਸਮਰਥ ਬਣਾਓ, ਕੰਨ ਅਤੇ ਸੁਣਨ ਦੀ ਦੇਖਭਾਲ ਨੂੰ ਸਾਰਿਆਂ ਲਈ ਹਕੀਕਤ ਬਣਾਓ” ਥੀਮ ਤਹਿਤ ਮਨਾਇਆ ਗਿਆ।
ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਬੋਲਾਪਣ ਹੋਣ ਦੇ ਕਾਰਨਾਂ ਬਾਰੇ ਦੱਸਦੇ ਹੋਏ ਕੰਨਾਂ ਦੀ ਦੇਖਭਾਲ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ। ਸਿਵਲ ਸਰਜਨ ਨੇ ਲੋਕਾਂ ਨੂੰ ਕੰਨਾਂ ਦੀ ਸਾਂਭ-ਸੰਭਾਲ ਅਤੇ ਦੇਖਭਾਲ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਕੰਨ ਸ਼ਰੀਰ ਦਾ ਮਹੱਤਵਪੂਰਨ ਅੰਗ ਹਨ, ਪਰ ਕੰਨਾਂ ਦੀਆਂ ਬੀਮਾਰੀਆਂ ਪ੍ਰਤੀ ਸਾਵਧਾਨੀ ਨਾ ਰੱਖਣ ਕਾਰਨ ਜਿਆਦਾਤਰ ਬੋਲੇਪਨ ਦੀ ਸਮੱਸਿਆ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਗਿਆ ਕਿ ਗੂੰਗੇ ਤੇ ਬੋਲੇਪਨ ਦੀ ਸੱਮਸਿਆ ਕਾਰਨ ਆਮ ਲੋਕਾਂ ਅਤੇ ਇਸ ਵਰਗ ਵਿੱਚ ਸੰਚਾਰਕ ਵਿੱਥ ਬਣੀ ਰਹਿੰਦੀ ਹੈ, ਜਿਸ ਕਰਕੇ ਅਜਿਹੇ ਵਿਅਕਤੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੰਨ ਸਰੀਰ ਦਾ ਇਕ ਨਾਜੁਕ ਅੰਗ ਹੈ। ਇਸ ਲਈ ਤੇਜ ਆਵਾਜ਼, ਦੂਸ਼ਿਤ ਵਾਤਾਵਰਨ, ਗੰਦੇ ਪਾਣੀ ਅਤੇ ਕੰਨਾਂ ਵਿਚ ਨੁਕੀਲੀਆਂ ਚੀਜਾਂ ਮਾਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਕਿਸੇ ਵੀ ਵਿਅਕਤੀ ਦੀ ਸੁਣਨ ਸ਼ਕਤੀ ਘੱਟ ਹੋ ਸਕਦੀ ਹੈ ਜਾਂ ਹਮੇਸ਼ਾ ਲਈ ਜਾ ਸਕਦੀ ਹੈ।
ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਕੰਨਾਂ ਦੇ ਬੋਲੇਪਨ ਦਾ ਮੁੱਖ ਕਾਰਨ ਬਚਪਨ ਦੇ ਰੋਗ, ਦੁਰਘਟਨਾਵਾਂ ਅਤੇ ਗਰਭ ਅਵਸਥਾ ਜਾਂ ਜਨਮ ਦੋਰਾਨ ਹੋਣ ਵਾਲੇ ਰੋਗਾਂ ਕਾਰਨ ਹੋ ਸਕਦਾ ਹੈ। ਹਾਈਰਿਸਕ ਕੇਸਾਂ ਵਿੱਚ ਨਵਜਨਮੇ ਬੱਚੇ ਦੀ ਸੁਣਨ ਸ਼ਕਤੀ ਦੀ ਜਾਂਚ ਜਲਦ ਤੋਂ ਜਲਦ ਕਰਵਾਉਣੀ ਚਾਹੀਦੀ ਹੈ ਤਾਂ ਜੋ ਜੇਕਰ ਕੋਈ ਸਮੱਸਿਆ ਸਾਹਮਣੇ ਆਵੇ ਤਾਂ ਉਸਦਾ ਇਲਾਜ ਜਲਦ ਸ਼ੁਰੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਵਾਜ ਪ੍ਰਦੂਸ਼ਨ ਲੋਕਾਂ ਵਿੱਚ ਸੁਣਨ ਸ਼ਕਤੀ ਦੇ ਕਮਜੋਰ ਹੋਣ ਦਾ ਵੱਡਾ ਕਾਰਨ ਬਣ ਰਿਹਾ ਹੈ, ਇਸ ਲਈ ਸਾਨੂੰ ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਅਤੇ ਹੈੱਡ ਫੋਨ ਦੀ ਉੱਚੀ ਆਵਾਜ਼ ਪ੍ਰਤੀ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਐਸ.ਐਮ.ਓ. ਡਾ. ਜਸਵਿੰਦਰ ਸਿੰਘ, ਕੰਨਾਂ ਦੀ ਮਾਹਿਰ ਡਾ. ਸਿਮਰਨਜੀਤ ਕੌਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।