ਅੰਮ੍ਰਿਤਸਰ, 25 ਜੁਲਾਈ ( )- ਦੁਬਈ ਦੇ ਪ੍ਰਸਿੱਧ ਕਾਰੋਬਾਰੀ ਅਤੇ ਲੋਕ ਸੇਵਾ ਲਈ ਆਪਣੇ ਜੇਬ ਵਿੱਚੋਂ ਹਰ ਮਹੀਨੇ ਕਰੋੜਾਂ ਰੁਪਏ ਖਰਚਣ ਵਾਲੇ ਡਾਕਟਰ ਐਸ.ਪੀ. ਸਿੰਘ ਉਬਰਾਏ ਦੀ ਅਗਵਾਈ ਹੇਠਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੰਮ੍ਰਿਤਸਰ ਦੇ ਮਕਬੂਲਪੁਰਾ ਖੇਤਰ ‘ਚ ਸਥਿਤ ਸਿਟੀਜ਼ਨ ਫ਼ੋਰਮ ਵਿੱਦਿਆ ਮੰਦਰ ਸਕੂਲ ਲਈ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਮੁੜ ਨਵਿਆ ਦਿੱਤੀ ਹੈ, ਜਿਸ ਤਹਿਤ ਇਸ ਸਕੂਲ ਨੂੰ ਹਰ ਮਹੀਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 25000 ਰੁਪਏ ਦੀ ਰਾਸ਼ੀ ਹਰ ਮਹੀਨੇ ਜਾਰੀ ਕੀਤੀ ਜਾਂਦੀ ਰਹੀ ਹੈ।
ਜ਼ਿਕਰਯੋਗ ਹੈ ਕਿ ਸਿਟੀਜ਼ਨ ਫੋਰਮ ਵਿੱਦਿਆ ਮੰਦਰ ਸਕੂਲ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐਸ.ਪੀ. ਸਿੰਘ ਉਬਰਾਏ ਵੱਲੋਂ ਪਿਛਲੇ 12 ਸਾਲਾਂ ਤੋਂ ਲਗਾਤਾਰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਰਾਸ਼ੀ ਜਾਰੀ ਕੀਤੀ ਜਾ ਰਹੀ ਸੀ ਤਾਂ ਜੋ ਇਸ ਸਕੂਲ ਵਿੱਚ ਇਸ ਖੇਤਰ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੱਚੇ-ਬੱਚੀਆਂ ਨੂੰ ਪੜ੍ਹਾਉਣ ਵਾਸਤੇ ਅਤੇ ਉਚੇਰੀ ਸਿੱਖਿਆ ਲਈ ਤਿਆਰ ਕਰਨ ਵਾਸਤੇ ਇਸ ਸਕੂਲ ਵੱਲੋਂ ਕੀਤੀ ਜਾ ਰਹੀ ਸੇਵਾ ਨਿਰਵਿਘਨ ਜਾਰੀ ਰਹਿ ਸਕੇ। ਟਰੱਸਟ ਦੀ ਨਿਯਮਾਵਲੀ ਅਨੁਸਾਰ ਹਰ ਦਸ ਸਾਲ ਬਾਅਦ ਨਿਰੀਖਣ ਕਰਕੇ ਸਹਾਇਤਾ ਰਾਸ਼ੀ ਨੂੰ ਨਵੇਂ ਸਿਰਿਉਂ ਸ਼ੁਰੂ ਕਰਨ ਦੀ ਕਵਾਇਦ ਤਹਿਤ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਸਥਿਤ ਟੀਮ ਨੇ ਇਸ ਵਿੱਦਿਆ ਮੰਦਰ ਸਕੂਲ ਦਾ ਦੌਰਾ ਕਰਕੇ ਉਥੇ ਵਿਦਿਆਰਥਣਾਂ ਦੀ ਚੱਲ ਰਹੀ ਪੜ੍ਹਾਈ ਦੇ ਕਾਰਜ਼ ਦਾ ਨਿਰੀਖਣ ਕੀਤਾ ਅਤੇ ਇਸ ਸਕੂਲ ਦੇ ਬਾਨੀ ਮਾਸਟਰ ਅਜੀਤ ਸਿੰਘ ਤੇ ਸਟਾਫ਼ ਨੂੰ ਮਿਲ ਕੇ ਸਾਰੀ ਜਾਣਕਾਰੀ ਹਾਸਿਲ ਕੀਤੀ। ਇਸ ਉਪਰੰਤ ਟੀਮ ਵੱਲੋਂ ਡਾ.ਐਸ.ਪੀ. ਸਿੰਘ ਉਬਰਾਏ ਦੁਆਰਾ ਭੇਜਿਆ 25000 ਦਾ ਚੈੱਕ ਮੌਕੇ ‘ਤੇ ਸਕੂਲ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤਾ ਗਿਆ। ਡਾ.ਐਸ.ਪੀ. ਸਿੰਘ ਉਬਰਾਏ ਨੇ ਇਸ ਸਬੰਧੀ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਇਹ ਸਹਾਇਤਾ ਰਾਸ਼ੀ ਲਗਾਤਾਰ ਜਾਰੀ ਕਰਦੇ ਰਹਿਣ ਦੇ ਤੁਰੰਤ ਆਦੇਸ਼ ਵੀ ਦੇ ਦਿੱਤੇ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਸਕੂਲ ਨੂੰ ਮਾਸਟਰ ਅਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਛੋਟੇ ਜਿਹੇ ਘਰ ਵਿੱਚ ਚਾਲੂ ਕੀਤਾ ਗਿਆ ਸੀ ਤਾਂ ਜੋ ਇਸ ਖਿੱਤੇ ਦੇ ਗਰੀਬ ਪਰਿਵਾਰਾਂ ਦੇ ਬੱਚੇ ਵਿੱਦਿਆ ਪ੍ਰਾਪਤ ਕਰਨ ਤੋਂ ਵਾਂਝੇ ਨਾ ਰਹਿ ਜਾਣ। ਪਿਛਲੇ ਲੰਬੇ ਸਮੇਂ ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਨਾਮਵਰ ਸਮਾਜ ਸੇਵਕ ਮਰਹੂਮ ਬ੍ਰਿਜ ਬੇਦੀ ਤੋਂ ਇਲਾਵਾ ਕਈ ਸੰਸਥਾਵਾਂ ਦੁਆਰਾ ਮਦਦ ਕੀਤੇ ਜਾਣ ਕਰਕੇ ਇਹ ਸਕੂਲ ਲਗਾਤਾਰ ਨਵੀਆਂ ਪਲਾਂਘਾਂ ਪੁੱਟਦਾ ਰਿਹਾ ਹੈ ਅਤੇ ਹੁਣ ਤੱਕ ਸਕੂਲ ਦੇ ਕਾਫ਼ੀ ਵਿਦਿਆਰਥੀ ਉੱਚ-ਅਹੁਦਿਆਂ ਉੱਤੇ ਬਿਰਾਜਮਾਨ ਹੋ ਕੇ ਲੋਕ ਸੇਵਾ ਕਰ ਰਹੇ ਹਨ। ਇਸ ਸਕੂਲ ਵਿੱਚ ਸਕੂਲੀ ਪੜ੍ਹਾਈ ਦੇ ਇਲਾਵਾ ਨੈਤਿਕ ਸਿੱਖਿਆ ਉੱਤੇ ਵੀ ਜ਼ੋਰ ਦੇਣ ਤੋਂ ਇਲਾਵਾ ਕਿੱਤਾ ਮੁੱਖੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਸਹਾਇਤਾ ਰਾਸ਼ੀ ਹਾਸਲ ਕਰਦਿਆਂ ਮਾਸਟਰ ਅਜੀਤ ਸਿੰਘ ਨੇ ਇਸ ਨੇਕ ਕਾਰਜ ਲਈ ਡਾ: ਐਸ.ਪੀ.ਸਿੰਘ ਉਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਹਾਇਤਾ ਰਾਸ਼ੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਮੌਕੇ ਟਰੱਸਟ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਐਕਸੀਅਨ ਜਗਦੇਵ ਸਿੰਘ ਛੀਨਾ,ਖ਼ਜ਼ਾਨਚੀ ਨਵਜੀਤ ਸਿੰਘ ਘਈ ਤੇ ਮਾਸਟਰ ਸੁਖਦੇਵ ਸਿੰਘ ਸਮੇਤ ਸਕੂਲ ਸਟਾਫ਼ ਵੀ ਮੌਜੂਦ ਸੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।