ਜਲੰਧਰ 23 ਮਈ 2025 : ਡੇਂਗੂ ਰੋਕਥਾਮ ਦੇ ਮੱਦੇਨਜ਼ਰ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਹਰ ਇਕ ਵਿਆਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਲੇ ਦੁਆਲੇ ਦੀ ਸਾਫ ਸਫਾਈ ਪੂਤੀ ਸੁਚੇਤ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਦਾ ਲਾਰਵਾ ਸਾਫ ਪਾਣੀ ਵਿੱਚ ਪਨਪਦਾ ਹੈ ਇਸ ਲਈ ਕਿਤੇ ਵੀ ਸਾਫ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ । ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਡੇਂਗੂ ਰੋਕਥਾਮ ਨੂੰ ਲੈਕੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਦੇ ਦਿਨ ਨੂੰ ਡ੍ਰਾਈ ਡੇ ਐਲਾਨਿਆ ਗਿਆ ਹੈ ਅਤੇ ਇਸ ਦਿਨ ਸਾਨੂੰ ਸਾਰਿਆਂ ਨੂੰ ਉਨਾਂ ਸਥਾਨਾਂ ਦੀ ਸਾਫ ਸਫਾਈ ਕਰਨੀ ਚਾਹੀਦੀ ਜਿਥੇ ਪਾਣੀ ਇਕੱਠਾ ਹੋਣ ਦਾ ਖਦਸ਼ਾ ਹੋਵੇ।
ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ਼ੁੱਕਰਵਾਰ ਨੂੰ “ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਮੁਹਿੰਮ ਦੇ ਅੰਤਰਗਤ ਜਿਲ੍ਹੇ ਭਰ ਵਿੱਚ ਸਿਹਤ ਵਿਭਾਗ ਦੀਆਂ 26 ਟੀਮਾਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਜਾ ਕੇ ਡੇਂਗੂ ਤੋਂ ਬਚਾਅ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਸ ਦੌਰਾਨ ਸਰਵੇ ਟੀਮਾਂ ਵੱਲੋਂ 2,889 ਘਰਾਂ ਦਾ ਸਰਵੇ ਕੀਤਾ ਗਿਆ ।ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲ੍ਹੇ ਵਿੱਚ 18 ਪੁਲਿਸ ਸਟੇਸ਼ਨ ਵੀ ਇਸ ਮੁਹਿੰਮ ਦੇ ਤਹਿਤ ਕਵਰ ਕੀਤੇ ਗਏ ਜਿਨ੍ਹਾਂ ਵਿੱਚੋਂ 5 ਪੁਲਿਸ ਸਟੇਸ਼ਨ ਜਲੰਧਰ ਸਿਟੀ ਦੇ ਕਵਰ ਕੀਤੇ ਗਏ।ਸਿਹਤ ਟੀਮਾਂ ਵੱਲੋਂ ਕੁੱਲ 5,831 ਕੰਟੇਨਰ ਚੈੱਕ ਕੀਤੇ ਗਏ ਅਤੇ 5 ਜਗ੍ਹਾ ਤੇ ਡੇਂਗੂ ਦਾ ਲਾਰਵਾ ਪਾਇਆ ਗਿਆ ਅਤੇ ਟੀਮਾਂ ਵੱਲੋਂ ਯੋਗ ਵਿਧੀ ਰਾਂਹੀ ਲਾਰਵੇ ਨੂੰ ਨਸ਼ਟ ਕਰ ਦਿੱਤਾ ਗਿਆ।ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਫਰਿਜ਼ਾਂ ਦੀਆਂ ਟਰੇਆਂ, ਗਮਲਿਆਂ, ਟੁੱਟੇ-ਫੁੱਟੇ ਬਰਤਨਾਂ, ਕੂਲਰਾਂ, ਪਾਣੀ ਦੀਆਂ ਟੈਕੀਆਂ ਆਦਿ ਨੂੰ ਚੈੱਕ ਕੀਤਾ ਜਾਵੇ ਤਾਂ ਜੋ ਇਨ੍ਹਾ ਸਥਾਨਾਂ ‘ਤੇ ਡੇਂਗੂ ਲਾਰਵਾ ਨਾ ਪਨਪ ਸਕੇ ।ਸੌਣ ਸਮੇਂ ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ, ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ, ਕੂਲਰਾਂ ਆਦਿ ਦੀ ਹਫਤਾਵਾਰ ਸਾਫ-ਸਫਾਈ ਕੀਤੀ ਜਾਵੇ ਅਤੇ ਟੁੱਟੇ-ਭੱਜੇ ਬਰਤਨਾਂ, ਟਾਇਰਾਂ,ਫਰਿਜਾਂ ਦੀਆਂ ਟਰੇਆਂ ਅਤੇ ਗਮਲਿਆਂ ਆਦਿ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ।
ਸਿਵਲ ਸਰਜਨ ਡਾ. ਗੁਰਮੀਤ ਲਾਲ ਦੀਆਂ ਹਦਾਇਤਾਂ ਅਨੁਸਾਰ ਸ਼ੁੱਕਰਵਾਰ ਨੂੰ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਿਸ ਸਟੇਸ਼ਨ (ਐੱਨ.ਆਰ.ਆਈ.), ਜਲੰਧਰ ਸਿਟੀ ਦਾ ਦੌਰਾ ਕੀਤਾ ਗਿਆ। ਟੀਮ ਵੱਲੋਂ ਜਿੱਥੇ ਸੰਭਾਵਤ ਡੇਂਗੂ ਲਾਰਵਾ ਸਥਾਨਾਂ ਦੀ ਸ਼ਨਾਖਤ ਕੀਤੀ ਗਈ, ਉੱਥੇ ਨਾਲ ਹੀ ਉਨ੍ਹਾਂ ਵੱਲੋਂ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਅਤੇ ਉੱਥੇ ਦੇ ਸਟਾਫ ਨੂੰ ਡੇਂਗੂ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਬਾਰੇ ਦੱਸਦੇ ਹੋਏ ਜਾਗਰੂਕ ਵੀ ਕੀਤਾ ਗਿਆ।ਇਸ ਮੌਕੇ ਜਿਲ੍ਹਾ ਐਪੀਡਿਮੋਲੋਜਿਸਟ ਡਾ. ਆਦਿੱਤਯਪਾਲ, ਐੱਸ.ਐੱਚ.ਓ. ਅਨੂ ਪਲਿਆਲ, ਕੌਂਸਲਰ ਪ੍ਰਵੀਨ ਵਾਸਨ, ਵਿਜੇ ਵਾਸਨ, ਡਿਪਟੀ ਐੱਮ. ਈ.ਆਈ.ਓ. ਅਸੀਮ ਸ਼ਰਮਾ, ਐਮ.ਪੀ.ਐੱਚ.ਡਬਲਿਊ, ਬਰੀਡਿੰਗ ਚੈੱਕਰ, ਆਸ਼ਾ ਵਰਕਰ ਅਤੇ ਨਰਸਿੰਗ ਵਿਦਿਆਰਥਣਾਂ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।