
ਜਲੰਧਰ (22.05.2025) : ਜਿਲ੍ਹਾ ਐਪਰੋਪਰੀਏਟ ਅਥਾਰਿਟੀ (ਪੀ.ਸੀ.-ਪੀ.ਐੱਨ.ਡੀ.ਟੀ.) ਦੀ ਮੀਟਿੰਗ ਮੰਗਲਵਾਰ ਨੂੰ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਚੇਅਰਪਰਸਨ ਜਿਲ੍ਹਾ ਐਪਰੋਪਰੀਏਟ ਅਥਾਰਿਟੀ- ਕਮ- ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਿਲ੍ਹਾ ਐਡਵਾਇਜ਼ਰੀ ਕਮੇਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ 4 ਨਵੇਂ ਸਕੈਨ ਸੈਂਟਰਾਂ ਦੀ ਰਜਿਸਟ੍ਰੇਸ਼ਨ ਲਈ ਪ੍ਰਤੀ ਬੇਨਤੀਆਂ ਅਤੇ 3 ਸਕੈਨ ਸੈਂਟਰਾਂ ਦੀ ਰੀਨਿਊਲ ਲਈ ਪ੍ਰਾਪਤ ਪ੍ਰਤੀ ਬੇਨਤੀਆਂ ‘ਤੇ ਵਿਚਾਰ ਕੀਤਾ ਗਿਆ। ਜਿਨ੍ਹਾਂ ਵਿੱਚੋਂ 4 ਨਵੇਂ ਸਕੈਨ ਸੈਂਟਰਾਂ ਦੀ ਰਜਿਸਟ੍ਰੇਸ਼ਨ ਨੂੰ ਦਸਤਾਵੇਜ ਵਾਚਣ ਉਪਰੰਤ ਮਨਜੂਰੀ ਦੇ ਦਿੱਤੀ ਗਈ ਅਤੇ 3 ਸਕੈਨ ਸੈਂਟਰਾਂ ਵੱਲੋਂ ਰੀਨਿਊਲ ਲਈ ਪ੍ਰਾਪਤ ਪ੍ਰਤੀ ਬੇਨਤੀਆਂ ਵਿੱਚੋਂ ਦਸਤਾਵੇਜ ਵਾਚਣ ਉਪਰੰਤ 2 ਸਕੈਨ ਸੈਂਟਰਾਂ ਦੀ ਰੀਨਿਊਲ ਨੂੰ ਮਨਜੂਰੀ ਦਿੱਤੀ ਗਈ ਅਤੇ 1 ਸਕੈਨ ਸੈਂਟਰ ਦੀ ਪ੍ਰਤੀ ਬੇਨਤੀ ਦਸਤਾਵੇਜ਼ ਪੂਰੇ ਨਾ ਹੋਣ ‘ਤੇ ਵਿਚਾਰਾਧੀਨ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਹੋਈ ਜਿਲ੍ਹਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਦੌਰਾਨ 4 ਨਵੇਂ ਸਕੈਨ ਸੈਂਟਰਾਂ ਵੱਲੋਂ ਰਜਿਸਟ੍ਰੇਸ਼ਨ ਅਤੇ 3 ਸਕੈਨ ਸੈਂਟਰਾਂ ਵੱਲੋਂ ਰੀਨਿਉਲ ਲਈ ਪ੍ਰਾਪਤ ਪ੍ਰਤੀ ਬੇਨਤੀਆਂ ਉੱਤੇ ਆਧਾਰਿਤ ਏਜੰਡਿਆਂ ਅਤੇ ਦਸਤਾਵੇਜਾਂ ਦੀ ਪੜਚੋਲ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਨ੍ਹਾਂ ਦੀ ਪ੍ਰਤੀ ਬੇਨਤੀਆਂ ਦੀ ਮਨਜੂਰੀ ਲਈ ਸਿਫਾਰਸ਼ ਕੀਤੀ ਗਈ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਸਿਹਤ ਵਿਭਾਗ ਜਿਲ੍ਹੇ ਵਿੱਚ ਪੀ.ਸੀ.-ਪੀ.ਐਨ.ਡੀ. ਟੀ. ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਲਿੰਗ ਅਨੁਪਾਤ ‘ਚ ਸੁਧਾਰ ਲਈ ਨਿਰੰਤਰ ਯਤਨਸ਼ੀਲ ਹੈ। ਜਿਲ੍ਹੇ ਵਿੱਚ ਪੀ.ਸੀ.-ਪੀ.ਐੱਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਿਹਤ ਵਿਭਾਗ ਦੀ ਪੈਨੀ ਨਜ਼ਰ ਹੈ ਅਤੇ ਜ਼ਿਲ੍ਹੇ ਵਿਚ ਲਗਾਤਾਰ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਚੈੱਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ/ਕਰਨਾ ਗੈਰਕਾਨੂੰਨੀ ਹੈ ਅਤੇ ਇਸ ਜ਼ੁਰਮ ਵਿੱਚ ਪਾਏ ਗਏ ਦੋਸ਼ੀਆਂ ਖਿਲਾਫ ਪੀ.ਸੀ. – ਪੀ.ਐੇਨ.ਡੀ.ਟੀ. ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਸਹਾਇਕ ਜਿਲ੍ਹਾ ਅਟਾਰਨੀ ਗਗਨਦੀਪ, ਪਰਵੀਨ ਅਬਰੋਲ ਸੋਸ਼ਲ ਵਰਕਰ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਅਭਿਨਵਰ ਸ਼ੂਰ, ਰਮਨਪ੍ਰੀਤ, ਸ਼ਾਂਤ ਕੁਮਾਰ ਗੁਪਤਾ ਐਨ.ਜੀ.ਓ. ਹੈਮਕੋ ਚੈਰੀਟੇਬਲ ਟ੍ਰਸਟ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਪੀ.ਸੀ.-ਪੀ.ਐਨ.ਡੀ.ਟੀ. ਕੋਆਰਡੀਨੇਟਰ ਦੀਪਕ ਬਪੋਰਿਆ ਮੌਜੂਦ ਸਨ।