ਜਲੰਧਰ, 15 ਨਵੰਬਰ : ਪੰਜਾਬ ਦੇ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ ਅਤੇ ਅਜ਼ਾਦੀ ਘੁਲਾਟੀਆਂ ਬਾਰੇ ਮੰਤਰੀ ਮਹਿੰਦਰ ਭਗਤ ਵੱਲੋਂ ਅੱਜ ਇੱਥੇ ਸਰਕਾਰੀ ਸਪੋਰਟਸ ਐਂਡ ਆਰਟਸ ਕਾਲਜ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਵਾਲੀਬਾਲ ਅਤੇ ਸ਼ਤਰੰਜ ਖੇਡ ਮੁਕਾਬਲਿਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਸੂਬੇ ਭਰ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਇਸ ਵਿਲੱਖਣ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਖੇਡ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਭਗਤ ਨੇ ਖੇਡਾਂ ਪ੍ਰਤੀ ਲੋਕਾਂ ਦੇ ਭਰਵੇਂ ਹੁੰਗਾਰੇ ਬਾਰੇ ਚਾਨਣਾ ਪਾਉਂਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬੀ ਅਥਲੀਟਾਂ ਦੀ ਨੁਮਾਇੰਦਗੀ ਵਧਾਉਣ ਵਿੱਚ ਇਨ੍ਹਾਂ ਖੇਡਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਤੀਜਾ ਸੀਜ਼ਨ ਖੇਡਾਂ ਵਿੱਚ ਸਫ਼ਲਤਾ ਦੇ ਨਵੇਂ ਮੀਲ ਪੱਥਰ ਸਥਾਪਤ ਕਰੇਗਾ।
ਉਨ੍ਹਾਂ ਕਿਹਾ ਕਿ ਸਰੀਰਕ ਤੰਦਰੁਸਤੀ ਅਤੇ ਅਨੁਸ਼ਾਸਨ ਲਈ ਖੇਡਾਂ ਬਹੁਤ ਜ਼ਰੂਰੀ ਹਨ। ਖੇਡਾਂ ਨਸ਼ਿਆਂ ਦੀ ਲਤ ਲਈ ਅਸਰਦਾਰ ‘ਐਂਟੀਡੋਟ’ ਦਾ ਕੰਮ ਕਰਦੀਆਂ ਹਨ ਕਿਉਂਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਨਸ਼ਿਆਂ ਦੇ ਜੰਜਾਲ ਵਿੱਚ ਘੱਟ ਹੀ ਫਸਦੇ ਹਨ। ਉਨ੍ਹਾਂ ਵਾਲੀਬਾਲ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮੈਚਾਂ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰਵਾਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਅਤੇ ਤੈਰਾਕੀ ਕੋਚ ਉਮੇਸ਼ ਸ਼ਰਮਾ ਨੇ ਮੰਤਰੀ ਦਾ ਖੇਡ ਸਮਾਗਮ ਵਾਲੇ ਸਥਾਨ ’ਤੇ ਪੁੱਜਣ ’ਤੇ ਸਵਾਗਤ ਕੀਤਾ। ਵਧੀਕ ਡਿਪਟੀ ਕਮਿਸ਼ਨਰ ਨੇ ਮੰਤਰੀ ਨੂੰ ਦੱਸਿਆ ਕਿ ਵਾਲੀਬਾਲ ਅਤੇ ਸ਼ਤਰੰਜ ਮੁਕਾਬਲੇ 15 ਤੋਂ 22 ਨਵੰਬਰ ਤੱਕ ਕਰਵਾਏ ਜਾਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਖੇਡਾਂ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੁੱਚੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਬਾਕਸ
ਅੰਡਰ-17 ਵਾਲੀਬਾਲ ਸਮੈਸ਼ਿੰਗ ਲੜਕੇ ਮੁਕਾਬਲੇ ’ਚ ਬਰਨਾਲਾ ਨੇ ਮਾਨਸਾ ਨੂੰ 2-0 ਹਰਾਇਆ
ਰਾਜ ਪੱਧਰੀ ਮੁਕਾਬਲਿਆਂ ਦੇ ਪਹਿਲੇ ਦਿਨ ਅੰਡਰ-14 ਵਾਲੀਬਾਲ ਸਮੈਸ਼ਿੰਗ ਲੜਕੇ ਮੁਕਾਬਲੇ ਵਿੱਚ ਬਠਿੰਡਾ ਦੀ ਵਾਲੀਬਾਲ ਟੀਮ ਨੇ ਮਾਲੇਰਕੋਟਲਾ ਦੀ ਟੀਮ ਨੂੰ 2-0 (25- 23,26-24) ਫਿਰੋਜ਼ਪੁਰ ਨੇ ਮੋਗਾ ਨੂੰ (2-0, (25-13, 25-21) ਨਾਲ, ਹੁਸ਼ਿਆਰਪੁਰ ਨੇ ਲੁਧਿਆਣਾ ਨੂੰ 2-0 (25-14, 25-8) ਨਾਲ ਹਰਾਇਆ।
ਇਸੇ ਤਰ੍ਹਾਂ ਅੰਡਰ-17 ਵਾਲੀਬਾਲ ਸਮੈਸ਼ਿੰਗ ਲੜਕੇ ਮੁਕਾਬਲੇ ਵਿੱਚ ਬਰਨਾਲਾ ਨੇ ਮਾਨਸਾ ਨੂੰ 2-0 (25-17,25-15) ਨਾਲ ਮਾਤ ਦਿੱਤੀ। ਅੰਡਰ-21 ਵਾਲੀਬਾਲ ਸਮੈਸ਼ਿੰਗ ਲੜਕੇ ਮੁਕਾਬਲੇ ਵਿੱਚ ਜਲੰਧਰ ਦੀ ਵਾਲੀਬਾਲ ਟੀਮ ਨੇ ਮੋਗਾ ਨੂੰ 2-0 (25-05,25-10) ਨਾਲ, ਤਰਨਤਾਰਨ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 2-0 (25-20,28-26) ਨਾਲ, ਫਿਰੋਜ਼ਪੁਰ ਨੇ ਬਠਿੰਡਾ ਨੂੰ 2-0 (25-17,25–19) ਨਾਲ, ਫਰੀਦਕੋਟ ਨੇ ਰੂਪਨਗਰ ਨੂੰ 2-0 (25-12,25-10) ਨਾਲ, ਮਾਨਸਾ ਦੀ ਟੀਮ ਨੇ ਬਰਨਾਲਾ ਨੂੰ 2-0 (25- 15,25-13 ) ਨਾਲ, ਸੰਗਰੂਰ ਨੇ ਪਠਾਨਕੋਟ ਨੂੰ 2-0 (25-07,25-10 ) ਨਾਲ ਅਤੇ ਲੁਧਿਆਣਾ ਨੇ ਅੰਮ੍ਰਿਤਸਰ ਦੀ ਟੀਮ ਨੂੰ ਬੜੇ ਫਸਵੇਂ ਮੁਕਾਬਲੇ ਵਿੱਚ 2-0 (25-18,25-21) ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ ।
ਅੰਡਰ-17 ਸ਼ਤਰੰਜ ਲੜਕੀਆਂ ਦੇ ਮੁਕਾਬਲਿਆਂ ਵਿਚ ਜਲੰਧਰ ਨੇ ਪਹਿਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੂਜਾ ਅਤੇ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਸ਼ਤਰੰਜ ਲੜਕਿਆਂ ਦੇ ਮੁਕਾਬਲਿਆਂ ਵਿਚ ਪਟਿਆਲਾ ਨੇ ਪਹਿਲਾ, ਜਲੰਧਰ ਨੇ ਦੂਜਾ ਅਤੇ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ ਕੀਤਾ।