ਜਲੰਧਰ, 10 ਅਕਤੂਬਰ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਦੀ ਅਗਵਾਈ ਹੇਠ ਕੰਸਟ੍ਰਕਸ਼ਨ ਸਾਈਟ, ਸਿਵਲ ਹਸਪਤਾਲ ਵਿਖੇ “ਹਰ ਸ਼ੁੱਕਰਵਾਰ – ਡੇਂਗੂ ‘ਤੇ ਵਾਰ” ਮੁਹਿੰਮ ਚਲਾਈ ਗਈ ਅਤੇ ਡੇਂਗੂ ਲਾਰਵੇ ਦੀ ਸ਼ਨਾਖਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਆਸ਼ਾ ਵਰਕਰ ਅਤੇ ਐਂਟੀ ਲਾਰਵਾ ਟੀਮਾਂ ਮੌਜੂਦ ਸਨ। ਜਿਕਰਯੋਗ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਦੀ ਵਿਸ਼ੇਸ਼ ਮੁਹਿੰਮ ਤਹਿਤ ਕੰਸਟ੍ਰਕਸ਼ਨ ਸਾਈਟਾਂ ਅਤੇ ਨਰਸਰੀਆਂ ਵਿਖੇ ਡੇਂਗੂ ਸਰਵੇ ਕੀਤਾ ਗਿਆ ਤਾਂ ਜੋ ਇਨ੍ਹਾਂ ਸਾਈਟਾਂ ਅਤੇ ਨਰਸਰੀਆਂ ਦੇ ਠੇਕੇਦਾਰਾਂ ਅਤੇ ਉੱਥੇ ਕੰਮ ਕਰਦੇ ਵਰਕਰਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਡੇਂਗੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਸਿਵਲ ਸਰਜਨ ਵੱਲੋਂ ਕੰਸਟ੍ਰਕਸ਼ਨ ਸਾਈਟ ਵਿਖੇ ਡੇਂਗੂ ਸਰਵੇ ਦੌਰਾਨ ਖੜੇ ਪਾਣੀ ਵਿੱਚ ਵਿੱਚ ਐਂਟੀ ਲਾਰਵਾ ਟੀਮ ਤੋਂ ਮੌਕੇ ‘ਤੇ ਹੀ ਡੇਂਗੂ ਰੋਕਥਾਮ ਦੇ ਮੱਦੇਨਜਰ ਦਵਾਈ ਦਾ ਛਿੜਕਾਅ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਸਾਈਟ ‘ਤੇ ਕੰਮ ਕਰ ਰਹੇ ਵਰਕਰਾਂ ਨੂੰ ਡੇਂਗੂ ਤੋ ਬਚਾਅ ਲਈ ਸਾਵਧਾਨ ਰਹਿਣ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਮੱਛਰ ਦਾ ਲਾਰਵਾ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ, ਡੇਂਗੂ ਤੋਂ ਬਚਾਅ ਲਈ ਜੇਕਰ ਅਸੀਂ ਹਫ਼ਤੇ ਵਿਚ ਇਕ ਵਾਰ ਆਪਣੇ ਘਰ ਅਤੇ ਆਲੇ-ਦੁਆਲੇ ਖੜੇ ਪਾਣੀ ਦੀ ਜਾਂਚ ਕਰਦੇ ਹੋਏ ਪਾਣੀ ਜਮ੍ਹਾ ਨਾ ਹੋਣ ਦੇਈਏ ਤਾਂ ਡੇਂਗੂ ‘ਤੇ ਠੱਲ ਪਾਈ ਜਾ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੀਆਂ ਕਿਹਾ ਕਿ ਗਮਲਿਆਂ, ਟੁੱਟੇ-ਭੱਜੇ ਬਰਤਨਾਂ, ਘਰਾਂ-ਦਫਤਰਾਂ ਦੀਆਂ ਛੱਤਾਂ ‘ਤੇ ਰੱਖੇ ਟਾਈਰਾਂ ਆਦਿ ਥਾਵਾਂ ਉੱਤੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਕੂਲਰਾਂ ਵਿੱਚਲਾ ਪਾਣੀ ਹਫਤੇ ਵਿੱਚ ਇਕ ਵਾਰ ਜਰੂਰ ਬਦਲਿਆ ਜਾਵੇ । ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਬਰਤਨਾਂ ਵਿਚਲਾ ਪਾਣੀ ਵੀ ਜਰੂਰ ਬਦਲਦੇ ਰਹਿਣਾ ਚਾਹੀਦਾ ਹੈ। ਡੇਂਗੂ ਤੋਂ ਬਚਾਅ ਲਈ ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕੀਤਾ ਜਾਵੇ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਜਲੰਧਰ ਵੱਲੋਂ ਸ਼ੁੱਕਰਵਾਰ ਨੂੰ ਜਿਲ੍ਹੇ ਵਿੱਚ ਕੁੱਲ 3867 ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ, ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰ ਵਿੱਚ 455 ਘਰਾਂ ਅਤੇ ਪੇਂਡੂ ਖੇਤਰ ਵਿੱਚ 3412 ਘਰਾਂ ਦਾ ਸਰਵੇ ਹੋਇਆ। ਇਸ ਦੌਰਾਨ 15 ਥਾਵਾਂ ‘ਤੇ ਡੇਂਗੂ ਲਾਰਵਾ ਮਿਲਿਆ, ਜਿਸਨੂੰ ਟੀਮਾਂ ਵੱਲੋਂ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਗਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।