
ਜਲੰਧਰ (20.05.2025) – ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ “ਨਸ਼ਾ ਮੁਕਤੀ ਯਾਤਰਾ” ਦੀ ਸੁਰੂਆਤ ਕੀਤੀ ਹੈ। ਇਸਦੇ ਮੱਦੇਨਜਰ ਸਿਹਤ ਵਿਭਾਗ ਜਲੰਧਰ ਜਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਨਿਰੰਤਰ ਯਤਨਸ਼ੀਲ ਹੈ। ਇਨ੍ਹਾਂ ਸ਼ਬਦਾਂ ਨਾਲ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਨਸ਼ਾ ਮੁਕਤੀ ਯਾਤਰਾ ਇੱਕ ਸਮਾਜਿਕ ਸੰਕਲਪ ਹੈ। ਇਸ ਮੁਹਿੰਮ ਦਾ ਸੁਨੇਹਾ ਜਿਲ੍ਹੇ ਦੇ ਘਰ-ਘਰ ਤੱਕ ਪਹੁੰਚਾਉਣ ਦੇ ਟੀਚੇ ਨੂੰ ਮੁਕੰਮਲ ਕਰਨ ਲਈ ਸਿਹਤ ਵਿਭਾਗ ਵੱਲੋਂ ਜਲੰਧਰ ਜਿਲ੍ਹੇ ਵਿੱਚ 172 ਟੀਮਾਂ ਦਾ ਗਠਨ ਕੀਤਾ ਗਿਆ ਹੈ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 71 ਟੀਮਾਂ ਐਸ.ਡੀ.ਐਮ.-1 ਅਤੇ 24 ਟੀਮਾਂ ਐਸ.ਡੀ.ਐਮ.-2 ਦੇ ਨਾਲ ਜਲੰਧਰ ਵਿੱਚ ਅਤੇ 77 ਟੀਮਾਂ ਵੱਖ-ਵੱਖ ਬਲਾਕਾਂ ਵਿੱਚ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵੱਧ-ਚੜ ਕੇ ਯੋਗਦਾਨ ਦੇ ਰਹੀਆਂ ਹਨ। ਸਿਹਤ ਵਿਭਾਗ ਦੀਆਂ ਇਹ ਟੀਮਾਂ ਰੋਜਾਨਾ ਨਿਰਧਾਰਤ ਸ਼ਡਿਊਲ ਮੁਤਾਬਕ ਵੱਖ-ਵੱਖ ਵਾਰਡਾਂ ਵਿੱਚ ਪਹੁੰਚ ਕੇ ਸਿਹਤ ਵਿਭਾਗ ਵੱਲੋਂ ਨਸ਼ਿਆਂ ਦੀ ਰੋਕਥਾਮ ਹਿੱਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਪ੍ਰਤੀ ਜਾਣੂ ਕਰਵਾ ਰਹੀਆਂ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਸ਼ੇ ਦੇ ਆਦੀ ਵਿਅਕਤੀਆਂ ਦੇ ਇਲਾਜ ਤੇ ਮੁੜ ਵਸੇਬੇ ਲਈ ਜਿਲ੍ਹੇ ‘ਚ ਸਿਵਲ ਹਸਪਤਾਲ ਜਲੰਧਰ ਤੇ ਨੂਰਮਹਿਲ ਵਿਖੇ ਨਸ਼ਾ ਛੁਡਾਓ ਕੇਂਦਰ ਅਤੇ ਸ਼ੇਖੇ ਪਿੰਡ ਜਲੰਧਰ ਵਿਖੇ ਮੁੜ ਵਸੇਬਾ ਕੇਂਦਰ ਚਲਾਇਆ ਜਾ ਰਿਹਾ ਹੈ। ਜਿਲ੍ਹੇ ‘ਚ ਕੁਲ 26 ਓਟ ਕਲੀਨਿਕ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚੋਂ 13 ਸ਼ਹਿਰੀ ਖੇਤਰਾਂ ਵਿੱਚ ਚਲ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿੱਚ ਹਰ ਰੋਜ 20 ਤੋਂ 25 ਹਜਾਰ ਮਰੀਜ ਦਵਾਈ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਲਾਜ ਸੰਬੰਧੀ ਇਸ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਨਸ਼ਾ ਛੁਡਾਓ ਹੈਲਪਲਾਈਨ ਨੰਬਰ 0181-2911969 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਨਸ਼ਿਆਂ ਤੋਂ ਪੀੜਤ ਵਿਅਕਤੀ ਨਸ਼ਾ ਛੁਡਾਓ ਕੇਂਦਰਾਂ ਵਿੱਚ ਦਾਖਲ ਹੋ ਕੇ ਆਪਣਾ ਇਲਾਜ ਕਰਵਾ ਰਹੇ ਹਨ, ਜਿਸ ਕਾਰਨ ਇਨ੍ਹਾਂ ਕੇਂਦਰਾਂ ਵਿੱਚ ਦਾਖਲ ਮਰੀਜਾਂ ਦੀ ਗਿਣਤੀ ਵੀ ਵੱਧ ਰਹੀ ਹੈ।