ਕਾਲਨੌਰ (       ) ਨਾਮਧਾਰੀ ਪੰਥ ਦੇ  ਵਰਤਮਾਨ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਦੇ ਉੱਦਮ ਸਦਕਾ ਅੱਜ ਕਾਲਨੌਰ (ਪੰਜਾਬ) ਵਿਖ਼ੇ ਹੋਲੇ ਮਹੱਲੇ ਸਮੇਂ ਸੰਸਾਰ ਦਾ ਪਹਿਲਾ ਧਰਮ ਏਕਤਾ ਸੰਮੇਲਨ ਕਰਵਾਇਆ ਗਿਆl ਸੰਸਾਰ ਵਿੱਚ ਆਪਸੀ ਭਾਈਚਾਰੇ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਨਾਮਧਾਰੀ ਸੰਗਤ ਵੱਲੋਂ ਇਹ ਸਭ ਤੋਂ ਪਹਿਲਾਂ ‘ਭਾਰਤੀ ਧਰਮ ਸੰਮੇਲਨ” ਕਰਵਾ ਕੇ ਭਾਰਤ ਦੇ ਚੌਹਾਂ ਧਰਮਾਂ ਦੇ ਮਹਾਂਪੁਰਸ਼ਾਂ ਨੂੰ ਇਕ ਮੰਚ ‘ਤੇ ਇਕੱਠਾ ਕਰਨ ਦਾ ਇਹ ਸ਼ਲਾਘਾਯੋਗ ਉਪਰਾਲਾ ਕੀਤਾ । ਇਸ ਤੋਂ ਪਹਿਲਾਂ ਨਾਮਧਾਰੀ ਸੰਗਤ ਨੇ ਭਾਰਤ ਦੀ ਅਜ਼ਾਦੀ ਲਈ ਅੰਗਰੇਜ਼ੀ ਵਸਤਾਂ ਦਾ ਬਾਈਕਾਟ ਕਰਨ, ਨਾ ਮਿਲਵਰਤਨ ਅੰਦੋਲਨ ਦੀ ਸ਼ੁਰੂਆਤ, ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ, ਹਿੰਦੂ ਸਿੱਖ ਏਕਤਾ ਕਾਨਫਰੰਸ ਆਦਿ ਵਿਸ਼ੇਸ਼ ਉਪਰਾਲੇ ਕਰ ਕੇ ਸਮਾਜ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ ਹੈ। ਇਸ ਸ਼ੁਭ ਮੌਕੇ ਉੱਤੇ ਭਾਰਤ ਦੇ ਚਾਰੇ ਮੁੱਖ ਧਰਮਾਂ  (ਹਿੰਦੂ, ਸਿੱਖ, ਬੁੱਧ, ਜੈਨ) ਦੇ ਆਚਾਰਿਆ ਪਧਾਰੇ।

ਇਨ੍ਹਾਂ ਚਾਰੇ ਧਰਮਾਂ ਦੇ ਆਚਾਰਿਆਂ ਨੇ ਸਤਿਗੁਰੂ ਦਲੀਪ ਸਿੰਘ ਜੀ ਵਲੋਂ ਕੀਤੇ ਏਕਤਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪੂਰਨ ਰੂਪ ਵਿਚ ਸਮਰਥਨ ਦਿੱਤਾ। ਇਸ ਮੌਕੇ ਮਹੰਤ ਸ੍ਰੀ ਬੰਸੀ ਦਾਸ ਜੀ ਮਹਾਰਾਜ ਨੇ ਕਿਹਾ ਕਿ ਸਾਡੇ ਚੌਹਾਂ ਧਰਮਾਂ ਦੀਆਂ ਬਹੁਤ ਸਾਰੀਆਂ ਪ੍ਰੰਪਰਾਵਾਂ ਆਪਸ ਵਿਚ ਮਿਲਦੀਆਂ ਹਨ। ਜਿਵੇਂ -ਚਾਰੇ ਧਰਮਾਂ ਦੀਆਂ ਮਾਲਾਂ ਦੇ 108 ਮਣਕੇ ਹਨ। ਇਹ ਚਾਰ ਧਰਮ ਭਾਰਤੀ ਸੰਸਕ੍ਰਿਤੀ ਦੇ ਚਾਰ ਥੰਮ ਹਨ, ਜਿਨ੍ਹਾਂ ਦੇ ਸਹਾਰੇ ਭਾਰਤੀ ਸੰਸਕ੍ਰਿਤੀ ਦਾ ਛਤਰ ਲਹਿਰਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਤਿਗੁਰੂ ਕਦੇ ਸੁਆਰਥੀ ਨਹੀਂ ਹੁੰਦੇ, ਸਦਾ ਹੀ ਲੋਕ ਭਲਾਈ ਦੇ  ਸੰਸਾਰ ਵਿਚ ਆਉਂਦੇ ਹਨ। ਇਸ ਲਈ ਸਤਿਗੁਰੂ ਦਲੀਪ ਸਿੰਘ ਜੀ ਮਹਾਰਾਜ ਭਲਾਈ ਦਾ ਕਾਰਜ ਕਰ ਰਹੇ ਹਨ।

ਪਰਮ ਪੂਜਯ ਦਲਾਈ ਲਾਮਾ ਦੇ ਪ੍ਰਮੁੱਖ ਸਿਸ਼ ਸ੍ਰੀ ਟੇਨਜਿਨ ਸ਼ਿਵਾਂਗ, ਲਾਹੌਲ ਸਪਿਤੀ ਤੋਂ ਇੰਨਾ ਲੰਬਾ ਸਫ਼ਰ ਕਰਕੇ ਉਚੇਚਾ ਤੌਰ ‘ਤੇ ਪਧਾਰੇ ਸਨ। ਉਨ੍ਹਾਂ ਨੇ ਵੀ ਆਪਣੇ ਬਚਨਾਂ ਵਿਚ “ਭਾਰਤੀ ਧਰਮ ਏਕਤਾ ਦਾ ਪੂਰਨ ਸਮਰਥਨ ਕਰਦੇ ਹੋਏ ਬੁੱਧ ਧਰਮ ਵਲੋਂ ਵੀ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੂੰ ਭਾਵੇਂ ਹਿੰਦੀ ਘੱਟ ਬੋਲਣੀ ਆਉਂਦੀ ਸੀ ਫਿਰ ਵੀ ਆਪਣੇ ਭਾਵ ਹਿੰਦੀ ਵਿਚ ਪ੍ਰਗਟ ਕੀਤੇ।

ਜੈਨ ਮੁਨੀ ਪਰਮ ਪੂਜਯ ਪਿਯੂਸ਼ ਜੀ ਮਹਾਰਾਜ ਸਿਹਤ ਨਾ ਠੀਕ ਹੋਣ ਕਰਕੇ ਆਪ ਨਹੀਂ ਆ ਸਕੇ ਪਰੰਤੂ ਉਨ੍ਹਾਂ ਨੇ ਆਪਣੇ ਖਾਸ ਸੇਵਕ ਸ੍ਰੀ ਵਿਮਲ ਜੈਨ ਨੂੰ ਭੇਜਿਆ। ਉਨ੍ਹਾਂ ਨੇ ਜੈਨ ਮੁਨੀ ਜੀ ਮਹਾਰਾਜ ਅਤੇ ਜੈਨ ਧਰਮ ਵਲੋਂ ਵੀ ਹਰ ਪ੍ਰਕਾਰ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ ਅਤੇ ਇਹ ਵੀ ਕਿਹਾ ਕੇ ਸਾਡੇ ਚੌਹਾਂ ਧਰਮਾਂ ਦੀਆਂ ਬਹੁਤੀਆਂ ਪ੍ਰੰਪਰਾਵਾਂ ਆਪਸ ਵਿਚ ਮਿਲਦੀਆਂ ਹਨ ਅਤੇ ਸੰਸਾਰ ਵਿਚ ਇਸ ਤਰ੍ਹਾਂ ਦਾ “ਭਾਰਤੀ ਧਰਮ ਏਕਤਾ” ਦੀ ਮਹਾਨ ਕੋਸ਼ਿਸ਼ ਪਹਿਲੀ ਵਾਰ ਹੋਈ ਹੈ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨ ਸਿੰਘ ਜੀ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਮੇਰਾ ਲੰਬੇ ਸਮੇਂ ਤੋਂ ਠਾਕੁਰ ਬਾਬਾ ਦਲੀਪ ਸਿੰਘ ਜੀ ਨਾਲ ਪ੍ਰੇਮ ਹੈ ਪਰ ਮੈਂ ਪਹਿਲੀ ਵਾਰ ਨਾਮ ਦੇ ਰਸੀਏ; ਨਾਮਧਾਰੀਆਂ ਦੇ ਇੰਨੇ  ਇਕੱਠ ਦੇ ਪਹਿਲੀ ਵਾਰ ਦਰਸ਼ਨ ਕਰ ਰਿਹਾਂ। ਉਨ੍ਹਾਂ ਕਿਹਾ ਕਿ ਭਾਰਤ ਦੇ ਚਾਰੇ ਧਰਮ ਦੇ ਬਹੁਤੇ ਸਿਧਾਂਤ ਅਤੇ ਪ੍ਰੰਪਰਾਵਾਂ ਆਪਸ ਵਿਚ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਵੀ ਇਸ ਸ਼ੁਭ ਕਾਰਜ ਵਾਸਤੇ ਹਰ ਤਰ੍ਹਾਂ ਬਾਬਾ ਦਲੀਪ ਸਿੰਘ ਦੇ ਨਾਲ ਹਾਂ ਅਤੇ ਇਨ੍ਹਾਂ ਨੂੰ ਏਕਤਾ ਵਾਸਤੇ ਸਮਰਥਨ ਦੇਣ ਦਾ ਸੰਕਲਪ ਕਰਦਾ ਹਾਂ।

ਅੰਤ ਵਿੱਚ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਅਸੀਂ ਨਾਮਧਾਰੀ ਰਾਸ਼ਟਰਵਾਦੀ ਹਾਂ।ਰਾਸ਼ਟਰਵਾਦੀ ਹੋਣ ਦੇ ਨਾਤੇ ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਧਰਮਾਂ ਦੀ ਰੱਖਿਆ ਕਰਨਾ ਸਾਡੇ ਗੁਰੂ ਜੀ ਦਾ ਆਦੇਸ਼ ਹੈ ਅਤੇ ਸਾਡਾ ਪਰਮ ਕਰਤੱਵ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਨੂੰ ਧਰਮ, ਸੰਸਕ੍ਰਿਤੀ, ਭਾਸ਼ਾ ਕਰਕੇ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਰੇ ਸਧਾਰਨ ਮੁਸਲਮਾਨ ਨਿਰਦਈ ਨਹੀਂ ਹਨ। ਪਰੰਤੂ ਮੁਗ਼ਲ ਰਾਜਿਆਂ ਨੇ ਤਾਂ ਐਸੇ ਪ੍ਰਤੱਖ ਅੱਤਿਆਚਾਰ ਭਾਰਤੀਆਂ ਉੱਤੇ ਕੀਤੇ ਹਨ।

ਉਨ੍ਹਾਂ ਕਿਹਾ “ਅੱਜ ਤੋਂ ਸੱਤ ਸਾਲ ਪਹਿਲਾਂ ਮੈਂ ਭਾਰਤ ਦੇ ਚੌਹਾਂ ਧਰਮਾਂ ਨੂੰ ਇੱਕ ਹੋਣ ਦੀ ਬੇਨਤੀ ਕੀਤੀ ਸੀ, ਜੋ ਪ੍ਰਵਾਨ ਨਹੀਂ ਹੋਈ ਪਰ ਮੇਰੀ ਉਸ ਵੀਡੀਓ ਨੂੰ ਸੁਣ ਕੇ ਅਰਬ ਦੇਸ਼ ਦੇ ਤਿੰਨ ਪ੍ਰਮੁੱਖ ਧਰਮ (ਈਸਾਈ, ਮੁਸਲਿਮ ਅਤੇ ਯਹੂਦੀ) ਇਕੱਠੇ ਹੋਣਾ ਸ਼ੁਰੂ ਹੋ ਗਏ ਹਨ, ਬਰਲਿਨ ਅਤੇ ਆਬੂਧਾਬੀ ਵਿੱਚ ਇਹਨਾਂ ਤਿੰਨਾਂ ਧਰਮਾਂ ਦੇ ਸਾਂਝੇ ਧਰਮ ਅਸਥਾਨ ਬਣਨੇ ਆਰੰਭ ਹੋ ਚੁੱਕੇ ਹਨ। ਮੇਰੇ ਕਈ ਵਾਰ ਬੇਨਤੀ ਕਰਨ ਉੱਤੇ ਵੀ ਭਾਰਤੀ ਧਰਮਾਂ ਨੂੰ ਇਕੱਠੇ ਕਰਨ ਦਾ ਯਤਨ ਕਿਸੇ ਨੇ ਨਹੀਂ ਕੀਤਾ। ਇਸ ਲਈ ਏਕਤਾ ਸੰਮੇਲਨ ਵਾਲਾ ਇਹ ਕੰਮ ਮੈਨੂੰ ਆਪ ਹੀ ਕਰਨਾ ਪਿਆ ਹੈ।

ਅੰਤ ਵਿੱਚ ਉਹਨਾਂ ਗੁਰਬਾਣੀ ਦੀ ਤੁਕ ‘ਹੋਇ ਇਕਤਰ ਮਿਲਹੁ ਮੇਰੇ ਭਾਈ’ ਪੜ੍ਹ ਕੇ ਸਾਰਿਆਂ ਨੂੰ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਮੰਨਦੇ ਹੋਏ ਇੱਕ ਹੋਣ ਦੀ ਬੇਨਤੀ ਕੀਤੀ। ਭਗਵਾਨ ਵਿਸ਼ਣੂ, ਭਗਵਾਨ ਮਹਾਂਵੀਰ, ਭਗਵਾਨ ਬੁੱਧ ਅਤੇ ਭਗਾਵਨ ਸਤਿਗੁਰੂ ਨਾਨਕ ਨੇ ਸ਼ੁਭ ਉਪਦੇਸ਼ ਦੇ ਕੇ ਲੋਕਾਂ ਦਾ ਜੀਵਨ ਸੁਖੀ ਕੀਤਾ ਹੈ।

ਸਤਿਗੁਰੂ ਦਲੀਪ ਸਿੰਘ ਜੀ ਨੇ ਕਿਹਾ ਕਿ ਇਸ ਜਨਮ ਵਿਚ ਗੁਰੂ ਧਾਰਨ ਕਰਕੇ, ਨਾਮ ਜੱਪ ਕੇ, ਸ਼ੁਭ ਕਰਮ ਕਰਦੇ ਹੋਏ ਜੀਵਨ ਮੁਕਤ ਹੋਣਾ ਹੈ ਅਤੇ ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ ਪਾਉਣਾ ਹੈ। ਇਸ ਦੇ ਨਾਲ ਨਾਲ ਦਇਆ, ਧਰਮ, ਪੁਨਰ-ਜਨਮ, ਮੁਕਤੀ, ਗੁਰੂ-ਸ਼ਿਸ਼ ਪਰੰਪਰਾ ਆਦਿ ਬਹੁਤ ਸਾਰੀਆਂ ਗੱਲਾਂ ਸਾਰੇ ਧਰਮਾਂ ਦੀਆਂ ਸਾਂਝੀਆਂ ਹਨ।”

ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ। ਗੁਰੂ ਦਾ ਅਟੁੱਟ ਲੰਗਰ ਵਰਤਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।