
ਜਲੰਧਰ (03-10-2025) ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਹੁਕਮਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ (ਕਾਰਜਕਾਰੀ) ਜਲੰਧਰ ਡਾ. ਰਮਨ ਗੁਪਤਾ ਦੀ ਅਗਵਾਈ ਹੇਠ ਸਰਕਾਰੀ ਗਰਲਜ਼ ਸੀਨੀਅਰ ਸੈਕੇਂਡਰੀ ਸਕੂਲ, ਆਬਾਦਪੁਰਾ ਵਿਖੇ “ਹਰ ਸ਼ੁੱਕਰਵਾਰ – ਡੇਂਗੂ ‘ਤੇ ਵਾਰ” ਮੁਹਿੰਮ ਚਲਾਈ ਗਈ। ਇਸਦੇ ਤਹਿਤ ਸਿਵਲ ਸਰਜਨ (ਕਾਰਜਕਾਰੀ) ਜਲੰਧਰ ਡਾ. ਰਮਨ ਗੁਪਤਾ ਵੱਲੋਂ ਸਕੂਲੀ ਵਿਦਿਆਰਥਣਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮਈਆਈਓ ਅਸੀਮ ਸ਼ਰਮਾ, ਸਕੂਲ ਪ੍ਰਿੰਸਿਪਲ ਸੋਨੀਆ ਧਵਨ, ਮੈਡਮ ਪ੍ਰਵੀਨ ਬਾਲਾ, ਤ੍ਰਿਪਤਾ ਭਾਟੀਆ, ਸਰੋਜ ਕੁਮਾਰੀ, ਨੀਰਜਾ ਧਵਨ, ਗੁਰਜੀਤ ਸਿੰਘ, ਏਐਨਐਮਜ਼, ਆਸ਼ਾ ਵਰਕਰ ਅਤੇ ਐਂਟੀ ਲਾਰਵਾ ਟੀਮਾਂ ਮੌਜੂਦ ਸਨ।
ਸਿਵਲ ਸਰਜਨ ਡਾ. ਰਮਨ ਗੁਪਤਾ ਵੱਲੋਂ ਜਾਣਕਾਰੀ ਦਿੰਦੇ ਹੋਏ ਸਕੂਲੀ ਵਿਦਿਆਰਥਣਾਂ ਅਤੇ ਸਟਾਫ ਨੂੰ ਬੋਤਲ ਵਿੱਚ ਲਾਰਵਾ ਦਿਖਾਉਂਦੇਂ ਹੋਏ ਡੇਂਗੂ ਤੋ ਬਚਾਅ ਪ੍ਰਤੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਫ਼ ਪਾਣੀ ਵਿੱਚ ਡੇਂਗੂ ਮੱਛਰ ਦਾ ਲਾਰਵਾ ਪੈਦਾ ਹੁੰਦਾ ਹੈ, ਡੇਂਗੂ ਤੋਂ ਬਚਾਅ ਲਈ ਜੇਕਰ ਅਸੀਂ ਹਫ਼ਤੇ ਵਿਚ ਇਕ ਵਾਰ ਆਪਣੇ ਘਰ ਅਤੇ ਆਲੇ-ਦੁਆਲੇ ਖੜੇ ਪਾਣੀ ਦੀ ਜਾਂਚ ਕਰਦੇ ਹੋਏ ਪਾਣੀ ਜਮ੍ਹਾ ਨਾ ਹੋਣ ਦੇਈਏ ਤਾਂ ਡੇਂਗੂ ‘ਤੇ ਠੱਲ ਪਾਈ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦਾ ਸਹਿਯੋਗ ਮਹੱਤਵਪੂਰਨ ਹੈ। ਉਨ੍ਹਾਂ ਨੂੰ ਸਕੂਲੀ ਵਿਦਿਆਰਥਣਾਂ ਨੂੰ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਇਸ ਬਾਰੇ ਸਚੇਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੂਲਰਾਂ ਵਿੱਚਲਾ ਪਾਣੀ ਹਫਤੇ ਵਿੱਚ ਇਕ ਵਾਰ ਜਰੂਰ ਬਦਲਿਆ ਜਾਵੇ, ਗਮਲਿਆਂ, ਟੁੱਟੇ-ਭੱਜੇ ਬਰਤਨਾਂ, ਘਰਾਂ-ਦਫਤਰਾਂ ਦੀਆਂ ਛੱਤਾਂ ‘ਤੇ ਰੱਖੇ ਟਾਈਰਾਂ ਆਦਿ ਥਾਵਾਂ ਉੱਤੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਬਰਤਨਾਂ ਵਿਚਲਾ ਪਾਣੀ ਵੀ ਜਰੂਰ ਬਦਲਦੇ ਰਹਿਣਾ ਚਾਹੀਦਾ ਹੈ। ਡੇਂਗੂ ਤੋਂ ਬਚਾਅ ਲਈ ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕੀਤਾ ਜਾਵੇ।
ਸਿਵਲ ਸਰਜਨ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਚਲਾਈ ਗਈ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਕੂਲ ਕੈਂਪਸ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਫੋਗਿੰਗ ਵੀ ਕੀਤੀ ਗਈ ਅਤੇ ਘਰ-ਘਰ ਡੇਂਗੂ ਸਰਵੇ ਕਰਦੇ ਹੋਏ ਲੋਕਾਂ ਨੰ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਜਲੰਧਰ ਵੱਲੋਂ ਸ਼ੁੱਕਰਵਾਰ ਨੂੰ ਜਿਲ੍ਹੇ ਵਿੱਚ ਕੁੱਲ 5250 ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ, ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰ ਵਿੱਚ 1327 ਘਰਾਂ ਅਤੇ ਪੇਂਡੂ ਖੇਤਰ ਵਿੱਚ 3923 ਘਰਾਂ ਦਾ ਸਰਵੇ ਹੋਇਆ। ਇਸ ਦੌਰਾਨ 16 ਥਾਵਾਂ ‘ਤੇ ਡੇਂਗੂ ਲਾਰਵਾ ਮਿਲਿਆ, ਜਿਸਨੂੰ ਟੀਮਾਂ ਵੱਲੋਂ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।