ਲੁਧਿਆਣਾ : ਸਿੱਧੂ ਮੂਸੇਵਾਲਾ ਐਤਵਾਰ ਨੂੰ ਆਪਣੀ ਬਿਮਾਰ ਮਾਸੀ ਦਾ ਪਤਾ ਲੈਣ ਲਈ ਆਪਣੇ ਪਿੰਡੋਂ ਨਿਕਲੇ ਸਨ। ਜਿਵੇਂ ਹੀ ਮਾਨਸਾ ਦੇ ਪਿੰਡ ਜਵਾਹਰਕੇ ’ਚ ਪੁੱਜੇ ਤਾਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਗੱਡੀ ’ਚ ਪਿੱਛੇ ਤੇ ਗੁਰਪ੍ਰੀਤ ਸਿੰਘ ਉਨ੍ਹਾਂ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ।

 

ਡੀਐੱਮਸੀ ’ਚ ਦਾਖ਼ਲ ਜ਼ਖ਼ਮੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮਾਸੀ ਬਿਮਾਰ ਸੀ। ਉਹ ਅਚਾਨਕ ਉਨ੍ਹਾਂ ਦਾ ਪਤਾ ਲੈਣ ਜਾਣ ਲਈ ਤਿਆਰ ਹੋ ਗਿਆ। ਗੱਡੀ ’ਚ ਪੰਜ ਲੋਕਾਂ ਦੇ ਬੈਠਣ ਦੀ ਜਗ੍ਹਾ ਨਹੀਂ ਸੀ, ਇਸ ਲਈ ਉਸ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਨਾਲ ਨਹੀਂ ਬਿਠਾਇਆ। ਗੁਰਵਿੰਦਰ ਸਿੰਘ ਮੁਤਾਬਕ ਜਿਵੇਂ ਹੀ ਉਹ ਪਿੰਡ ਤੋਂ ਕੁਝ ਦੂਰ ਪੁੱਜੇ ਤਾਂ ਸਭ ਤੋਂ ਪਹਿਲਾਂ ਪਿੱਛਿਓਂ ਇਕ ਫਾਇਰ ਹੋਇਆ। ਇੰਨੇ ’ਚ ਇਕ ਗੱਡੀ ਉਨ੍ਹਾਂ ਦੇ ਅੱਗੇ ਆ ਕੇ ਰੁਕ ਗਈ। ਨਾਲ ਹੀ ਇਕ ਨੌਜਵਾਨ ਗੱਡੀ ਦੇ ਸਾਹਮਣੇ ਆਇਆ ਤੇ ਉਸ ਨੇ ਕਈ ਗੋਲ਼ੀਆਂ ਚਲਾਈਆਂ।ਗੁਰਵਿੰਦਰ ਮੁਤਾਬਕ ਮੂਸੇਵਾਲਾ ਨੇ ਵੀ ਆਪਣੀ ਪਿਸਤੌਲ ਨਾਲ ਜਵਾਬ ’ਚ ਦੋ ਫਾਇਰ ਕੀਤੇ ਸਨ, ਪਰ ਸਾਹਮਣੇ ਵਾਲੇ ਹਮਲਾਵਰ ਕੋਲ ਆਟੋਮੈਟਿਕ ਗੰਨ ਹੋਣ ਕਾਰਨ ਉਹ ਲਗਾਤਾਰ ਫਾਇਰਿੰਗ ਕਰਦਾ ਰਿਹਾ। ਮੂਸੇਵਾਲਾ ਦੇ ਦੋ-ਦੋ ਫਾਇਰ ਕਰਦੇ ਹੀ ਸਾਡੀ ਗੱਡੀ ’ਤੇ ਤਿੰਨੋਂ ਪਾਸਿਓਂ ਫਾਇਰਿੰਗ ਹੋਣ ਲੱਗੀ। ਮੂਸੇਵਾਲਾ ਨੇ ਇਕ ਵਾਰ ਗੱਡੀ ਭਜਾਉਣ ਦਾ ਵੀ ਯਤਨ ਕੀਤਾ ਪਰ ਸਾਨੂੰ ਅੱਗਿਓਂ ਤੇ ਪਿੱਛਿਓਂ ਦੋਵਾਂ ਪਾਸਿਓਂ ਘੇਰ ਲਿਆ ਗਿਆ ਸੀ।ਡੀਐੱਮਸੀ ਦੇ ਡਾਕਟਰਾਂ ਮੁਤਾਬਕ ਗੁਰਵਿੰਦਰ ਦੇ ਮੋਢੇ ’ਤੇ ਲੱਗੀ ਗੋਲ਼ੀ ਕੱਢ ਦਿੱਤੀ ਹੈ ਤੇ ਉਸ ’ਤੇ ਪਲਾਸਟਰ ਕਰ ਦਿੱਤਾ ਗਿਆ ਹੈ। ਗੁਰਪ੍ਰੀਤ ਦੇ ਸਰੀਰ ’ਚ ਲੱਗੀਆਂ ਤਿੰਨ ਗੋਲ਼ੀਆਂ ਕੱਢਣ ਲਈ ਡਾਕਟਰਾਂ ਦੀ ਟੀਮ ਲੱਗੀ ਹੋਈ ਹੈ।

 

ਐਮਰਜੈਂਸੀ ਵਾਰਡ ’ਚ ਪੁਲਿਸ ਦਾ ਸਖ਼ਤ ਪਹਿਰਾ

 

ਡੀਐੱਮਸੀ ’ਚ ਪੂਰੀ ਤਰ੍ਹਾਂ ਨਾਲ ਪੁਲਿਸ ਦਾ ਸਖ਼ਤ ਪਹਿਲਾ ਲਾਇਆ ਗਿਆ ਹੈ। ਜ਼ਖ਼ਮੀਆਂ ਕੋਲ ਰਿਸ਼ਤੇਦਾਰਾਂ ਤੋਂ ਇਲਾਵਾ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਪੁਲਿਸ ਦੇ ਉੱਚ ਅਧਿਕਾਰੀ ਦੋਵਾਂ ਜ਼ਖ਼ਮੀਆਂ ਤੋਂ ਸਵਾਲ ਪੁੱਛ ਰਹੇ ਹਨ ਤੇ ਕੁਝ ਸਮੇਂ ਬਾਅਦ ਬਾਹਰ ਆ ਜਾਂਦੇ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਤੇ ਜੁਆਇੰਟ ਕਮਿਸ਼ਨਰ ਨਰਿੰਦਰ ਭਾਰਗਵ ਨੇ ਵੀ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਨਾਲ ਗੱਲਬਾਤ ਕੀਤੀ ਹੈ।

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।