ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਦੀ ਸ. ਤੇਜਿੰਦਰ ਸਿੰਘ ਨੰਗਲ, ਸੂਬਾ ਪ੍ਰਧਾਨ ਅਤੇ ਸ. ਨਰਿੰਦਰ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਮਿਤੀ 27-07-2024 ਨੂੰ ਜਿਲਾ ਮੋਗਾ ਵਿਖੇ ਕੀਤੀ ਗਈ ਸੂਬਾ ਪੱਧਰੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਲਏ ਫ਼ੈਸਲੇ ਅਨੁਸਾਰ ਸਰਕਾਰ ਨੂੰ ਨੋਟਿਸ ਭੇਜ ਕੇ 16-08-2024 ਤੱਕ ਮੰਗਾਂ ਦੀ ਪੂਰਤੀ ਕਰਨ ਲਈ ਲਿਖਿਆ ਗਿਆ ਸੀ ਪਰ ਸਰਕਾਰ ਵੱਲੋਂ ਨਾ ਤਾਂ ਜੱਥੇਬੰਦੀ ਨੂੰ ਮੀਟਿੰਗ ਕੀਤੀ ਗਈ ਤੇ ਨਾ ਹੀ ਮੰਗਾਂ ਦੀ ਪੂਰਤੀ ਕੀਤੀ ਗਈ।
ਜਿਸ ਸੰਬੰਧੀ ਯੂਨੀਅਨ ਵੱਲੋਂ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਵਿਟਾਂਦਰਾ ਕਰਨ ਉਪਰੰਤ ਲਏ ਗਏ ਫ਼ੈਸਲੇ ਅਨੁਸਾਰ ਸਰਕਾਰ ਨੂੰ ਮਿਤੀ 04-09-2024 ਤੱਕ ਦਾ ਸਮਾ ਦਿੰਦੇ ਹੋਏ ਇੱਕ ਹੋਰ ਨੋਟਿਸ ਭੇਜਿਆ ਗਿਆ। ਜਾਣਕਾਰੀ ਦਿੰਦੇ ਸ੍ਰੀ ਪਵਨ ਕੁਮਾਰ ਵਰਮਾ, ਜਿਲਾ ਪ੍ਰਧਾਨ ਅਤੇ ਸ੍ਰੀ ਅਮਨਦੀਪ ਕੌਸ਼ਿਕ, ਜਨਰਲ ਸਕੱਤਰ, ਡੀ.ਸੀ ਦਫਤਰ ਕਰਮਚਾਰੀ ਅਸੋਸੀਏਸ਼ਨ, ਜਲੰਧਰ ਨੇ ਦੱਸਿਆ ਕਿ ਸੂਬਾ ਬਾਡੀ ਵੱਲੋਂ ਲਏ ਫੈਸਲੇ ਅਨੁਸਾਰ ਮਿਤੀ 30-08-2024 ਨੂੰ ਡੀ.ਸੀ. ਦਫ਼ਤਰ ਦੇ ਸਮੂਹ ਕਰਮਚਾਰੀਆਂ ਵੱਲੋਂ ਸੰਕੇਤਕ ਧਰਨਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ 30 ਸਾਲ ਪਹਿਲਾਂ ਬਣਾਈਆਂ ਸਬ ਡਵੀਜ਼ਨਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿੱਚ ਨੌਰਮਜ਼ ਅਨੁਸਾਰ ਅਸਾਮੀਆਂ ਦੀ ਰਚਨਾ ਨਹੀਂ ਕੀਤੀ ਜਾ ਰਹੀ, ਜਦੋਂ ਤੱਕ ਅਸਾਮੀਆਂ ਦੀ ਰਚਨਾ ਨਹੀਂ ਹੋਵੇਗੀ, ਓਦੋਂ ਤੱਕ ਸੂਬੇ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਬੱਚਿਆਂ ਨੂੰ ਸਰਕਾਰੀ ਨੌਕਰੀ ਕਿਵੇਂ ਮਿਲੇਗੀ, ਸਰਕਾਰ ਉਹਨਾਂ ਅਸਾਮੀਆਂ ਦੀ ਰਚਨਾ ਕਰੇ ਅਤੇ ਜਿੱਥੇ ਅਸਾਮੀਆਂ ਦੀ ਰਚਨਾ ਹੋ ਕੇ ਸਰਕਾਰ ਨੂੰ ਨਵੇਂ ਕਲਰਕ ਭਰਤੀ ਕਰਨ ਦੀ ਡਿਮਾਂਡ ਗਈ ਹੈ, ਓਥੇ ਭਰਤੀ ਦਾ ਇਸ਼ਤਿਹਾਰ ਜਾਰੀ ਕਰਕੇ ਨਵੀਂ ਭਰਤੀ ਜਲਦੀ ਕੀਤੀ ਜਾਵੇ, ਕਲਰਕਾਂ/ਜੂਨੀਅਰ ਸਹਾਇਕਾਂ ਦਾ ਅਗਲਾ ਪਰਮੋਸ਼ਨ ਚੈਨਲ ਬੜਾ ਘੱਟ ਹੈ, ਇਸ ਲਈ ਕਲਰਕ/ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਦਾ ਪਰਮੋਸ਼ਨ ਕੋਟਾ 100% ਕੀਤਾ ਜਾਵੇ, ਸੁਪਰਡੈਂਟ ਗ੍ਰੇਡ-1 ਅਤੇ ਸੁਪਰਡੈਂਟ ਗ੍ਰੇਡ-2 ਦੀਆਂ ਖ਼ਾਲੀ ਪਈਆਂ ਪੋਸਟਾਂ ਤੇ ਪਰਮੋਸਨਾ ਕੀਤੀਆਂ ਜਾਣ, 5% ਪ੍ਰਸ਼ਾਸ਼ਕੀ ਭੱਤਾ ਲਾਗੂ ਕੀਤਾ ਜਾਵੇ, ਨਾਇਬ ਤਹਿਸੀਲਦਾਰ ਦਾ ਕੋਟਾ ਵਧਾਇਆ ਜਾਵੇ, ਅਦਾਲਤਾਂ ਵਿੱਚ ਚੱਲਦੇ ਕੇਸਾਂ ਦੇ ਜਵਾਬ ਦਾਅਵੇ ਤਿਆਰ ਕਰਨ ਲਈ ਡੀ.ਸੀ. ਦਫ਼ਤਰਾਂ ਅਤੇ ਸਾਰੀਆਂ ਤਹਿਸੀਲਾਂ ਵਿੱਚ ਲੀਗਲ ਸੈੱਲ ਸਥਾਪਿਤ ਕੀਤੇ ਜਾਣ, ਸੁਪਰਡੈਂਟ ਗ੍ਰੇਡ-2 ਤੋਂ ਤਹਿਸੀਲਦਾਰ ਦੀ ਪਰਮੋਸ਼ਨ ਦਾ ਤਜ਼ਰਬਾ ਘੱਟ ਕੀਤਾ ਜਾਵੇ, ਸਟੈਨੋ ਕੇਡਰ ਦਾ ਪਰਮੋਸ਼ਨ ਚੈਨਲ ਵਧਾਉਣ ਲਈ ਪੋਸਟਾਂ ਅਪਗ੍ਰੇਡ ਕੀਤੀਆਂ ਜਾਣ ਤੇ ਬਿਨਾ ਟੈਸਟ ਸੀਨੀਅਰਤਾ ਦੇ ਆਧਾਰ ਤੇ ਪਰਮੋਸ਼ਨਾਂ ਕੀਤੀਆਂ ਜਾਣ, ਸੁਪਰਡੈਂਟ ਗ੍ਰੇਡ-2 ਦੀਆਂ ਸਾਰੀਆਂ ਅਸਾਮੀਆਂ ਮਾਲ ਤੇ ਰਿਕਾਰਡ ਦੀਆਂ ਕੀਤੀਆਂ ਜਾਣ, ਆਊਟਸੋਰਸ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਸੈਕਸ਼ਨ ਅਫਸਰਾਂ ਦੀ ਤੈਨਾਤੀ ਕੀਤੀ ਜਾਵੇ, ਮਿਤੀ 17-07-2020 ਵਾਲਾ ਪੱਤਰ ਰੱਦ ਕਰਕੇ ਪੰਜਾਬ ਦੇ ਕਰਮਚਾਰੀਆਂ ਤੇ ਪੰਜਾਬ ਦੇ ਪੇ ਸਕੇਲ ਲਾਗੂ ਕੀਤੇ ਜਾਣ, ਕਿਉਂਕੇ ਉੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਬਹੁਤ ਔਖੀ ਭਰਤੀ ਪ੍ਰਕਿਰਿਆ ਚੋਂ ਗੁਜਰਨ ਦੇ ਬਾਵਜੂਦ ਮਾਮੂਲੀ ਤਨਖਾਹਾਂ ਤੇ ਮੁਲਾਜ਼ਮਾਂ ਕੋਲੋਂ ਕੰਮ ਲਿਆ ਜਾ ਰਿਹਾ ਹੈ।
ਇਸੇ ਰੋਸ ਵਜੋਂ ਜੇਕਰ ਮਿਤੀ 04-09-2024 ਤੱਕ ਇਹ ਜਾਇਜ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਿਤੀ 05-09-2024 ਤੋਂ 10-09-2024 ਤੱਕ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ, ਐੱਸ.ਡੀ. ਐਮ. ਦਫ਼ਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿੱਚ ਹੜਤਾਲ ਰਹੇਗੀ।