ਜਲੰਧਰ, 17 ਮਾਰਚ : ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. ਐਮ.ਐਫ.ਫਾਰੂਕੀ ਨੇ ਅੱਜ ਇਥੇ ਕਿਹਾ ਕਿ ਆਮ ਲੋਕਾਂ ਨੂੰ ਪੁਲਿਸ ਨਾਲ ਸਬੰਧਿਤ ਮਾਮਲਿਆਂ ਵਿੱਚ ਸ਼ਿਕਾਇਤਾਂ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤਾ ਗਿਆ ਆਨਲਾਈਨ ਪੋਰਟਲ www.pgd.punjabpolice.gov.in ਪੂਰੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਜਿਥੇ ਲੋਕ ਪੁਲਿਸ ਜਾਂਚ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਪੀ.ਏ.ਪੀ.ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਜੀ.ਪੀ. ਲੋਕ ਸ਼ਿਕਾਇਤ ਡਵੀਜ਼ਨ ਐਮ.ਐਫ.ਫਾਰੂਕੀ ਨੇ ਕਿਹਾ ਕਿ ਆਨਲਾਈਨ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਉਣ ਉਪਰੰਤ ਸ਼ਿਕਾਇਤਕਰਤਾ ਦੇ ਮੋਬਾਇਲ ਨੰਬਰ ’ਤੇ ਤੁਰੰਤ ਇਕ ਮੈਸੇਜ ਜਾਵੇਗਾ ਜੋ ਸ਼ਿਕਾਇਤ ਦੀ ਵਿਲੱਖਣ ਆਈ.ਡੀ. ਪ੍ਰਦਾਨ ਕਰੇਗਾ ਜਿਸ ਰਾਹੀਂ ਸ਼ਿਕਾਇਤਕਰਤਾ ਕਾਰਵਾਈ ਦੀ ਪ੍ਰਗਤੀ ਨੂੰ ਚੈਕ ਕਰ ਸਕਣਗੇ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਹਨ ਕਿ ਪੁਲਿਸ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਇਸ ਪੋਰਟਲ ’ਤੇ ਹੀ ਅਪਲੋਡ ਕੀਤੀਆਂ ਜਾਣ ਅਤੇ ਲੋਕ ਪੋਰਟਲ ਵਲੋਂ ਜਾਰੀ ਯੂਨੀਕ ਨੰਬਰ ਦੀ ਜਾਣਕਾਰੀ ਜਰੂਰ ਰੱਖਣ। ਉਨ੍ਹਾਂ ਕਿਹਾ ਕਿ ਯੂਨੀਕ ਨੰਬਰ ਜਾਰੀ ਨਾ ਹੋਣ ’ਤੇ ਸਮਝਿਆ ਜਾਵੇ ਕਿ ਸ਼ਿਕਾਇਤ ਅਪਲੋਡ ਨਹੀਂ ਹੋਈ।

ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਨੇ ਦੱਸਿਆ ਕਿ ਪੋਰਟਲ ’ਤੇ ਕੀਤੀਆਂ ਸ਼ਿਕਾਇਤਾਂ ਦੀ ਨਿਗਰਾਨੀ ਸ਼ਿਕਾਇਤ ਨਿਵਾਰਣ ਡਵੀਜ਼ਨ ਦੇ ਇਕ ਸਮਰਪਿਤ ਸੈਲ ਵਲੋਂ ਕੀਤੀ ਜਾਂਦੀ ਹੈ ਜਿਥੇ ਲੋਕ ਸ਼ਿਕਾਇਤ ਦੇ ਨਾਲ-ਨਾਲ ਫੋਟੋਆਂ, ਆਡੀਓ ਅਤੇ ਵੀਡੀਓ ਕਲਿੱਪਾਂ ਵਰਗੇ ਸਬੂਤ ਅਪਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪੋਰਟਲ ਸ਼ਿਕਾਇਤਕਰਤਾ ਨੂੰ ਇਕ ਪੱਕਾ ਖਾਤਾ ਪ੍ਰਦਾਨ ਕਰਦਾ ਹੈ ਜਿਸ ਵਿੱਚ ਉਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਮੌਜੂਦ ਰਹਿੰਦੀਆਂ ਹਨ ਤਾਂ ਜੋ ਭਵਿੱਖ ਵਿੱਚ ਵੀ ਲੋਕ ਆਪਣੀਆਂ ਪੁਰਾਣੀਆਂ ਸ਼ਿਕਾਇਤਾਂ ਨੂੰ ਦੇਖ ਸਕਣ।

ਲੋਕਾਂ ਨੂੰ ਆਨਲਾਈਨ ਪੋਰਟਲ ਦੀ ਸਹੂਲਤ ਦਾ ਲਾਭ ਲੈਣ ਦੀ ਪੁਰਜ਼ੋਰ ਅਪੀਲ ਕਰਦਿਆਂ ਲੋਕ ਸ਼ਿਕਾਇਤ ਡਵੀਜ਼ਨ ਦੇ ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਨੇ ਕਿਹਾ ਕਿ ਲੋਕਾਂ ਦੀ ਪੋਰਟਲ ’ਤੇ ਪਹੁੰਚ ਪੁਲਿਸ ਪ੍ਰਸ਼ਾਸਨ ਨੂੰ ਹੋਰ ਜਵਾਬਦੇਹ ਬਣਾਉਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਪੁਲਿਸ ਥਾਣਿਆਂ ਦੇ ਅਧਿਕਾਰੀਆਂ ਦੀ ਡਿਊਟੀ ਦੌਰਾਨ ਅਸਫ਼ਲ ਰਹਿਣ ’ਤੇ ਜਿੰਮੇਵਾਰੀ ਵੀ ਤੈਅ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਨਿਵਾਰਣ ਡਵੀਜ਼ਨ ਵਿੰਗ ਦਾ ਇਕ ਡੈਸਕ ਸ਼ਿਕਾਇਤਕਰਤਾ ਤੋਂ ਫੋਨ ਰਾਹੀਂ ਜਾਣਕਾਰੀ ਹਾਸਿਲ ਕਰਦਾ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਦਾ ਨਿਪਟਾਰਾ ਸਹੀ ਢੰਗ ਨਾਲ ਕੀਤਾ ਗਿਆ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਜੇਕਰ ਪੁਲਿਸ ਅਧਿਕਾਰੀਆਂ ਦੀ ਜਾਣ-ਬੁੱਝ ਕੇ ਕੁਤਾਹੀ ਪਾਈ ਜਾਂਦੀ ਹੈ ਤਾਂ ਅਨੁਸ਼ਾਸਨੀ ਕਾਰਵਾਈ ਦੀ ਸ਼ਿਫਾਰਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਖੁਦ ਵੱਖ-ਵੱਖ ਰੇਂਜਾਂ ਅਤੇ ਕਮਿਸ਼ਨਰੇਟ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੜਤਾਲਾਂ ਦੀ ਤਫਤੀਸ਼ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ ਜਿਸ ਤਹਿਤ ਫਿਰੋਜ਼ਪੁਰ ਅਤੇ ਪਟਿਆਲਾ ਰੇਂਜ ਦੇ ਡੀ.ਆਈ.ਜੀ. ਤੇ ਉਨ੍ਹਾਂ ਦੇ ਅਧੀਨ ਆਉਂਦੇ ਐਸ.ਐਸ.ਪੀਜ਼ ਨਾਲ ਮੀਟਿੰਗ ਕੀਤੀਆਂ ਗਈਆਂ ।

ਪੋਰਟਲ ’ਤੇ ਆਈਆਂ ਹੁਣ ਤੱਕ ਦੀਆਂ ਸ਼ਿਕਾਇਤਾਂ ਸਬੰਧੀ ਐਮ.ਐਫ.ਫਾਰੂਕੀ ਨੇ ਦੱਸਿਆ ਕਿ ਕੁੱਲ 129469 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 46476 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੀ.ਜੀ.ਡੀ. ਵਿੰਗ ਵਲੋਂ ਦੋ ਡੀ.ਐਸ.ਪੀਜ਼ ਨੂੰ ਕਾਰਨ ਦਸੋ ਨੋਟਿਸ, 6 ਥਾਣਾ ਮੁਖੀਆਂ ਅਤੇ ਤਿੰਨ ਪੀ.ਸੀ. ਵਿਰੁੱਧ ਡਿਊਟੀ ਵਿੱਚ ਕੁਤਾਹੀ ਕਰਨ ਲਈ ਵਿਭਾਗੀ ਜਾਂਚ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਾਮਲਿਆਂ ਵਿੱਚ ਕੁਤਾਹੀ ਪਾਈ ਗਈ ਹੈ ਪੀ.ਜੀ.ਡੀ. ਵਿੰਗ ਵਲੋਂ ਸਬੰਧਿਤ ਅਧਿਕਾਰੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਭਾਵੇਂ ਉਹ ਕਿਸੇ ਵੀ ਰੈਂਕ ਦੇ ਹੋਣ। ਉਨ੍ਹਾਂ ਪੁਲਿਸ ਥਾਣਿਆਂ ਤੱਕ ਦੇ ਸਾਰੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਜਨਤਕ ਸ਼ਿਕਾਇਤਾਂ ’ਤੇ ਤੁਰੰਤ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਂਦਿਆਂ ਬਿਨਾਂ ਦੇਰੀ ਨਿਪਟਾਰਾ ਕਰਨ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।