
ਜਲੰਧਰ (13.06.2025)- ਡੇਂਗੂ ਰੋਕਥਾਮ ਦੇ ਮੱਦੇਨਜ਼ਰ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ “ਹਰ ਸ਼ੁੱਕਰਵਾਰ – ਡੇਂਗੂ ਤੇ ਵਾਰ” ਵਿਸ਼ੇਸ਼ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸ਼ੁੱਕਰਵਾਰ ਨੂੰ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਲਵਲੀ ਬੇਕਰਜ਼, ਚਾਵਲਾ ਸਵੀਟਸ, ਸਿਵਲ ਹਸਪਤਾਲ ਅਤੇ ਸਿਵਲ ਸਰਜਨ ਦਫ਼ਤਰ ਦੀ ਕੰਟੀਨ ਵਿਖੇ ਚੈਕਿੰਗ ਕੀਤੀ ਗਈ ਅਤੇ ਡੇਂਗੂ ਸਰਵੇ ਕੀਤਾ ਗਿਆ।
“ਹਰ ਸ਼ੁੱਕਰਵਾਰ – ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਲਵਲੀ ਸਵੀਟਸ ਵਿਖੇ ਨਰਸਿੰਗ ਵਿਦਿਆਰਥਣਾਂ ਅਤੇ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਲਵਲੀ ਸਵੀਟਸ ਦੇ ਮਾਲਕ ਰਮੇਸ਼ ਮਿੱਤਲ ਅਤੇ ਨਰੇਸ਼ ਮਿੱਤਲ ਦੀ ਮੌਜੂਦਗੀ ਵਿੱਚ ਉੱਥੋਂ ਦੇ ਸਟਾਫ ਅਤੇ ਮੌਜੂਦਾ ਗ੍ਰਾਹਕਾਂ ਨੂੰ ਸੈਂਸੇਟਾਈਜ਼ ਕੀਤਾ ਗਿਆ। ਸਿਵਲ ਸਰਜਨ ਨੇ ਕਿਹਾ ਕਿ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦਾ ਸਹਿਯੋਗ ਮਹੱਤਵਪੂਰਨ ਹੈ। ਡੇਂਗੂ ਮੱਛਰ ਦਾ ਲਾਰਵਾ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ-ਦਫ਼ਤਰਾਂ ਦੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੂਲਰਾਂ ਵਿੱਚਲਾ ਪਾਣੀ ਹਫਤੇ ਵਿੱਚ ਇਕ ਵਾਰ ਜਰੂਰ ਬਦਲਿਆ ਜਾਵੇ, ਗਮਲਿਆਂ, ਟੁੱਟੇ-ਭੱਜੇ ਬਰਤਨਾਂ, ਘਰਾਂ-ਦਫਤਰਾਂ ਦੀਆਂ ਛੱਤਾਂ ‘ਤੇ ਰੱਖੇ ਟਾਈਰਾਂ ਆਦਿ ਥਾਵਾਂ ਉੱਤੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਬਰਤਨਾਂ ਵਿਚਲਾ ਪਾਣੀ ਵੀ ਜਰੂਰ ਬਦਲਦੇ ਰਹਿਣਾ ਚਾਹੀਦਾ ਹੈ। ਡੇਂਗੂ ਤੋਂ ਬਚਾਅ ਲਈ ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕੀਤਾ ਜਾਵੇ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ 26 ਟੀਮਾਂ ਵੱਲੋਂ ਜਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ 193 ਰੈਸਟੋਰੈਂਟ, ਫੂਡ ਸਟਾਲ ਆਦਿ ਥਾਵਾਂ ‘ਤੇ ਸਰਵੇ ਕੀਤਾ ਗਿਆ। ਜਿਸ ਦੌਰਾਨ ਜਿਲ੍ਹੇ ਵਿੱਚ ਇੱਕ ਥਾਂ ‘ਤੇ ਡੇਂਗੂ ਲਾਰਵਾ ਪਾਇਆ ਗਿਆ ਜਿਸ ਨੂੰ ਨਿਰਧਾਰਤ ਤਰੀਕੇ ਨਾਲ ਟੀਮਾਂ ਵੱਲੋਂ ਨਸ਼ਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੰਤਵ ਲੋਕਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕਰਨਾ ਹੈ। ਡੇਂਗੂ ਇਕ ਵਾਈਰਲ ਡਿਜੀਜ਼ ਹੈ ਜੋ ਕਿ ਮੱਛਰ ਤੋਂ ਇਨਸਾਨ ਵਿੱਚ ਫੈਲਦਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ਿਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚ ਖੂਨ ਦਾ ਵੱਗਣਾ ਆਦਿ ਇਸ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਇਸਦੇ ਲੱਛਣ ਦਿੱਸਣ ‘ਤੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਸੰਪਰਕ ਕਰਕੇ ਡਾਕਟਰੀ ਸਲਾਹ ਮੁਤਾਬਕ ਜਾਂਚ ਅਤੇ ਇਲਾਜ ਕਰਵਾਇਆ ਜਾਵੇ। ਇਸ ਮੌਕੇ ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ, ਡਿਪਟੀ ਐਮਈਆਈਓ ਅਸੀਮ ਸ਼ਰਮਾ, ਐਮ.ਪੀ.ਐਚ.ਐਸ. ਰਾਜਪਾਲ, ਜਿਲ੍ਹਾ ਬੀਸੀਸੀ ਕੌਆਰਡੀਨੇਟਰ ਨੀਰਜ ਸ਼ਰਮਾ, ਆਸ਼ਾ ਵਰਕਰ ਮੌਜੂਦ ਸਨ।