
ਜਲੰਧਰ (26.06.2024): ਸਿਹਤ ਵਿਭਾਗ ਜਲੰਧਰ ਵੱਲੋਂ “ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ” ਮੌਕੇ ਬੁੱਧਵਾਰ ਨੂੰ ਸਿਵਲ ਸਰਜਨ ਡਾ. ਜਗਦੀਪ ਚਾਵਲਾ ਜੀ ਦੀ ਯੋਗ ਅਗਵਾਈ ਹੇਠ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਜਲੰਧਰ ਦੇ ਮਾਡਲ ਨਸ਼ਾ ਛੁਡਾਓ ਕੇਂਦਰ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਾਰ “ਨਸ਼ੇ ਦੀ ਦੁਰਵਰਤੋ ਅਤੇ ਗੈਰ ਕਾਨੂੰਨੀ ਤਸਕਰੀ ਦੇ ਖਿਲਾਫ਼ ਅੰਤਰਰਾਸ਼ਟਰੀ ਦਿਵਸ” ਨੂੰ ‘ਸਬੂਤ ਸਪਸ਼ਟ ਹੈ – ਰੋਕਥਾਮ ਵਿੱਚ ਨਿਵੇਸ਼ ਕਰੋ (ਐਵੀਡੈਨਸ ਇਜ਼ ਕਲੀਅਰ – ਇਨਵੈਸਟ ਇਨ ਪ੍ਰੀਵੈਨਸ਼ਨ)’ ਥੀਮ ਤਹਿਤ ਮਨਾਇਆ ਜਾ ਰਿਹਾ ਹੈ।
ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਜਲੰਧਰ ਵੱਲੋਂ ਸਮਾਜ ‘ਚੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ। ਇਸ ਸਮੱਸਿਆ ਦੇ ਖਾਤਮੇ ਲਈ ਜਿਲ੍ਹੇ ਵਿੱਚ ਓਟ ਕੇਂਦਰ, ਨਸ਼ਾ ਛੁਡਾਊ ਕੇਂਦਰ ਅਤੇ ਪੁਨਰਵਸੇਬਾ ਕੇਂਦਰ ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਨਸ਼ਿਆਂ ਦੇ ਸੇਵਨ ਦੇ ਖਿਲਾਫ਼ ਪ੍ਰੇਰਨਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨਸ਼ੇ ਮਨੁੱਖ ਨੂੰ ਸਰੀਰਿਕ, ਮਾਨਸਿਕ, ਆਰਥਿਕ ਅਤੇ ਸਮਾਜਿਕ ਰੂਪ ਵਿੱਚ ਨੁਕਸਾਨ ਪਹੁੰਚਾਉਂਦੇ ਹਨ ਇਸ ਲਈ ਸਾਨੂੰ ਨਸ਼ਿਆਂ ਦਾ ਤਿਆਗ ਕਰਕੇ ਸਿਹਤਮੰਦ ਜੀਵਨਸ਼ੈਲੀ ਨੂੰ ਅਪਨਾਉਣਾ ਚਾਹੀਦਾ ਹੈ। ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਨਸ਼ਾ ਛੁਡਾਓ ਕੇਂਦਰਾਂ ਵਿੱਚ ਨਸ਼ਾ ਛੁਡਾਉਣ ਲਈ ਆਉਣ ਵਾਲੇ ਮਰੀਜਾਂ ਨੂੰ ਬਿਨ੍ਹਾ ਕਿਸੇ ਮੱਤਭੇਦ ਦੇ ਮੁਫਤ ਦਾਖਲ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਮੁਫਤ ਦਵਾਈਆਂ, ਡਾਈਟ (ਖਾਣਾ) ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਓਟ ਕਲੀਨਿਕ ਵੀ ਚਲਾਏ ਜਾ ਰਹੇ ਹਨ। ਜਿੱਥੇ ਰਜਿਸਟਰ ਮਰੀਜਾਂ ਨੂੰ ਮੁਫ਼ਤ ਨਸ਼ਾ ਛੁਡਾਓ ਦਵਾਈ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਕਾਉਸਲਿੰਗ ਵੀ ਕੀਤੀ ਜਾਂਦੀ ਹੈ।
ਡਾ. ਹਰਮਨ ਕਿਰਨਦੀਪ ਕੌਰ ਨੇ ਦੱਸਿਆ ਕਿ ਕਿ ਨਸ਼ਿਆਂ ਨਾਲ ਪੀੜਤ ਵਿਅਕਤੀ ਇੱਕ ਕਿਸਮ ਦਾ ਮਰੀਜ਼ ਹੁੰਦਾ ਹੈ ਜਿਸਨੂੰ ਕਿ ਇਲਾਜ ਦੀ ਸਖਤ ਜਰੂਰਤ ਹੁੰਦੀ ਹੈ। ਜਦ ਵੀ ਕੋਈ ਵਿਅਕਤੀ ਡੀ-ਅਡੀਕਸ਼ਨ ਸੈਂਟਰ ਤੋਂ ਡਿਸਚਾਰਜ ਹੋ ਕੇ ਚਲਾ ਜਾਂਦਾ ਹੈ ਤਾਂ ਉਸਦੇ ਪਰਿਵਾਰ ਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨਾਲ ਵਿਤਕਰੇ ਦੀ ਥਾਂ ਪਿਆਰ ਤੇ ਅਪਣੇਪਨ ਵਾਲਾ ਰਵੱਈਆ ਰੱਖਿਆ ਜਾਵੇ ਤਾਂ ਜੋ ਉਸਨੂੰ ਨਸ਼ੇ ਦੀ ਦਲਦਲ ਵਿੱਚ ਦੁਬਾਰਾ ਜਾਣ ਤੋਂ ਬਚਾਇਆ ਜਾ ਸਕੇ। ਸੈਮੀਨਾਰ ਦੌਰਾਨ ਇੰਚਾਰਜ ਡੀ ਅਡੀਕਸ਼ਨ ਸੈਂਟਰ ਡਾ. ਅਭੈ ਰਾਜ ਸਿੰਘ, ਡਾ. ਰਾਜਦੀਪ ਸਿੰਘ ਅਤੇ ਡਾ. ਤਰਨਜੀਤ ਕੌਰ ਵੱਲੋਂ ਵੀ ਨਸ਼ਿਆਂ ਵਿਰੁੱਧ ਜਾਗਰੂਕਤਾ ਸੰਦੇਸ਼ ਦਿੱਤਾ ਗਿਆ।
ਸੈਮੀਨਾਰ ਦੌਰਾਨ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ, ਐਲ.ਐਲ.ਆਰ. ਇਨਸਟੀਟਿਊਟ ਆਫ ਨਰਸਿੰਗ ਕਾਲੇਜ ਗੁਲਾਬ ਦੇਵੀ ਅਤੇ ਐਸ.ਜੀ.ਐਲ. ਨਰਸਿੰਗ ਕਾਲੇਜ ਦੀਆਂ ਵਿਦਿਆਰਥਣਾਂ ਵਲੋਂ ਨਸ਼ਿਆਂ ਵਿਰੁੱਧ ਸਪੀਚ, ਰੋਲ ਪਲੇ, ਸਕਿੱਟ ਅਤੇ ਪੋਸਟਰ ਮੇਕਿੰਗ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ। ਇਸ ਮੌਕੇ ਸਾਇਕੋਲੋਜਿਸਟ ਕਰਮਜੀਤ ਸਿੰਘ, ਜਿਲ੍ਹਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ, ਕੌਂਸਲਰ ਬੇਨੂ ਚੋਪੜਾ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਸੁਖਵਿੰਦਰ ਸਿੰਘ, ਨਰਸਿੰਗ ਟੀਚਰ ਸੰਦੀਪ ਕੌਰ ਅਤੇ ਰਮਨਦੀਪ ਕੋਰ ਮੌਜੂਦ ਸਨ।