
ਜਲੰਧਰ (23 ਸਤੰਬਰ 2025) : ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਵੱਲੋਂ ਲੋਕਾਂ ਨੂੰ ‘ਸਾਈਲੈਂਟ ਕਿਲਰਸ’ ਵਜੋਂ ਜਾਣੇ ਜਾਂਦੇ ਗੈਰ-ਸੰਚਾਰੀ ਰੋਗਾਂ (ਨਾਨ-ਕਮਿਊਨੀਕੇਬਲ ਡਿਸੀਜ਼) ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦਿਲ ਦੇ ਰੋਗ, ਸ਼ੂਗਰ, ਕੈਂਸਰ ਅਤੇ ਸਾਹ ਪ੍ਰਣਾਲੀ ਦੇ ਗੰਭੀਰ ਰੋਗ ਵਰਗੀਆਂ ਬਿਮਾਰੀਆਂ ਹੌਲੀ-ਹੌਲੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਅਕਸਰ ਇਨ੍ਹਾਂ ਦੇ ਲੱਛਣਾਂ ਦਾ ਪਤਾ ਲੱਗਣ ਵਿੱਚ ਬਹੁਤ ਦੇਰੀ ਹੋ ਜਾਂਦੀ ਹੈ। ਅੱਜ ਦੀ ਤੇਜ਼-ਰਫ਼ਤਾਰ ਜ਼ਿੰਦਗੀ ਵਿੱਚ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਆਏ ਬਦਲਾਅ ਇਸਦੇ ਮੁੱਖ ਕਾਰਨ ਹਨ। ਤੰਬਾਕੂ ਦੀ ਵਰਤੋਂ, ਸ਼ਰਾਬ ਦਾ ਸੇਵਨ, ਜੰਕ ਫੂਡ, ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਮੋਟਾਪਾ ਇਸਦੇ ਵੱਡੇ ਕਾਰਕ ਹਨ।
ਡਾ. ਰਮਨ ਗੁਪਤਾ ਨੇ ਕਿਹਾ ਕਿ ਗੈਰ ਸੰਚਾਰੀ ਰੋਗਾਂ ਤੋਂ ਬਚਾਅ ਲਈ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਸੁਧਾਰ ਲਿਆਉਣ ਦੀ ਜ਼ਰੂਰਤ ਹੈ, ਜਿਸ ਵਿੱਚ ਤਾਜ਼ੇ ਫਲ, ਸਬਜ਼ੀਆਂ ਅਤੇ ਪੌਸ਼ਟਿਕ ਆਹਾਰ ਦਾ ਸੇਵਨ, ਨਿਯਮਿਤ ਕਸਰਤ, ਖੰਡ ਅਤੇ ਨਮਕ ਦੀ ਘੱਟ ਵਰਤੋਂ ਅਤੇ ਜੰਕ ਫੂਡ ਤੋਂ ਦੂਰੀ ਸ਼ਾਮਲ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਤੰਬਾਕੂ ਅਤੇ ਸ਼ਰਾਬ ਦੀ ਆਦਤ ਨੂੰ ਪੂਰੀ ਤਰ੍ਹਾਂ ਛੱਡਣ। 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੈਸਟ੍ਰੋਲ ਦੀ ਨਿਯਮਿਤ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਛੋਟੇ-ਮੋਟੇ ਲੱਛਣਾਂ ਜਿਵੇਂ ਲਗਾਤਾਰ ਥਕਾਵਟ ਜਾਂ ਬੇਚੈਨੀ ਨੂੰ ਅਣਦੇਖਿਆ ਨਾ ਕੀਤਾ ਜਾਵੇ ਅਤੇ ਤੁਰੰਤ ਡਾਕਟਰੀ ਸਲਾਹ ਲਈ ਸੰਪਰਕ ਕੀਤਾ ਜਾਵੇ। ਡਾ. ਗੁਪਤਾ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਪਿੰਡਾਂ ਵਿੱਚ ਲੋਕ ਹੈਲਥ ਐਂਡ ਵੈੱਲਨੈੱਸ ਸੈਂਟਰਾਂ (ਜਿੱਥੇ ਕਮਿਊਨਿਟੀ ਹੈਲਥ ਅਫਸਰ ਸੇਵਾਵਾਂ ਦੇ ਰਹੇ ਹਨ) ਤੋਂ ਲਾਭ ਲੈ ਸਕਦੇ ਹਨ, ਜਦਕਿ ਸ਼ਹਿਰਾਂ ਵਿੱਚ ਆਮ ਆਦਮੀ ਕਲੀਨਿਕਾਂ ਰਾਹੀਂ ਆਸਾਨੀ ਨਾਲ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਉਪਲਬਧ ਹਨ। ਉਨ੍ਹਾਂ ਨੇ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਠੀਕ ਇਲਾਜ ਨਾਲ ਇਨ੍ਹਾਂ ਬਿਮਾਰੀਆਂ ਦੇ ਖਤਰੇ ਨੂੰ ਬਹੁਤ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।