ਜਲੰਧਰ (21.10.2024): ਸਿਹਤ ਵਿਭਾਗ ਜਲੰਧਰ ਵੱਲੋਂ “ਗਲੋਬਲ ਆਇਓਡੀਨ ਡੈਫੀਸੈਂਸੀ ਡਿਸਆਰਡਰਜ਼ ਪ੍ਰੀਵੈਨਸ਼ਨ ਡੋ” ਮੌਕੇ ਸੋਮਵਾਰ ਨੂੰ ਜੱਚਾ-ਬੱਚਾ ਸਿਹਤ ਕੇਂਦਰ (ਐਮ.ਸੀ.ਐਚ. ਸੈਂਟਰ), ਸਿਵਲ ਹਸਪਤਾਲ, ਜਲੰਧਰ ਅਤੇ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ ਵਿਖੇ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਮੌਕੇ ‘ਤੇ ਮੌਜੂਦ ਗਰਭਵਤੀ ਔਰਤਾਂ, ਨਵਜਨਮੇ ਬੱਚਿਆਂ ਦੀਆਂ ਮਾਵਾਂ ਅਤੇ ਉਨ੍ਹਾਂ ਦੇ ਸੰਬੰਧੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਇਓਡੀਨ ਇੱਕ ਖੁਰਾਕੀ ਤੱਤ ਹੈ ਜੋ ਸਾਡੇ ਸਰੀਰ ਲਈ ਬਹੁਤ ਲੋੜੀਂਦਾ ਹੈ। ਆਇਓਡੀਨ ਸਰੀਰ ਅਤੇ ਦਿਮਾਗ ਦੇਹਾਂ ਦੇ ਸਹੀ ਵਿਕਾਸ ਅਤੇ ਵਾਧੇ ਲਈ ਬਹੁਤ ਜ਼ਰੂਰੀ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਆਇਓਡੀਨ ਦੀ ਘਾਟ ਨਾਲ ਗਿੱਲੜ ਰੋਗ ਹੋ ਸਕਦਾ ਹੈ। ਜੇਕਰ ਗਰਭਵਤੀ ਔਰਤ ਵਿੱਚ ਆਇਓਡੀਨ ਦੀ ਘਾਟ ਹੋ ਜਾਵੇ ਤਾਂ ਉਸ ਦਾ ਬੱਚਾ ਅਸਾਧਾਰਨ ਹੋ ਸਕਦਾ ਹੈ ਅਤੇ ਉਮਰ ਵੱਧਣ ਨਾਲ-ਨਾਲ ਉਸਦੀ ਮਾਨਸਿਕ ਅਤੇ ਸਰੀਰਿਕ ਹਾਲਤ ਹੋਰ ਵੀ ਖਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਇਓਡੀਨ ਦੀ ਘਾਟ ਤੋਂ ਬਚਣ ਲਈ ਸਾਨੂੰ ਆਇਓਡੀਨ ਯੁਕਤ ਨਮਕ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਬਾਜਾਰ ਤੋਂ ਨਮਕ ਖਰੀਦਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਵਿੱਚ ਆਇਓਡੀਨ ਹੋਵੇ। ਇਸਦੀ ਪਛਾਣ ਲਈ ਨਮਕ ਦੇ ਪੈਕਟ ‘ਤੇ ਚੜਦੇ ਸੂਰਜ ਦੇ ਨਿਸ਼ਾਨ ਵਾਲਾ ਮਾਰਕਾ” ਦੇਖ ਕੇ ਹੀ ਨਮਕ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਆਮ ਇਨਸਾਨ ਨੂੰ ਬਹੁਤ ਘੱਟ ਮਾਤਰਾ ਲਗਭਗ 150 ਮਾਇਕ੍ਰੋਗ੍ਰਾਮ ਆਇਓਡੀਨ ਦੀ ਰੋਜ਼ਾਨਾ ਲੋੜ ਪੈਂਦੀ ਹੈ। ਕੁਦਰਤੀ ਤੌਰ ‘ਤੇ ਇਹ ਦੁੱਧ ਦਹੀ, ਮੱਛੀ ਅਤੇ ਸਮੁੰਦਰੀ ਭੋਜਨ ਵਿੱਚ ਮਿਲ ਜਾਂਦਾ ਹੈ।

ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਖਾਣਾ ਬਣਾਉਣ ਸਮੇਂ ਖਾਸ ਤੌਰ ‘ਤੇ ਧਿਆਨ ਰੱਖਣ ਕਿ ਸਿਰਫ ਆਇਓਡੀਨ ਯੁਕਤ ਨਮਕ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਦਾਲ-ਸਬਜੀ ਪਕਾਉਣ ਤੋਂ ਬਾਅਦ ਹੀ ਉਸ ਵਿੱਚ ਨਮਕ ਮਿਲਾਇਆ ਜਾਵੇ ਤਾਂ ਜੋ ਨਮਕ ਵਿੱਚ ਮੌਜੂਦ ਆਇਓਡੀਨ ਦੇ ਤੱਤ ਨਸ਼ਟ ਨਾ ਹੋਣ। ਆਇਉਡੀਨ ਦੀ ਕਮੀ ਕਾਰਣ ਗਰਭਵਤੀ ਔਰਤ ਦਾ ਗਰਭਪਾਤ ਜਾਂ ਜਮਾਂਦਰੂ ਨੁਕਸ ਵਾਲਾ ਬੱਚਾ ਪੈਦਾ ਹੋ ਸਕਦਾ ਹੈ, ਦਿਮਾਗੀ ਅਤੇ ਸਰੀਰਿਕ ਵਿਕਾਸ ਘੱਟ ਹੋ ਸਕਦਾ ਹੈ। ਇਸ ਤੋਂ ਇਲਾਵਾ ਗਿੱਲੜ, ਮੰਦ ਬੁੱਧੀ, ਭੰਗਾਪਣ, ਬੇਣਾਪਣ, ਗੂੰਗਾਪਣ ‘ਤੇ ਬੋਲਾਪਣ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਵੱਲੋਂ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਆਈਓਡੀਨ ਦੇ ਇਸਤੇਮਾਲ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਮੈਡੀਕਲ ਸੁਪਰਡੈਂਟ ਡਾ. ਗੀਤਾ ਕਟਾਰੀਆ ਨੇ ਕਿਹਾ ਕਿ ਸਾਨੂੰ ਹਮੇਸਾ ਆਪਣੇ ਖਾਣੇ ਵਿੱਚ ਆਇਓਡੀਨ ਯੁਕਤ ਲੂਣ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ। ਇਹ ਬੱਚਿਆਂ ਦੇ ਸਰੀਰਿਕ ਵਾਧੇ, ਦਿਮਾਗ ਦੇ ਵਿਕਾਸ ਲਈ, ਗਰਭਵਤੀ ਔਰਤਾਂ ਅਤੇ ਗਰਭ ਅਵਸਥਾ ਦੌਰਾਨ ਸ਼ਿਸੂ ਦੇ ਵਿਕਾਸ ਲਈ ਬਹੁਤ ਜਰੂਰੀ ਹੁੰਦਾ ਹੈ। ਉਨ੍ਹਾਂ ਵੱਲੋਂ ਆਇਓਡੀਨ ਦੀ ਕਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਲੱਛਣਾਂ ਅਤੇ ਬਚਾਅ ਦੇ ਉਪਰਾਲਿਆਂ ਬਾਰੇ ਵੀ ਦੱਸਿਆ ਗਿਆ।

ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ “ਗਲੋਬਲ ਆਇਓਡੀਨ ਡੈਫੀਸੈਂਸੀ ਡਿਸਆਰਡਰ ਪ੍ਰੀਵੈਂਸ਼ਨ ਦਿਵਸ” ਨੂੰ ਮਨਾਉਣ ਦਾ ਮਕਸਦ ਮਨੁੱਖੀ ਸਰੀਰ ਵਿੱਚ ਆਇਓਡੀਨ ਦੇ ਮਹੱਤਵ ਨੂੰ ਦੱਸਣਾਂ ਅਤੇ ਇਸਦੀ ਘਾਟ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਆਇਓਡੀਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੱਚਿਆਂ ਗਰਭਵਤੀ ਔਰਤਾਂ ਅਤੇ ਬੁਜੁਰਗਾਂ ਵਿੱਚ ਆਇਓਡੀਨ ਦੀ ਖਾਸ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਥਾਇਰਾਇਡ ਸਾਡੇ ਸਰੀਰ (ਗਲੇ) ਵਿੱਚ ਇਕ ਗਲੈਂਡ ਹੁੰਦਾ ਹੈ ਜੋ ਇੱਕ ਖਾਸ ਤੱਤ ਬਣਾਉਂਦਾ ਹੈ, ਜੋ ਕਿ ਸਾਡੇ ਸਰੀਰ ਦੇ ਚੰਗੇ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ ਜੋ ਹੱਡੀਆਂ ਅਤੇ ਨਸਾਂ ਦਾ ਵਿਕਾਸ ਵੀ ਕਰਦਾ ਹੈ।

ਨਰਸਿੰਗ ਸਕੂਲ ਵਿਖੇ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਨਰਸਿੰਗ ਵਿਦਿਆਰਥਣਾਂ ਨੂੰ ਕਿਹਾ ਕਿ ਆਪਣੇ ਮਾਤਾ-ਪਿਤਾ, ਰਿਸ਼ਤੇਦਾਰਾਂ ਅਤੇ ਆਂਢ-ਗੁਆਂਡ ਵਿੱਚ ਵੀ ਲੋਕਾਂ ਨੂੰ ਆਇਓਡੀਨ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਦੀ ਘਾਟ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਕੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ, ਨਰਸਿੰਗ ਟੀਚਰ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।