ਨਵਾਂਸ਼ਹਿਰ 08 ਅਪ੍ਰੈਲ 2022
ਇਥੋਂ ਦੇ ਵਿਧਾਇਕ ਨਛੱਤਰ ਪਾਲ ਦੀ ਚੋਣ ’ਤੇ ਸਵਾਲ ਖੜੇ ਕਰਦਿਆਂ ਉਸਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ।ਇਸ ਵਾਰ ਪੰਜਾਬ ਦੀ ਪਹਿਲੀ ਚੋਣ ਪਟੀਸ਼ਨ ਨਵਾਂਸ਼ਹਿਰ ਦੇ ਬਰਜਿੰਦਰ ਸਿੰਘ ਹੁਸੈਨਪੁਰ ਅਤੇ ਦੂਜੀ ਵੀ ਇਥੋਂ ਦੇ ਹੀ ਸੰਨੀ ਸਿੰਘ ਵਲੋਂ ਪਾਈ ਗਈ ਹੈ।
ਬਰਜਿੰਦਰ ਸਿੰਘ ਹੁਸੈਨਪੁਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਾਮਵਰ ਵਕੀਲ ਰਾਜਵਿੰਦਰ ਸਿੰਘ ਬੈਂਸ ਅਤੇ ਚੋਣ ਕਨੂੰਨਾਂ ਦੇ ਮਾਹਿਰ ਵਕੀਲ ਪਰਮਿੰਦਰ ਸਿੰਘ ਵਿੱਗ ਰਾਹੀਂ ਦਾਇਰ ਕੀਤੀ ਪਟੀਸ਼ਨ ਵਿੱਚ ਹਾਈਕੋਰਟ ਨੂੰ ਦੱਸਿਆ ਹੈ ਕਿ ਬਹੁਜਨ ਸਮਾਜ ਪਾਰਟੀ ਨੇ ਉਸਨੂੰ ਟਿਕਟ ਦੇ ਕੇ ਨਛੱਤਰ ਪਾਲ ਦੀ ਟਿਕਟ ਰੱਦ ਕੀਤੀ ਸੀ ਲੇਕਿਨ ਰਿਟਰਨਿੰਗ ਅਫਸਰ ਨੇ ਰਾਜਸੀ ਦਬਾਅ ਕਾਰਨ ਚੋਣ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਨਛੱਤਰ ਪਾਲ ਨੂੰ ਹੀ ਚੋਣ ਲੜਨ ਦੀ ਇਜ਼ਾਜਤ ਦਿੱਤੀ।ਪਟੀਸ਼ਨ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਰਿਟਰਨਿੰਗ ਅਫਸਰ ਨੇ ਨਛੱਤਰ ਪਾਲ ਦੇ ਨਾਲ ਕਈ ਬਸਪਾ ਆਗੂਆਂ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਸਮੇਂ ਅੰਦਰ ਆਉਣ ਦੀ ਇਜ਼ਾਜਤ ਦਿੱਤੀ ਜਦਕਿ ਲੋਕ ਪ੍ਰਤੀਨਿਧਤਾ ਐਕਟ 1951 ਦੇ ਭਾਗ 36 ਅਨੁਸਾਰ ਉਮੀਦਵਾਰ, ਏਜੰਟ, ਨਾਮ ਪੇਸ਼ਕਰਤਾ ਅਤੇ ਸਿਰਫ ਇੱਕ ਹੋਰ ਅਧਿਕਾਰਤ ਵਿਅਕਤੀ ਹੀ ਅੰਦਰ ਜਾ ਸਕਦਾ ਹੈ।ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਰਿਟਰਨਿੰਗ ਅਫਸਰ ਨੇ ਇਥੇ ਸਿਰਫ ਬਸਪਾ ਸੁਪਰੀਮੋ ਮਾਇਆਵਤੀ ਦੇ ਦਸਤਖਤ ਦੇਖਣੇ ਸਨ ਕਿ ਕੀ ਉਹ ਅਸਲੀ ਹਨ ਜਾਂ ਨਹੀਂ।ਇਸ ਵਾਸਤੇ ਚੋਣ ਕਮਿਸ਼ਨ ਨੂੰ ਪਹਿਲਾਂ ਹੀ ਦਿੱਤੇ ਨਮੂਨੇ ਦੇ ਦਸਤਖਤਾਂ ਤੋਂ ਤਸਦੀਕ ਕਰਨਾ ਸੀ ਲੇਕਿਨ ਆਰ.ਓ. ਨੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੇ ਮੋਬਾਇਲ ’ਤੇ ਹੀ ਮਾਇਆਵਤੀ ਨਾਲ ਗੱਲ ਕੀਤੀ ਜੋ ਕਿ ਕਿਸੇ ਵੀ ਤਰ੍ਹਾਂ ਉਚਿੱਤ ਨਹੀਂ ਸੀ।ਵੀਡੀਓ ਕਾਲ ’ਤੇ ਮਾਇਆਵਤੀ ਨੇ ਵੀ ਇਹ ਗੱਲ ਨਹੀਂ ਕਹੀ ਕਿ ਬਰਜਿੰਦਰ ਸਿੰਘ ਹੁਸੈਨਪੁਰ ਦੀ ਟਿਕਟ ’ਤੇ ਉਸਦੇ ਦਸਤਖਤ ਨਹੀਂ ਹਨ।ਬਰਜਿੰਦਰ ਸਿੰਘ ਹੁਸੈਨਪੁਰ ਦਾ ਨਾਮ ਪੇਸ਼ ਕਰਨ ਵਾਲੇ ਇੱਕ ਵਿਅਕਤੀ ਬਲਜਿੰਦਰ ਸਿੰਘ ਦਾ ਵੀ ਹਵਾਲਾ ਦਿੱਤਾ ਗਿਆ ਹੈ ਜਿਸਨੇ ਕਿ ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਨਵਾਂਸ਼ਹਿਰ ਦੀ ਅਦਾਲਤ ਵਿੱਚ ਹਲਫੀਆ ਬਿਆਨ ਦਿੱਤਾ ਹੈ ਕਿ ਨਵਾਂਸ਼ਹਿਰ ਦੇ ਆਰ.ਓ. ਅਤੇ ਕੁਝ ਬਸਪਾ ਆਗੂਆਂ ਨੇ ਉਸ ’ਤੇ ਦਬਾਅ ਪਾਇਆ ਸੀ ਕਿ ਬਰਜਿੰਦਰ ਸਿੰਘ ਹੁਸੈਨਪੁਰ ਦੇ ਕਾਗਜ਼ ਰੱਦ ਕਰਵਾਉਣ ਲਈ ਉਹ ਆਪਣੇ ਦਸਤਖਤ ਪਛਾਣਨ ਤੋਂ ਇਨਕਾਰ ਕਰ ਦੇਵੇ।
ਆਜ਼ਾਦ ਉਮੀਦਵਾਰ ਸੰਨੀ ਸਿੰਘ ਨੇ ਉੱਘੇ ਵਕੀਲ ਹਰਿੰਦਰਪਾਲ ਸਿੰਘ ਈਸ਼ਰ ਰਾਹੀਂ ਆਪਣੀ ਪਟੀਸ਼ਨ ਵਿੱਚ ਦੋਸ਼ ਲਗਾਇਆ ਹੈ ਕਿ ਨਛੱਤਰ ਪਾਲ ਨੇ 100 ਰੁਪਏ ਦੀ ਥਾਂ ‘ਤੇ 50 ਰੁਪਏ ਦਾ ਅਸ਼ਟਾਮ ਲਗਾਇਆ ਹੈ ਅਤੇ ਨੋਟਰੀ ਦੀਆਂ ਟਿਕਟਾਂ ਨਹੀਂ ਲਗਾਈਆਂ।ਇਹ ਅਸ਼ਟਾਮ ਚੋਰੀ ਦੇ ਬਰਾਬਰ ਹੈ।ਪਿਛਲੇ ਪੰਜ ਸਾਲਾਂ ਦੀਆਂ ਆਮਦਨ ਕਰ ਦੀਆਂ ਰਿਟਰਨਾਂ ਦੇ ਵੇਰਵੇ ਨਹੀਂ ਦਿੱਤੇ, ਸ਼ੋਸ਼ਲ ਮੀਡੀਆ ਅਕਾਊਂਟ ਬਾਰੇ ਜਾਣਕਾਰੀ ਗਲਤ ਦਿੱਤੀ ਹੈ ਜਦਕਿ ਇਸਦੇ ਸ਼ੋਸ਼ਲ ਮੀਡੀਆ ‘ਤੇ ਅਕਾਊਂਟ ਹਨ।ਜ਼ਮੀਨ ਸਬੰਧੀ ਜਾਣਕਾਰੀ ‘ਏਕੜ’ ਦੀ ਇਕਾਈ ਵਿੱਚ ਦੱਸੀ ਜਾਣੀ ਸੀ ਜਦਕਿ ਇਸਨੇ ਮਰਲਿਆਂ ਵਿੱਚ ਦਿੱਤੀ ਹੈ, ਬੈਂਕ ਅਕਾਊਂਟ ਡਿਟੇਲ ਵਿੱਚ ਬੈਂਕ ਦਾ ਨਾਮ ਤੇ ਬ੍ਰਾਂਚ ਦਾ ਨਾਮ ਨਹੀਂ ਦੱਸਿਆ ਗਿਆ।ਕਮਰਸ਼ੀਅਲ ਬਿਲਡਿੰਗ ਵਿੱਚ ਸਰਵੇ ਨੰਬਰ ਨਹੀਂ ਦੱਸਿਆ ਗਿਆ ਉਸ ‘ਤੇ ਇਕ ਅਪਰਾਧਿਕ ਮਾਮਲਾ ਚੱਲ ਰਿਹਾ ਹੈ ਜਿਸਦਾ ਉਸਨੇ ਹਲਫੀਆ ਬਿਆਨ ਵਿਚ ਜ਼ਿਕਰ ਨਹੀਂ ਕੀਤਾ ਲੇਕਿਨ ਆਰ.ਓ. ਨੇ ਉਸ ਨੂੰ ਪ੍ਰਵਾਨ ਕਰ ਲਿਆ।ਨਵਾਂਸ਼ਹਿਰ ਵਿੱਚ ਹੋਈ ਮਾਇਆਵਤੀ ਦੀ ਰੈਲੀ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਸ ਵਿੱਚ ਉਸਨੇ ਧਰਮ ਅਤੇ ਜਾਤ ਦੇ ਅਧਾਰ ’ਤੇ ਵੋਟਾਂ ਦੀ ਮੰਗ ਕੀਤੀ ਸੀ।ਸੰਨੀ ਸਿੰਘ ਦਾ ਕਹਿਣਾ ਹੈ ਕਿ ਆਰ.ਓ. ਨੂੰ ਨਛੱਤਰ ਪਾਲ ਅਤੇ ਬਰਜਿੰਦਰ ਸਿੰਘ ਹੁਸੈਨਪੁਰ ਦੋਨਾਂ ਦੀਆਂ ਟਿਕਟਾਂ ਰੱਦ ਕਰਨੀਆਂ ਚਾਹੀਦੀਆਂ ਸਨ।ਇਥੇ ਇਹ ਵੀ ਦੱਸਣਯੋਗ ਹੈ ਕਿ ਸੰਨੀ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਨਵਾਂਸ਼ਹਿਰ ਦੇ ਰਿਟਰਨਿੰਗ ਅਫਸਰ ਖਿਲਾਫ ਹਾਈਕੋਰਟ ਪਹੁੰਚ ਕੀਤੀ ਸੀ ਲੇਕਿਨ ਹਾਈਕੋਰਟ ਨੇ ਕਿਹਾ ਸੀ ਕਿ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੋਣ ਕਰਕੇ ਅਦਾਲਤੀ ਦਖਲ-ਅੰਦਾਜ਼ੀ ਨਹੀਂ ਹੋ ਸਕਦੀ।ਹੁਣ ਇਹਨਾਂ ਚੋਣ ਪਟੀਸ਼ਨਾਂ ’ਤੇ ਸੁਣਵਾਈ 26 ਅਪ੍ਰੈਲ ਤੋਂ ਸ਼ੁਰੂ ਹੋਵੇਗੀ।