
ਨਕੋਦਰ – ਪਿੰਡਾਂ ਵਿੱਚ ਆਏ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਨੌਜਵਾਨ ਸਭਾ ਰੇਲਵੇ ਰੋਡ ਨਕੋਦਰ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ। ਸੰਸਥਾ ਨੇ ਪੰਡੋਰੀ ਖ਼ਾਸ, ਖੁਰਸੇਦਪੁਰ, ਸੋਹਲ ਖੁਰਦ ਅਤੇ ਸਮੂਹ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਹੜ੍ਹ ਪੀੜਤ ਇਲਾਕਿਆਂ ਵਿੱਚ ਭੇਜੀ।
ਇਸ ਰਾਹਤ ਸਮੱਗਰੀ ਵਿੱਚ ਖਾਣ-ਪੀਣ ਦੀਆਂ ਵਸਤਾਂ, ਦੁੱਧ, ਖੰਡ,ਕਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਸੀ। ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਪਰਿਵਾਰ ਬਹੁਤ ਵੱਡੀ ਤਕਲੀਫ਼ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਸਾਡੇ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਖੜ੍ਹੇ ਹੋਈਏ।
ਨੌਜਵਾਨ ਸਭਾ ਨੇ ਸਮੂਹ ਐਨਆਰਆਈ ਵੀਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਚਾਹੇ ਦੇਸ਼ ਵਿੱਚ ਹੋਵੇ ਜਾਂ ਵਿਦੇਸ਼ ਵਿੱਚ, ਉਹ ਹਮੇਸ਼ਾ ਆਪਣੇ ਮੂਲ ਪਿੰਡਾਂ ਤੇ ਲੋਕਾਂ ਨਾਲ ਜੁੜਿਆ ਰਹਿੰਦਾ ਹੈ।
ਸੰਸਥਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਹੋਰ ਵੀ ਸੰਗਠਨ ਅਤੇ ਸੇਵਾਦਾਰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਤਾਂ ਜੋ ਹੜ੍ਹ ਪੀੜਤ ਭਰਾ-ਭੈਣਾਂ ਨੂੰ ਇਸ ਮੁਸ਼ਕਲ ਵੇਲੇ ਵਿੱਚ ਪੂਰਾ ਸਹਾਰਾ ਮਿਲ ਸਕੇ।