
ਪੀ.ਸੀ.ਐਮ. ਐਸ.ਡੀ. ਕਾਲਜ ਫ਼ਾਰ ਵੂਮੈਨ, ਜਲੰਧਰ ਦੇ ਯੂਥ ਵੈਲਫੇਅਰ ਵਿਭਾਗ ਨੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ, ਪੰਜਾਬ ਦੀਆਂ ਜੀਵੰਤ ਪਰੰਪਰਾਵਾਂ ਦਾ ਜਸ਼ਨ ਮਨਾਉਣ ਅਤੇ ਵਿਦਿਆਰਥੀਆਂ ਵਿੱਚ ਸੱਭਿਆਚਾਰਕ ਜਾਗਰੂਕਤਾ ਪੈਦਾ ਕਰਨ ਲਈ “ਮੇਲਾ ਤੀਆਂ ਦਾ” ਦਾ ਆਯੋਜਨ ਕੀਤਾ।
ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਜਿਸ ਨਾਲ ਕਾਲਜ ਦਾ ਮਾਹੌਲ ਖੁਸ਼ੀਆਂ ਵਿਚ ਤਬਦੀਲ ਹੋ ਗਿਆ। ਇਸ ਖੁਸ਼ੀਆਂ ਭਰੇ ਮਾਹੌਲ ਨੂੰ ਚਾਰ ਚੰਨ ਲਾਉਂਦਿਆਂ ਪ੍ਰਿੰਸੀਪਲ ਪ੍ਰੋ. (ਡਾ.) ਪੂਜਾ ਪਰਾਸ਼ਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਅਰਥਪੂਰਨ ਜਸ਼ਨਾਂ ਰਾਹੀਂ ਸੱਭਿਆਚਾਰਕ ਵਿਰਾਸਤ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਸਮੇੰ ਦੌਰਾਨ ਪੰਜਾਬੀ ਵਿਭਾਗ ਵਲੋਂ ਕਰਵਾਇਆ ਗਿਆ ਰਵਾਇਤੀ ਕਿੱਕਲੀ ਮੁਕਾਬਲਾ ਆਕਰਸ਼ਣ ਦਾ ਕੇਂਦਰ ਰਿਹਾ, ਜੋ ਭਾਗੀਦਾਰਾਂ ਵਿੱਚ ਏਕਤਾ ਅਤੇ ਖੁਸ਼ੀ ਦਾ ਪ੍ਰਤੀਕ ਸੀ। ਤੀਆਂ ਦੀ ਪਰੰਪਰਾਗਤ ਰਵਾਇਤ ਨੂੰ ਧਿਆਨ ਵਿਚ ਰੱਖਦਿਆਂ ਝੂਲੇ ਨੂੰ ਇੱਕ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਤੀਆਂ ਦਾ ਤਿਉਹਾਰ ਮਾਪਿਆਂ ਦੇ ਘਰਾਂ ਵਿੱਚ ਆਉਣ ਵਾਲੀਆਂ ਨਵ-ਵਿਆਹੀਆਂ ਕੁੜੀਆਂ ਵਲੋ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ।
ਇਸ ਤਿਉਹਾਰ ਨੂੰ ਮਨਾਉਂਦਿਆਂ ਕਾਲਜ ਵਿਚ ਮਹਿੰਦੀ, ਚੂੜੀਆਂ, ਨੇਲ ਆਰਟ ਅਤੇ ਰਵਾਇਤੀ ਪੰਜਾਬੀ ਪਕਵਾਨਾਂ ਦੇ ਸਟਾਲ ਲਗਾਏ ਗਏ ਸਨ।
ਪ੍ਰਧਾਨ ਸ਼੍ਰੀ ਨਰੇਸ਼ ਬੁਧੀਆ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਸਤਿਕਾਰਯੋਗ ਮੈਂਬਰ, ਅਤੇ ਪ੍ਰਿੰਸੀਪਲ ਪ੍ਰੋ. (ਡਾ.) ਪੂਜਾ ਪਰਾਸ਼ਰ ਨੇ ਇਸ ਜੀਵੰਤ ਜਸ਼ਨ ਰਾਹੀਂ ਪੰਜਾਬ ਦੇ ਸੱਭਿਆਚਾਰਕ ਮੁੱਲਾਂ ਨੂੰ ਸੁਰੱਖਿਅਤ ਰੱਖਣ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਬੰਧਕੀ ਟੀਮ ਦੀ ਸ਼ਲਾਘਾ ਕੀਤੀ।