ਕਰਤਾਰਪੁਰ,21 ਮਈ,
-ਸੰਗਰੂਰ ਸਥਿਤ ਬੀੜ ਐਸਵਾਨ ਦੀ 927 ਏਕੜ ਜ਼ਮੀਨ ਚ ਬੇਗ਼ਮਪੁਰਾ ਵਸਾਉਣ ਤੋਂ ਰੋਕਣ ਲਈ 20 ਮਈ ਨੂੰ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਦੀ ਪਤਨੀ,ਛੋਟੀ ਬੱਚੀ,ਜਨਰਲ ਸਕੱਤਰ ਗੁਰਵਿੰਦਰ ਸਿੰਘ ਬੋੜਾਂ ਦੀ ਪਤਨੀ ਸਮੇਤ ਸੈਂਕੜੇ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਅਤੇ ਜ਼ਿਲ੍ਹਾ ਜਲੰਧਰ ਹੰਸ ਰਾਜ ਪੱਬਵਾਂ ਨੂੰ ਗ੍ਰਿਫ਼ਤਾਰ ਕਰਨ ਦੇ ਤਿੱਖੇ ਵਿਰੋਧ ਵਜੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਸੱਦੇ ਤਹਿਤ ਇਲਾਕਾ ਕਮੇਟੀ ਵਲੋਂ ਅੱਜ ਪਿੰਡ ਘੁੱਗਸ਼ੋਰ, ਬੱਖੂਨੰਗਲ, ਕਾਲਾਖੇੜਾ ਅਤੇ ਧੀਰਪੁਰ ਵਿਖੇ ਪੇਂਡੂ ਮਜ਼ਦੂਰਾਂ ਨੇ ਪ੍ਰਦਰਸ਼ਨ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਸਾੜ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਤਹਿਸੀਲ ਪ੍ਰਧਾਨ ਕੇ ਐੱਸ ਅਟਵਾਲ ਨੇ ਸੰਬੋਧਨ ਕਰਦਿਆਂ ਭਗਵੰਤ ਮਾਨ ਸਰਕਾਰ ਦੇ ਬੇਜ਼ਮੀਨੇ ਦਲਿਤ ਮਜ਼ਦੂਰ ਤੇ ਕਿਸਾਨ ਵਿਰੋਧੀ ਅਤੇ ਪੇਂਡੂ ਧਨਾਢਾਂ ਤੇ ਕਾਰਪੋਰੇਟ ਘਰਾਣਿਆਂ ਪੱਖੀ ਚਿਹਰੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਬੇਪਰਦ ਕੀਤਾ।
ਉਨ੍ਹਾਂ ਦਲਿਤ ਮਜ਼ਦੂਰਾਂ ਉੱਪਰ ਜ਼ਬਰ ਦੀ ਨਿੰਦਾ ਕਰਦਿਆਂ ਕਿਹਾ ਝੂਠੇ ਕੇਸ, ਜੇਲ੍ਹਾ ਬੇਜ਼ਮੀਨੇ ਦਲਿਤ ਮਜ਼ਦੂਰਾਂ ਨੂੰ ਬੀੜ ਐਸਵਾਨ ਦੀ 927 ਏਕੜ ਜ਼ਮੀਨ ਚ ਬੇਗ਼ਮਪੁਰਾ ਵਸਾਉਣ ਤੋਂ ਰੋਕ ਨਹੀਂ ਸਕਣਗੀਆਂ। ਇਸ ਮੌਕੇ ਉਨ੍ਹਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਡੱਟਵੀਂ ਹਮਾਇਤ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਬੇਜ਼ਮੀਨੇ ਮਜ਼ਦੂਰ ਖੇਤੀ ਖੇਤਰ ਦੀ ਰੀੜ੍ਹ ਦੀ ਹੱਡੀ ਹਨ ਪਰ ਉਹਨਾਂ ਕੋਲ ਆਪਣੀ ਜ਼ਮੀਨ ਨਹੀਂ ਹੈ । ਸਦੀਆਂ ਪਹਿਲਾਂ ਮੰਨੂ ਵਾਦੀਆਂ ਨੇ ਜਾਤਪਾਤੀ ਵਿਵਸਥਾ ਕਾਰਨ ਇਹਨਾਂ ਦਲਿਤ ਲੋਕਾਂ ਨੂੰ ਜ਼ਮੀਨ ਤੋਂ ਵਾਂਝੇ ਰੱਖਿਆ ਸੀ। ਉਨ੍ਹਾਂ ਕਿਹਾ ਆਜ਼ਾਦੀ ਦੇ 77 ਬੀਤਣ ਤੋਂ ਬਾਅਦ ਵੀ ਮਜ਼ਦੂਰਾਂ ਕੋਲ ਆਪਣੀ ਜ਼ਮੀਨ ਨਹੀਂ ਹੈ, ਰਹਿਣ ਲਈ ਯੋਗ ਘਰ ਨਹੀਂ। ਜਿਸ ਕਰਕੇ ਸਮਾਜ ਅੰਦਰ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ, ਉਹ ਬੇਰੁਜ਼ਗਾਰ ਹਨ, ਕਰਜ਼ੇ ਹੇਠ ਦੱਬੇ ਹੋਏ ਹਨ ਅਤੇ ਸਮਾਜਿਕ ਜ਼ਬਰ ਦਾ ਸ਼ਿਕਾਰ ਹਨ ਪ੍ਰੰਤੂ ਸਰਕਾਰਾਂ ਲਗਾਤਾਰ ਉਹਨਾਂ ਦੀ ਅਣਦੇਖੀ ਕਰ ਰਹੀਆਂ ਹਨ ਤੇ ਪੇਂਡੂ ਧਨਾਢ ਉਹਨਾਂ ਦੀਆਂ ਜਾਤਾਂ ਪਰਖਦੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਹੱਦਬੰਦੀ ਕਾਨੂੰਨ ਪਹਿਲੀਆਂ ਸਰਕਾਰਾਂ ਵਾਂਗ ਭਗਵੰਤ ਮਾਨ ਸਰਕਾਰ ਵੀ ਲਾਗੂ ਕਰਨ ਲਈ ਤਿਆਰ ਨਹੀਂ। ਜਦੋਂ ਵੀ ਮਜ਼ਦੂਰ ਆਪਣੇ ਹਿੱਸੇ ਦੀ ਜ਼ਮੀਨ ਦੀ ਮੰਗ ਕਰਦੇ ਹਨ ਤਾਂ ਪੇਂਡੂ ਧਨਾਢਾਂ, ਜਾਗੀਰਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿਚ ਖੜਕੇ ਪੁਲਿਸ ਅਤੇ ਸਰਕਾਰਾਂ ਮਜ਼ਦੂਰ ਲਹਿਰ ‘ਤੇ ਝੱਪਟਦੀਆਂ ਹਨ।
ਉਨਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਸਾਰੇ ਸਾਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਬੀੜ ਐਸਵਾਨ ਦੀ 927 ਏਕੜ ਜ਼ਮੀਨ ਦਾ ਹੱਕ ਬੇਜ਼ਮੀਨੇ ਮਜ਼ਦੂਰਾਂ, ਕਿਸਾਨਾਂ ਨੂੰ ਦਿੱਤਾ ਜਾਵੇ ਅਤੇ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਨੂੰ ਵੰਡੀਆਂ ਜਾਣ, ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਤੇ ਮਕਾਨ ਉਸਾਰੀ ਲਈ ਗ੍ਰਾਂਟ ਦਿੱਤੀ ਜਾਵੇ।
ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾਈ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਅਤੇ ਯੂਨੀਅਨ ਦੇ ਤਹਿਸੀਲ ਸਕੱਤਰ ਸਰਬਜੀਤ ਕੌਰ ਕੁੱਦੋਵਾਲ, ਤਹਿਸੀਲ ਆਗੂ ਪਰਮਜੀਤ ਕੌਰ ਮੀਕੋ, ਬਲਵਿੰਦਰ ਕੌਰ ਘੁੱਗ, ਬਲਬੀਰ ਸਿੰਘ ਧੀਰਪੁਰ ਤੇ ਬਲਵਿੰਦਰ ਕੌਰ ਦਿਆਲਪੁਰ ਆਦਿ ਨੇ ਵੀ ਸੰਬੋਧਨ ਕੀਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।