
ਜਲੰਧਰ (28.11.2024): ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਜਲੰਧਰ ਵੱਲੋਂ ਨੇਸ਼ਨਲ ਡੀ-ਵਰਮਿੰਗ ਡੇ (“ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ”) ਮੌਕੇ ਵੀਰਵਾਰ ਨੂੰ ਪੀ.ਐਮ.ਸ਼੍ਰੀ ਕੇਂਦਰੀਆ ਵਿਦਿਆਲਿਆ ਨੰ.3, ਜਲੰਧਰ ਕੈਂਟ ਵਿਖੇ ਜਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸ਼੍ਰੀ ਹਰਜਿੰਦਰ ਭਾਟੀਆ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਸਵਾਗਤ ਕੀਤਾ ।ਇਸ ਦੌਰਾਨ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਸਕੂਲੀ ਬੱਚਿਆਂ ਨੂੰ ਐਲਬੈਂਡਾਜੋਲ ਦੀ ਖੁਰਾਕ ਦਿੱਤੀ ਗਈ ।ਇਸ ਮੌਕੇ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਪੇਟ ਵਿਚ ਕੀੜੇ ਹੋਣ ਨਾਲ ਬੱਚੇ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਇਸ ਕਾਰਨ ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਅਲਬੈਂਡਾਂਜ਼ੋਲ ਗੋਲੀ ਖਿਲਾਣੀ ਬਹੁਤ ਅਹਿਮੀਅਤ ਰੱਖਦੀ ਹੈ।
ਸੈਮੀਨਾਰ ਦੌਰਾਨ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਡੀ-ਵਾਰਮਿੰਗ ਡੇ ਮਨਾਉਣ ਦਾ ਮਕਸਦ ਬੱਚਿਆਂ ਵਿਚ ਪੇਟ ਦੇ ਕੀੜਿਆਂ ਨੂੰ ਖ਼ਤਮ ਕਰਨਾ ਹੈ, ਜਿਸ ਦੇ ਤਹਿਤ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਅਲਬੈਂਡਾਜੋਲ ਦੀਆਂ ਗੋਲੀਆਂ ਖੁਆਈਆਂ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਪੇਟ ਵਿੱਚ ਕੀੜੇ ਹੋਣ ਕਾਰਣ ਬੱਚੇ ਵਿੱਚ ਅਨੀਮੀਆ, ਭੁੱਖ ਘੱਟ ਲੱਗਣਾ, ਕੁਪੋਸ਼ਣ, ਮਾਨਸਿਕ ਤੇ ਬੌਧਿਕ ਕਮਜੋਰੀ, ਥਕਾਵਟ, ਬੇਚੈਨੀ, ਪੇਟ ਵਿੱਚ ਦਰਦ, ਜੀਅ ਮਤਲਾਉਣਾ, ਚਿੜਚਿੜਾਪਣ, ਉਲਟੀ ਅਤੇ ਦਸਤ ਆਉਣਾ ਜਾਂ ਪਖਾਨੇ ਵਿੱਚ ਖੂਨ ਆਉਣਾ ਲੱਛਣ ਹੋ ਸਕਦੇ ਹਨ ਅਤੇ ਬੱਚਾ ਦਿਨੋ ਦਿਨ ਕਮਜੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਐਲਬੈਂਡਾਜੋਲ ਦੀਆਂ ਗੋਲੀਆਂ ਸਾਨੂੰ ਬਿਨ੍ਹਾਂ ਕਿਸੇ ਡਰ-ਭੈਅ, ਗਲਤ ਫੈਹਿਮੀ ਜਾਂ ਗਲਤ ਅਫਵਾਹਾਂ ਤੋ ਬਚਦੇ ਹੋਏ ਖਾਣੀਆਂ ਚਾਹੀਦੀਆਂ ਹਨ।
ਸਿਵਲ ਸਰਜਨ ਵੱਲੋਂ ਦੱਸਿਆ ਗਿਆ ਡੀ-ਵਰਮਿਮਗ ਡੇ ਮੌਕੇ ਬੱਚਿਆਂ ਵਿਚ ਪੇਟ ਦੇ ਕੀੜਿਆਂ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਸੈਂਟਰਾਂ ਦੇ ਰਜਿਸਟਰਡ ਬੱਚਿਆਂ ਅਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਲਈ ਅਲਬੈਂਡਾਂਜ਼ੋਲ ਦਵਾਈ ਦੀ ਖ਼ੁਰਾਕ ਖੁਆਈ ਗਈ।
ਇਸ ਮੌਕੇ ਡਾਇਰੈਕਟੋਰੇਟ ਸਿਹਤ ਵਿਭਾਗ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਸਿਸਟੈਂਟ ਡਾਇਰੈਕਟਰ ਡਾ. ਮੰਜੂ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਹਰ ਸਾਲ ਵਿੱਚ ਦੋ ਵਾਰ (ਛੇ ਮਹੀਨਿਆਂ ਦੇ ਫਰਕ ਨਾਲ) ਬੱਚਿਆਂ ਨੂੰ ਪੇਟ ਦੇ ਕੀੜੇ ਖਤਮ ਕਰਨ ਲਈ ਐਲਬਿੰਡਾਜੋਲ ਗੋਲੀਆਂ ਖੁਆਈਆਂ ਜਾਂਦੀਆਂ ਹਨ। ਹਰ ਇੱਕ ਬੱਚੇ ਨੂੰ ਇਹ ਗੋਲੀ ਖਾਣੀ ਅਤੀ ਜਰੂਰੀ ਹੈ ਤਾਂ ਜੋ ਬੱਚਿਆਂ ਦੀ ਸਿਹਤ ਨੂੰ ਬਿਹਤਰ ਬਣਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਪੇਟ ਦੇ ਕੀੜਿਆਂ ਤੋਂ ਬਚਣ ਲਈ ਸਾਨੂੰ ਆਪਣੇ ਹੱਥ ਖਾਣਾ ਖਾਣ ਤੋਂ ਪਹਿਲਾ, ਖਾਣਾ ਪਰੋਸਣ ਤੋਂ ਪਹਿਲਾਂ ਅਤੇ ਪਾਖਾਨਾ ਜਾਣ ਤੋਂ ਬਾਅਦ ਸਾਬਣ ਜਾਂ ਲੀਕਵਡ ਨਾਲ ਧੋਣੇ ਚਾਹੀਦੇ ਹਨ, ਖੁੱਲ੍ਹੇ ਵਿੱਚ ਪਾਖਾਨਾ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਹਮੇਸ਼ਾ ਸਾਫ਼ ਪਾਣੀ ਪੀਣਾ ਚਾਹੀਦਾ ਹੈ, ਨੰਗੇ ਪੈਰ ਨਹੀਂ ਰਹਿਣਾ ਚਾਹੀਦਾ, ਖਾਣਾ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ।
ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੌਪੜਾ ਨੇ ਦੱਸਿਆ ਕਿ ਜੋ ਬੱਚੇ ਕਿਸੇ ਕਾਰਨ ਡੀ-ਵਰਮਿੰਗ ਡੇ ਮੌਕੇ ਐਲਬੈਂਡਾਜੋਲ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਬੱਚਿਆਂ ਨੂੰ 05 ਦਸੰਬਰ ਨੂੰ ਡੀ-ਵਰਮਿੰਗ ਦਾ ਮੋਪ ਅੱਪ ਰਾਉਂਡ ਕਰਕੇ ਕਵਰ ਕੀਤਾ ਜਾਵੇਗਾ।ਫੈਮ.ਐਮ.ਓ.(ਸਕੂਲ ਹੈਲਥ ਕਲੀਨਿਕ) ਡਾ. ਸਿਮਰਨਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਹੱਥਾਂ ਦੀ ਸਾਫ-ਸਫਾਈ ਸਬੰਧੀ “ਹੈਂਡ ਵਾਸ਼ਿੰਗ ਤਕਨੀਕ” ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਡਾ. ਬਲਜੀਤ ਕੁਮਾਰ, ਡਾ. ਜਤਿੰਦਰ ਕੌਰ, ਡਾ. ਦੇਵਰਾਜ, ਡਾ.ਮੋਨਿਕਾ,ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਆਰ.ਬੀ.ਐਸ.ਕੇ. ਕੋਆਰਡੀਨੇਟਰ ਪਰਮਵੀਰ ਝੱਮਟ, ਫਾਰਮਾਸਿਸਟ ਕਾਮਨਾ, ਵਾਈਸ ਪ੍ਰਿੰਸੀਪਲ ਸ਼੍ਰੀ ਸ਼ਸ਼ੀਪਾਲ, ਐਚ.ਐਮ. ਰਵਿੰਦਰ ਕੌਰ, ਸ਼ਿਫਾਲੀ ਭਾਰਦਵਾਜ, ਸਕੂਲ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।